ਇਟਲੀ ’ਚ ਬੱਚੇ ਨੂੰ ਬਚਾਉਂਦੇ ਪੰਜਾਬੀ ਮੁੰਡੇ ਦੀ ਡੁੱਬਣ ਨਾਲ ਮੌਤ
ਵਿਦੇਸ਼ਾਂ ਤੋਂ ਭਾਰਤੀ ਨੌਜਵਾਨਾਂ ਦੀਆਂ ਹਾਦਸੇ ਦੌਰਾਨ ਮੌਤਾਂ ਹੋਣ ਦਾ ਮੰਦਭਾਗਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਘਟਨਾ ਇਟਲੀ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਣ ਦੇ ਚੱਕਰ ਵਿਚ ਹਰਿਆਣਾ ਦੇ ਨੌਜਵਾਨ ਤਰਨਦੀਪ ਸਿੰਘ ਦੀ ਜਾਨ ਚਲੇ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।
By : Makhan shah
ਯਮੁਨਾਨਗਰ : ਵਿਦੇਸ਼ਾਂ ਤੋਂ ਭਾਰਤੀ ਨੌਜਵਾਨਾਂ ਦੀਆਂ ਹਾਦਸੇ ਦੌਰਾਨ ਮੌਤਾਂ ਹੋਣ ਦਾ ਮੰਦਭਾਗਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਘਟਨਾ ਇਟਲੀ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਣ ਦੇ ਚੱਕਰ ਵਿਚ ਹਰਿਆਣਾ ਦੇ ਨੌਜਵਾਨ ਤਰਨਦੀਪ ਸਿੰਘ ਦੀ ਜਾਨ ਚਲੇ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਤਰਨਦੀਪ ਜੋ ਕਿ ਆਪਣੇ ਦੋਸਤਾਂ ਨਾਲ ਰੀਵਾ ਦੇਲ ਗਾਰਦਾ ਵਿਖੇ ਘੁੰਮਣ ਲਈ ਗਿਆ ਸੀ, ਉੱਥੇ ਪਾਣੀ ਵਿੱਚ ਡੁੱਬ ਰਹੇ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਂਦਿਆ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠਾ। ਉਸ ਦੇ ਸਾਥੀ ਨੌਜਵਾਨ ਹਰਮਨ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਨੂੰ ਪੰਜ ਦੋਸਤ ਰੀਵਾ ਦੇਲ ਗਾਰਦਾ ਝੀਲ ’ਤੇ ਘੁੰਮਣ ਗਏ ਸਨ। ਸ਼ਾਮ ਨੂੰ ਕਰੀਬ 5 ਵਜੇ ਇੱਕ ਜਰਮਨੀ ਮੂਲ ਦੇ ਬੱਚੇ ਨੂੰ ਡੁੱਬਣ ਤੋਂ ਬਚਾਉਣ ਲਈ ਝੀਲ ਵਿੱਚ ਛਾਲ ਮਾਰ ਦਿੱਤੀ ਪਰ ਬੱਚੇ ਨੂੰ ਬਚਾਉਣ ਦੇ ਚੱਕਰ ਵਿਚ ਤਰਨਦੀਪ ਖ਼ੁਦ ਹੀ ਪਾਣੀ ਵਿਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ ਜਦਕਿ ਬੱਚੇ ਨੂੰ ਬਚਾਅ ਲਿਆ ਗਿਆ।
ਮੌਕੇ ’ਤੇ ਪਹੁੰਚੀ ਪ੍ਰਸ਼ਾਸ਼ਨ ਦੀ ਟੀਮ ਨੇ ਤਰਨਦੀਪ ਸਿੰਘ ਨੂੰ ਬਾਹਰ ਕੱਢਿਆ, ਜਿੱਥੇ ਉਹ ਮ੍ਰਿਤਕ ਪਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਤਰਨਦੀਪ ਸਿੰਘ ਜਿਸ ਬੱਚੇ ਨੂੰ ਬਚਾਉਣ ਲਈ ਝੀਲ ਵਿਚ ਕੁੱਦਿਆ ਸੀ, ਉਸ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ।
ਜਾਣਕਾਰੀ ਅਨੁਸਾਰ 26 ਸਾਲਾਂ ਦਾ ਤਰਨਦੀਪ ਸਿੰਘ ਇਟਲੀ ਦੇ ਚੀਗੋਲੇ ਵਿਖੇ ਰਹਿੰਦਾ ਸੀ ਅਤੇ ਪਿੱਛੋਂ ਯਮੁਨਾਨਗਰ (ਹਰਿਆਣਾ) ਨਾਲ ਸੰਬੰਧਤ ਹੈ। ਤਰਨਦੀਪ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਭਾਰਤ ਤੋਂ ਇਟਲੀ ਗਿਆ ਸੀ, ਜਿੱਥੇ ਉਹ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ। ਤਰਨਦੀਪ ਸਿੰਘ ਦੇ ਸਾਥੀ ਸਤਨਾਮ ਸਿੰਘ ਨੇ ਦੱਸਿਆ ਕਿ ਤਰਨਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ। ਤਰਨਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।