Sidhu Moosewala: ਸਿੱਧੂ ਮੂਸੇਵਾਲੇ ਦੀ ਮਾਂ ਨੂੰ ਮਿਲਿਆ ਇਸਾਈ ਭਾਈਚਾਰਾ, ਪੁਤਲਾ ਸਾੜਨ 'ਤੇ ਮੰਗੀ ਮੁਆਫ਼ੀ
ਮਾਨਸਾ ਵਿੱਚ ਮੂਸੇਵਾਲਾ ਦੀ ਹਵੇਲੀ ਵਿੱਚ ਕੀਤੀ ਮੁਲਾਕਾਤ

By : Annie Khokhar
Punjab News: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਪੁਤਲੇ ਨੂੰ ਸਾੜਨ ਨੂੰ ਲੈ ਕੇ ਜਲੰਧਰ ਵਿੱਚ ਚੱਲ ਰਿਹਾ ਵਿਵਾਦ ਖਤਮ ਹੈ ਗਿਆ ਹੈ। ਈਸਾਈ ਭਾਈਚਾਰੇ ਨੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਤੋਂ ਰਸਮੀ ਤੌਰ 'ਤੇ ਮੁਆਫੀ ਮੰਗ ਲਈ ਹੈ। ਗਲੋਬਲ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਮਾਨਸਾ ਦੇ ਪਿੰਡ ਮੂਸਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਬਲਕੌਰ ਸਿੰਘ ਨਾਲ ਪੂਰੀ ਘਟਨਾ ਬਾਰੇ ਦੱਸਣ ਲਈ ਲੰਮੀ ਗੱਲਬਾਤ ਕੀਤੀ।
ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਸਪੱਸ਼ਟ ਕੀਤਾ ਕਿ 10 ਦਸੰਬਰ ਨੂੰ ਜਲੰਧਰ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਲਾਏ ਗਏ ਪੁਤਲਿਆਂ ਵਿੱਚੋਂ ਇੱਕ 'ਤੇ ਚਰਨ ਕੌਰ ਦੀ ਫੋਟੋ ਗਲਤੀ ਨਾਲ ਲਗਾ ਦਿੱਤੀ ਗਈ ਸੀ। ਇਹ ਵਿਰੋਧ ਪੰਜਾਬ ਬਚਾਓ ਮੋਰਚੇ ਦੇ ਤੇਜਸਵੀ ਮਿਨਹਾਸ ਅਤੇ ਭਾਨਾ ਸਿੱਧੂ ਦੇ ਖਿਲਾਫ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਗਲਤੀ ਦਾ ਪਤਾ ਲੱਗਿਆ, ਪੁਤਲਾ ਸਾੜਨ ਤੋਂ ਪਹਿਲਾਂ ਫੋਟੋ ਹਟਾ ਦਿੱਤੀ ਗਈ, ਪਰ ਗਲਤ ਖ਼ਬਰ ਫੈਲ ਗਈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ।
ਈਸਾਈ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਬੰਟੀ ਅਜਨਾਲਾ ਅਤੇ ਸੂਰਜ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਅਣਜਾਣੇ ਵਿੱਚ ਗਲਤੀ ਸੀ ਅਤੇ ਉਨ੍ਹਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਇਸ ਦੌਰਾਨ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੁਆਫ਼ੀ ਮੰਗ ਲਈ ਗਈ ਹੈ ਅਤੇ ਹੁਣ ਵਿਵਾਦ ਦਾ ਹੱਲ ਹੋ ਜਾਣਾ ਚਾਹੀਦਾ ਹੈ। ਦੋਵਾਂ ਧਿਰਾਂ ਨੇ ਮਾਮਲੇ ਨੂੰ ਦੋਸਤਾਨਾ ਢੰਗ ਨਾਲ ਸੁਲਝਾ ਲਿਆ ਹੈ, ਜਿਸ ਨਾਲ ਤਣਾਅਪੂਰਨ ਸਥਿਤੀ ਸ਼ਾਂਤ ਹੋ ਗਈ ਹੈ।


