ਰਜਿੰਦਰ ਮੋਹਨ ਸਿੰਘ ਛੀਨਾ ਨੇ ਬਜਟ ਦੀ ਕੀਤੀ ਤਾਰੀਫ਼, ਦੱਸੀਆਂ ਇਹ ਖਾਸ ਗੱਲਾਂ
ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰੀ ਬਜਟ ਨੂੰ ਵਿਕਾਸਮੁਖੀ ਕਰਾਰ ਦਿੰਦਿਆਂ ਕਿਹਾ ਕਿ ਬਜਟ ਦੇਸ਼ ’ਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਵਿਕਾਸ ਨੂੰ ਪ੍ਰਭਾਵਸ਼ਾਲੀ ਹੁਲਾਰਾ ਦੇਵੇਗਾ।
By : Dr. Pardeep singh
ਅੰਮ੍ਰਿਤਸਰ: ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰੀ ਬਜਟ ਨੂੰ ਵਿਕਾਸਮੁਖੀ ਕਰਾਰ ਦਿੰਦਿਆਂ ਕਿਹਾ ਕਿ ਬਜਟ ਦੇਸ਼ ’ਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਵਿਕਾਸ ਨੂੰ ਪ੍ਰਭਾਵਸ਼ਾਲੀ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਬਜਟ ’ਚ ਹਰੇਕ ਵਰਗ ਦਾ ਧਿਆਨ ਰੱਖਦਿਆਂ ਹੋਇਆ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਲਈ ਵੱਡੇ ਐਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੇ ਵਿਕਾਸ ਲਈ ਫਸਲੀ ਵਿਭਿੰਨਤਾ ਅਤੇ ਫਸਲਾਂ ਦੀ ਡਿਜੀਟਲ ਮੈਪਿੰਗ ’ਤੇ ਧਿਆਨ ਕੇਂਦਰਿਤ ਕਰਕੇ ਉਨਤ ਖੇਤੀ ਨੂੰ ਪ੍ਰਤੱਖ ਰੂਪ ’ਚ ਉਜਾਗਰ ਕੀਤਾ ਗਿਆ ਹੈ।
ਛੀਨਾ ਨੇ ਕਿਹਾ ਕਿ ਬਜਟ ਸਿਹਤ ਸੇਵਾਵਾਂ, ਸਿੱਖਿਆ ਅਤੇ ਰੱਖਿਆ ਸਮੇਤ ਹੋਰ ਖੇਤਰਾਂ ਲਈ ਵੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਮੱਧ ਵਰਗ ਅਤੇ ਕਰਮਚਾਰੀਆਂ ਲਈ ਖੁਸ਼ੀ ਗੱਲ ਹੈ ਕਿ ਆਮਦਨ ਕਰ ਸਲੈਬਾਂ ’ਚ ਵੱਡਾ ਬਦਲਾਅ ਕਰਕੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ ਹੈ। ਵਿਦਿਅਕ ਪ੍ਰਸਾਰ ਸਬੰਧੀ ਪ੍ਰੋਜੈਕਟ ਅਤੇ ਹੁਨਰ ਵਿਕਾਸ ਦੀਆਂ ਯੋਜਨਾਵਾਂ ਦਾ ਐਲਾਨ ਨੌਜਵਾਨਾਂ ਦੇ ਹਿੱਤ ’ਚ ਹੈ ਅਤੇ ਇਸ ਨਾਲ ਰੋਜਗਾਰ ਦੇ ਸਾਧਨ ਪ੍ਰਾਪਤ ਹੋਣਗੇ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਦੂਰਅੰਦੇਸ਼ੀ ਦੇ ਧਾਰਨੀ ਦੱਸਦਿਆਂ ਕਿਹਾ ਕਿ 2024 ਦਾ ਇਹ ਬਜਟ ਦੇਸ਼ ਦੇ ਆਰਥਿਕ ਵਿਕਾਸ ਅਤੇ ਆਮ ਲੋਕਾਂ ਦੀ ਭਲਾਈ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਦਰਸਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ‘ਵਿਕਸ਼ਿਤ ਭਾਰਤ ਪ੍ਰੋਗਰਾਮ’ ਤੇ ‘ਨਾਰੀ ਸ਼ਕਤੀ’ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ’ਚ ਗ਼ਰੀਬ ਪੱਖੀ ਨੀਤੀਆਂ, ਆਈ.ਟੀ ਸੈਕਟਰ, ਡਿਜੀਟਲ ਸੇਵਾਵਾਂ ਅਤੇ ਉਦਯੋਗਾਂ ਤੇ ਖਾਸ ਕਰਕੇ ਲਘੂ ਸਨਅੱਤਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਈਟੀ ਸੈਕਟਰ ’ਚ ਇੰਟਰਨਸ਼ਿਪ ਅਤੇ ਸਿਖਲਾਈ ਲਈ ਬਹੁਤ ਵੱਡੇ ਐਲਾਨ ਕੀਤੇ ਗਏ ਹਨ।
ਛੀਨਾ ਨੇ ਦਰਮਿਆਨੇ ਅਤੇ ਛੋਟੀਆਂ ਉਦਯੋਗਿਕ ਇਕਾਂਈਆਂ ਲਈ ਰਾਹਤਾਂ ਦੇ ਐਲਾਨ ਦੀ ਵੀ ਸ਼ਲਾਘਾ ਕੀਤੀ, ਕਿਉਂਕਿ ਇਸ ਨਾਲ ਰੁਜ਼ਗਾਰ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਬਜਟ ’ਚ ਰੇਲ ਨੈੱਟਵਰਕ ਨੂੰ ਮਜ਼ਬੂਤ, ਮੁਫਤ ਸੂਰਜੀ ਊਰਜਾ, ਗਰੀਬ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਆਵਾਸ ਯੋਜਨਾਵਾਂ ਨੂੰ ਜਾਰੀ ਰੱਖਣ ਦਾ ਫ਼ੈਸਲਾ ਵੀ ਸ਼ਲਾਘਾਯੋਗ ਹੈ।