Amritsar News: ਅੰਮ੍ਰਿਤਸਰ ਦੇ ਡਾਕਘਰ ਵਿੱਚ ਕਰਮਚਾਰੀ ਨੂੰ ਨਹੀਂ ਬੋਲਣੀ ਆਈ ਪੰਜਾਬੀ, ਹੋ ਗਿਆ ਟਰਾਂਸਫਰ
ਵੀਡਿਓ ਰੱਜ ਕੇ ਹੋ ਰਿਹਾ ਵਾਇਰਲ

By : Annie Khokhar
Amritsar Post Office Viral Video: ਮਰਾਠੀ ਭਾਸ਼ਾ ਵਿਵਾਦ ਹੁਣ ਵੱਖ ਵੱਖ ਸੂਬਿਆਂ ਤੋਂ ਤੁਰਦਾ ਹੋਇਆ ਪੰਜਾਬ ਆ ਪਹੁੰਚਿਆ ਹੈ। ਇੱਥੇ ਅੰਮ੍ਰਿਤਸਰ ਦੇ ਰਿਆਲਟੋ ਚੌਕ ਡਾਕਘਰ ਦੇ ਇੱਕ ਡਾਕ ਸਹਾਇਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਕਰਮਚਾਰੀ ਨੂੰ ਪੰਜਾਬੀ ਨਾ ਤਾਂ ਬੋਲਣੀ ਆਉਂਦੀ ਸੀ ਤੇ ਨਾ ਪੜ੍ਹਨੀ। ਇਸੇ ਦੀ ਕਿਸੇ ਦੂਜੇ ਕਰਮਚਾਰੀ ਨੇ ਵੀਡਿਓ ਬਣਾ ਦਿੱਤੀ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਹੁਣ ਇਸ ਵੀਡਿਓ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਕਰਵਾਈ ਕੀਤੀ ਗਈ ਹੈ। ਅੰਮ੍ਰਿਤਸਰ ਡਾਕ ਵਿਭਾਗ ਦੇ ਸੁਪਰਡੈਂਟ ਪ੍ਰਵੀਨ ਪ੍ਰਸੂਨ ਨੇ ਡਾਕ ਸਹਾਇਕ ਵਿਸ਼ਾਲ ਸਿੰਘ ਦਾ ਤਬਾਦਲਾ ਕਿਸੇ ਹੋਰ ਵਿਭਾਗ ਵਿੱਚ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਡਾਕਘਰ ਦੇ ਜ਼ਿਆਦਾਤਰ ਕਰਮਚਾਰੀ ਦੂਜੇ ਸੂਬਿਆਂ ਤੋਂ ਆਉਂਦੇ ਹਨ ਅਤੇ ਹਿੰਦੀ ਅਤੇ ਅੰਗਰੇਜ਼ੀ ਟੈਸਟ ਦੇਣ ਤੋਂ ਬਾਅਦ ਚੁਣੇ ਜਾਂਦੇ ਹਨ। ਵਿਸ਼ਾਲ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਚਾਰ ਸਾਲਾਂ ਤੋਂ ਅੰਮ੍ਰਿਤਸਰ ਡਾਕਘਰ ਵਿੱਚ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਇੱਕ ਸਰਕਾਰੀ ਕਰਮਚਾਰੀ ਦੀ ਵੀਡੀਓ ਵਾਇਰਲ ਕਰਨਾ ਗਲਤ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੁਪਰਡੈਂਟ ਪ੍ਰਵੀਨ ਪ੍ਰਸੂਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਅਜਿਹੀ ਘਟਨਾ ਨੂੰ ਰੋਕਣ ਲਈ ਡਾਕਘਰ ਦੇ ਸਟਾਫ ਨੂੰ ਪੰਜਾਬੀ ਪੜ੍ਹਨ ਅਤੇ ਬੋਲਣ ਦੀ ਸਿਖਲਾਈ ਦਿੱਤੀ ਜਾਵੇਗੀ।


