8ਵੀਂ ਦੇ ਨਤੀਜੇ ’ਚ 100 ਫ਼ੀਸਦੀ ਅੰਕ ਲੈ ਕੇ ਹੁਸ਼ਿਆਰਪੁਰ ਦਾ ਪੁਨੀਤ ਵਰਮਾ ਅੱਵਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ’ਚ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਚੀਫ਼ ਖਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ ਦੇ ਵਿਦਿਆਰਥੀ ਪੁਨੀਤ ਵਰਮਾ ਪੁੱਤਰ ਅਸ਼ੋਕ ਵਰਮਾ ਵਾਸੀ ਮੁਹੱਲਾ ਗੋਕਲ ਨਗਰ ਨੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ।

ਹੁਸ਼ਿਆਰਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ’ਚ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਚੀਫ਼ ਖਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ ਦੇ ਵਿਦਿਆਰਥੀ ਪੁਨੀਤ ਵਰਮਾ ਪੁੱਤਰ ਅਸ਼ੋਕ ਵਰਮਾ ਵਾਸੀ ਮੁਹੱਲਾ ਗੋਕਲ ਨਗਰ ਨੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ।
ਨਤੀਜਾ ਆਉਣ ਤੋਂ ਬਾਅਦ ਇਹ ਖ਼ਬਰ ਸੁਣਦਿਆਂ ਹੀ ਕਿ ਪੁਨੀਤ ਵਰਮਾ ਪੰਜਾਬ ’ਚੋਂ ਪਹਿਲੇ ਨੰਬਰ ’ਤੇ ਆਇਆ ਹੈ, ਘਰ ’ਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪੁਨੀਤ ਵਰਮਾ ਦੇ ਪਿਤਾ ਸਿਵਲ ਇੰਜੀਨੀਅਰ ਅਸ਼ੋਕ ਵਰਮਾ ਤੇ ਮਾਤਾ ਨੀਤੂ ਵਰਮਾ ਨੇ ਕਿਹਾ ਕਿ ਇਹ ਸਭ ਕੁੱਝ ਪ੍ਰਮਾਤਮਾ ਦੀ ਮਿਹਰ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਨੀਤ ਸ਼ੁਰੂ ਤੋਂ ਹੀ ਇੱਕ ਹੋਣਹਾਰ ਬੱਚਾ ਰਿਹਾ ਹੈ, ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਮੱਲਾਂ ਮਾਰੀਆਂ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਪੁਨੀਤ ਵਰਮਾ ਦਾ ਵੱਖ-ਵੱਖ ਸੰਸਥਾਵਾਂ ਵੱਲੋਂ ਉਸਦੀਆਂ ਪ੍ਰਾਪਤੀਆਂ ਲਈ ਸਨਮਾਨ ਕੀਤਾ ਗਿਆ ਹੈ। ਆਪਣੀ ਇਸ ਪ੍ਰਾਪਤੀ ’ਤੇ ਗੱਲਬਾਤ ਕਰਦਿਆਂ ਵਿਦਿਆਰਥੀ ਪੁਨੀਤ ਵਰਮਾ ਨੇ ਕਿਹਾ ਕਿ ਇਹ ਸਭ ਕੁੱਝ ਉਸ ਦੇ ਮਾਤਾ-ਪਿਤਾ ਦੀ ਪ੍ਰੇਰਨਾ ਅਤੇ ਆਸ਼ੀਰਵਾਦ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਉਸ ਦੀ ਮਿਹਨਤ ਨੂੰ ਰੰਗ ਲੱਗਿਆ ਹੈ।
ਉਸ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਅਤੇ ਚੈੱਸ ਦੀ ਖੇਡ ਲਈ ਅਲੱਗ-ਅਲੱਗ ਸਮਾਂ ਸਾਰਣੀ ਬਣਾਈ ਹੋਈ ਸੀ ਜਿਸ ਅਨੁਸਾਰ ਉਹ ਮਿਹਨਤ ਕਰਦਾ ਸੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਸਕੂਲ ਨੂੰ ਵਿਦਿਆਰਥੀ ਪੁਨੀਤ ਵਰਮਾ ਦੀ ਇਸ ਪ੍ਰਾਪਤੀ ’ਤੇ ਬੇਹੱਦ ਮਾਣ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸ਼ੁਰੂ ਤੋਂ ਹੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਵਾਲਾ ਹੈ ਅਤੇ ਉਸ ਨੂੰ ਇਸ ਤੋਂ ਪਹਿਲਾਂ ਵੀ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ’ਚ ਹਮੇਸ਼ਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਉਸਾਰੂ ਗਤੀਵਿਧੀਆਂ ’ਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।