Punjab News: ਭਾਜਪਾ ਦਾ ਜਲਦ ਸਾਥ ਛੱਡਣਗੇ ਕੈਪਟਨ ਅਮਰਿੰਦਰ ਸਿੰਘ? ਇਸ ਬਿਆਨ ਨਾਲ ਭਖੀ ਸਿਆਸਤ
ਜਾਣੋ ਕੀ ਬੋਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ

By : Annie Khokhar
Captain Amrinder Singh: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ। ਉਹਨਾਂ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ, ਜਿਸਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ, ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦਾ ਸਾਥ ਛੱਡਣ ਦੇ ਸੰਕੇਤ ਦਿੱਤੇ ਹਨ। ਉਹਨਾਂ ਨੇ ਇਸ਼ਾਰਿਆਂ ਇਸ਼ਾਰਿਆਂ ਵਿੱਚ ਭਾਜਪਾ ਦੇ ਪ੍ਰਦਰਸ਼ਨ ਦੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਸੋਚ ਨੂੰ ਬਦਲਣ ਲਈ ਤਿਆਰ ਨਹੀਂ ਹੈ, ਜਦੋਂ ਕਿ ਕਾਂਗਰਸ ਪਾਰਟੀ ਵਧੇਰੇ ਲਚਕਦਾਰ ਅਤੇ ਸਲਾਹ ਗ੍ਰਹਿਣ ਕਰਨ ਵਾਲੀ ਪਾਰਟੀ ਹੈ। ਨਿਊਜ਼ ਏਜੰਸੀ ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਵਿੱਚ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਜਾਂਦੀ। ਪਾਰਟੀ ਦੇ ਸਾਰੇ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਇਸ ਗੱਲ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਹੈ ਕਿ ਕੀ ਸਾਬਕਾ ਮੁੱਖ ਮੰਤਰੀ ਭਾਜਪਾ ਛੱਡਣ ਵਾਲੇ ਹਨ। ਹਾਲਾਂਕਿ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ, ਉਸ ਤੋਂ ਉਹ ਅਜੇ ਵੀ ਦੁਖੀ ਹਨ। ਇਸ ਲਈ, ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
"ਜ਼ਮੀਨੀ ਪੱਧਰ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਜਾਂਦਾ"
ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਵਿੱਚ ਸਾਰੇ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ, "ਮੇਰੇ ਕੋਲ 60 ਸਾਲਾਂ ਦਾ ਰਾਜਨੀਤਿਕ ਤਜਰਬਾ ਹੈ, ਪਰ ਮੈਂ ਆਪਣੇ ਆਪ ਨੂੰ ਉਨ੍ਹਾਂ 'ਤੇ ਥੋਪ ਨਹੀਂ ਸਕਦਾ।" ਹਾਲਾਂਕਿ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਨਾਲ ਖਾਸ ਪਿਆਰ ਹੈ ਅਤੇ ਉਹ ਸੂਬੇ ਲਈ ਕੁਝ ਵੀ ਕਰਨਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜੇਕਰ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਉਂਦੀ ਹੈ।
ਦੇਖੋ ਪੂਰਾ ਇੰਟਰਵਿਊ
ਸਿੱਧੂ ਜੋੜੇ ਬਾਰੇ ਕਹੀ ਇਹ ਗੱਲ
ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨੂੰ ਅਸਥਿਰ ਦਿਮਾਗ ਵਾਲੀ ਮਹਿਲਾ ਕਿਹਾ। ਉਨ੍ਹਾਂ ਸਿੱਧੂ ਨੂੰ ਰਾਜਨੀਤੀ ਛੱਡਣ ਅਤੇ ਕ੍ਰਿਕਟ ਕੁਮੈਂਟਰੀ 'ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਕੈਬਿਨਟ ਵਿੱਚ ਮੰਤਰੀ ਸਨ। ਦੋ ਵਿਭਾਗ ਦਿੱਤੇ ਜਾਣ ਦੇ ਬਾਵਜੂਦ, ਉਹ ਸ਼ਿਕਾਇਤ ਹੀ ਕਰਦੇ ਰਹਿੰਦੇ ਸਨ। ਮੈਂ ਉਸਨੂੰ ਇੱਕ ਸ਼ਕਤੀਸ਼ਾਲੀ ਪੋਰਟਫੋਲੀਓ ਵੀ ਦਿੱਤਾ ਸੀ, ਫਿਰ ਵੀ ਉਸਨੇ ਅਸਤੀਫਾ ਦੇ ਦਿੱਤਾ ਅਤੇ ਕਦੇ ਵੀ ਜ਼ਿੰਮੇਵਾਰੀ ਨਹੀਂ ਲਈ। ਉਸਦੀਆਂ ਫਾਈਲਾਂ ਮਹੀਨਿਆਂ ਤੱਕ ਲਟਕਦੀਆਂ ਰਹੀਆਂ। ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਯੋਗ ਨਹੀਂ ਸੀ।


