ਬੇਕਸੂਰ ਨੂੰ ਝੂਠੇ ਕੇਸ 'ਚ ਫਸਾਉਂਦੇ ਆਪੇ ਫਸੇ ਪੁਲਿਸ ਵਾਲ਼ੇ
‘ਨਸ਼ਾ ਮੁਕਤ ਪੰਜਾਬ’ ਮੁਹਿੰਮ ਦੇ ਨਾਂ ਹੇਠ ਪੁਲਿਸ ਵੱਲੋਂ ਕੀਤੀ ਗਈ ਇੱਕ ਕਾਰਵਾਈ ਨੇ ਪੂਰੇ ਪੁਲਿਸ ਵਿਭਾਗ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਕ ਨਿਰਦੋਸ਼ ਵਿਅਕਤੀ ਨੂੰ ਝੂਠਾ ਮਾਮਲਾ ਫਸਾਉਣ ਲਈ ਪੁਲਿਸ ਨੇ ਜੋ ਯੋਜਨਾ ਬਣਾਈ...

By : Mehtab-Ud-Din
SSP ਨੇ ਪੂਰੀ ਟੀਮ ਹੀ ਕਰ ਦਿੱਤੀ 'ਲਾਈਨ ਹਾਜ਼ਰ'
ਪੁਲਿਸ ਦਾ ਅਕਸ ਖ਼ਰਾਬ ਕਰਨ ਵਾਲ਼ੇ 'ਉਸ ਦੇ ਆਪਣੇ'
ਸ਼ਾਹਕੋਟ (ਜਲੰਧਰ): ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਦੇ ਨਾਂ ਹੇਠ ਪੁਲਿਸ ਵੱਲੋਂ ਕੀਤੀ ਗਈ ਇੱਕ ਕਾਰਵਾਈ ਨੇ ਪੂਰੇ ਪੁਲਿਸ ਵਿਭਾਗ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਕ ਨਿਰਦੋਸ਼ ਵਿਅਕਤੀ ਨੂੰ ਝੂਠਾ ਮਾਮਲਾ ਫਸਾਉਣ ਲਈ ਪੁਲਿਸ ਨੇ ਜੋ ਯੋਜਨਾ ਬਣਾਈ ਸੀ, ਉਹ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਘਟਨਾ ਨੇ ਪੁਲਿਸ ਦੀ ਇਮਾਨਦਾਰੀ ਅਤੇ ਕੰਮ ਕਰਨ ਦੇ ਤਰੀਕੇ ਉਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਬੀਤੀ 9 ਅਪ੍ਰੈਲ ਨੂੰ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਪਿੰਡ ਦੌਲਤਪੁਰ ਢੱਡਾ ਦੇ ਰਹਿਣ ਵਾਲੇ ਅਕਰਮ ਉਤੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਛਾਪੇਮਾਰੀ ਦੌਰਾਨ ਅਕਰਮ ਦੇ ਘਰ ਵਿੱਚੋਂ 35 ਲੀਟਰ ਲਾਹਣ ਬਰਾਮਦ ਹੋਈ ਹੈ। ਪਰ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਗਲੀ 'ਚ ਲੱਗੇ ਸੀਸੀਟੀਵੀ ਦੀ ਫੁਟੇਜ ਵਾਇਰਲ ਹੋ ਗਈ।
ਫੁਟੇਜ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਖੁਦ ਨੀਲੇ ਰੰਗ ਦਾ ਇੱਕ ਡਰੱਮ ਆਪਣੀ ਗੱਡੀ ਵਿੱਚੋਂ ਉਤਾਰ ਕੇ ਅਕਰਮ ਦੇ ਘਰ ਵਿੱਚ ਲੈ ਕੇ ਜਾ ਰਹੇ ਹਨ। ਘਰ ਵਿੱਚ ਇਹ ਡਰੱਮ ਲੈ ਜਾਣ ਤੋਂ ਬਾਅਦ ਪੁਲਿਸ ਦੀ ਟੀਮ ਸਿਰਫ਼ 13 ਮਿੰਟ ਰੁਕੀ ਅਤੇ ਉਸੇ ਡਰੱਮ ਨੂੰ “ਬਰਾਮਦਗੀ” ਦੱਸ ਕੇ ਬਾਹਰ ਲੈ ਆਈ। ਇਸ ਤੋਂ ਇਲਾਵਾ ਇੱਕ ਹੋਰ ਗੱਲ ਬਹੁਤ ਗੰਭੀਰ ਹੈ – ਜਿਸ ਵੇਲੇ ਇਹ ਸਾਰਾ ਡਰਾਮਾ ਚੱਲ ਰਿਹਾ ਸੀ, ਉਸ ਵੇਲੇ ਅਕਰਮ ਘਰ ਵਿੱਚ ਮੌਜੂਦ ਵੀ ਨਹੀਂ ਸੀ।
