Accident News: ਭਿਆਨਕ ਸੜਕ ਹਾਦਸੇ 'ਚ 4 ਮੌਤਾਂ, ਮੋਗਾ ਦੇ ਸ਼ਰਧਾਲੂਆਂ ਦੀ ਕਾਰ ਖੱਢ 'ਚ ਡਿੱਗੀ
ਚਾਮੁੰਡਾ ਮੰਦਰ ਦੇ ਦਰਸ਼ਨ ਕਰਕੇ ਪਰਤ ਰਹੇ ਸੀ ਘਰ

By : Annie Khokhar
Moga Accident News: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਸ਼ੁੱਕਰਵਾਰ ਸਵੇਰੇ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅੱਪ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਪੰਜਾਬ ਦੇ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ। 15 ਬੱਚਿਆਂ ਸਮੇਤ 23 ਯਾਤਰੀ ਜ਼ਖਮੀ ਹਨ। ਜ਼ਖਮੀਆਂ ਦਾ ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ, ਮੋਗਾ ਤੋਂ 29 ਸ਼ਰਧਾਲੂ ਕਾਂਗੜਾ ਦੇ ਚਾਮੁੰਡਾ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਸ਼ੁੱਕਰਵਾਰ ਸਵੇਰੇ 7:30 ਵਜੇ ਉਨ੍ਹਾਂ ਦੀ ਪਿਕਅੱਪ (PB03Q9646) ਜਾਦਰੰਗਲ ਨੇੜੇ ਡੂੰਘੀ ਖੱਡ ਵਿੱਚ ਡਿੱਗ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭੇਜ ਦਿੱਤਾ।
ਇੱਕ ਮਹਿਲਾ ਸ਼ਰਧਾਲੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰਾਂ ਦੀ ਟਾਂਡਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਇਹ ਹਾਦਸਾ ਚਾਮੁੰਡਾ-ਧਰਮਸ਼ਾਲਾ ਸੜਕ 'ਤੇ ਇੱਕੂ ਮੋੜ 'ਤੇ ਬੇਲੀ ਹੋਟਲ ਨੇੜੇ ਵਾਪਰਿਆ।
ਜਾਣਕਾਰੀ ਅਨੁਸਾਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ। 13 ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 10 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