ਪੁਲਿਸ ਨੇ ਬਚਾਅ ਵਿੱਚ ਕਿਹਾ ਕਿ ਉਹ ਖਾਲੀ ਡਰੱਮ ਸਾਮਾਨ ਰੱਖਣ ਲਈ ਅੰਦਰ ਲੈ ਕੇ ਗਏ ਸਨ, ਪਰ ਫੁਟੇਜ ਵਿੱਚ ਸਾਫ਼ ਦਿਖ ਰਿਹਾ ਹੈ ਕਿ ਡਰੱਮ ਖਾਲੀ ਨਹੀਂ ਸੀ। ਇਸ ਨੂੰ ਦੋ ਮੁਲਾਜ਼ਮਾਂ ਨੇ ਮਿਲ ਕੇ ਚੁੱਕਿਆ ਹੋਇਆ ਸੀ, ਜਿਸ ਤੋਂ ਲੱਗਦਾ ਹੈ ਕਿ ਉਸ ਵਿੱਚ ਭਾਰੀ ਚੀਜ਼ ਮੌਜੂਦ ਸੀ।
ਇਸ ਘਟਨਾ ਦੇ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਜਲੰਧਰ (ਦਿਹਾਤੀ) ਨੇ ਤੁਰੰਤ ਸਖ਼ਤੀ ਵਰਤੀ। ਉਨ੍ਹਾਂ ਨੇ ਥਾਣਾ ਸ਼ਾਹਕੋਟ ਦੇ ਐੱਸਐੱਚਓ ਬਲਵਿੰਦਰ ਸਿੰਘ, ਏਐੱਸਆਈ ਸੁਖਵਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਹੈਵਨਪ੍ਰੀਤ ਕੌਰ ਨੂੰ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਐੱਸਪੀ (ਇਨਵੈਸਟੀਗੇਸ਼ਨ) ਵਨੀਤ ਅਹਲਾਵਤ ਨੂੰ ਸੌਂਪੀ ਗਈ ਹੈ। ਜਾਂਚ ਵਿੱਚ ਜੇਕਰ ਇਹ ਦੋਸ਼ ਸਾਬਤ ਹੋਏ ਤਾਂ ਇਨ੍ਹਾਂ ਮੁਲਾਜ਼ਮਾਂ ਖਿਲਾਫ਼ ਐਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ।
ਐੱਸਐੱਸਪੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਪੁਲਿਸ ਦਾ ਕੰਮ ਗੁਨਾਹਗਾਰਾਂ ਨੂੰ ਫੜਨਾ ਹੈ, ਨਾ ਕਿ ਬੇਕਸੂਰ ਲੋਕਾਂ ਨੂੰ ਝੂਠਾ ਫਸਾਉਣਾ।
ਇਸ ਘਟਨਾ ਨੇ ਦੋ ਵੱਡੇ ਸਵਾਲ ਖੜ੍ਹੇ ਕੀਤੇ ਹਨ: ਲੋਕਾਂ ਵਿੱਚ ਪੁਲਿਸ ਉਤੇ ਭਰੋਸਾ ਘੱਟ ਰਿਹਾ ਹੈ। ਜਦੋਂ ਪੁਲਿਸ ਖੁਦ ਝੂਠੀ ਬਰਾਮਦਗੀ ਰਚਦੀ ਹੈ ਤਾਂ ਲੋਕ ਕਿਸ ਤੇ ਭਰੋਸਾ ਕਰਨ? ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਆਸਾਂ ਸਨ ਪਰ ਅਜਿਹੀਆਂ ਘਟਨਾਵਾਂ ਵੇਖ ਕੇ ਆਸਾਂ ਚੂਰ–ਚੂਰ ਹੋ ਜਾਂਦੀਆਂ ਹਨ।
ਆਮ ਲੋਕਾਂ ਵਿੱਚ ਇਸ ਘਟਨਾ ਨੇ ਪੁਲਿਸ ਪ੍ਰਤੀ ਗੁੱਸਾ ਅਤੇ ਨਿਰਾਸ਼ਾ ਪੈਦਾ ਕਰ ਦਿੱਤੀ ਹੈ। ਲੋਕ ਪੁੱਛ ਰਹੇ ਹਨ ਕਿ ਜੇ ਪੁਲਿਸ ਖੁਦ ਇਸ ਤਰ੍ਹਾਂ ਦਾ ਡਰਾਮਾ ਰਚਦੀ ਹੈ ਤਾਂ ਫਿਰ ਅਸਲ ਨਸ਼ਾ ਤਸਕਰਾਂ ਨੂੰ ਫੜਨ ਦਾ ਕੰਮ ਕਿਵੇਂ ਹੋਵੇਗਾ?


