Begin typing your search above and press return to search.

ਪੁਲਿਸ ਵੱਡਾ ਐਕਸ਼ਨ, ਧੋਖਾ ਕਰਨ ਵਾਲੇ ਦੋ ਟਰੈਵਲ ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਪੰਜਾਬ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਕੰਬੋਡੀਆ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਭੇਜਣ ਵਾਲੇ ਦੋ ਟਰੈਵਲ ਏਜੰਟਾਂ ਨੂੰ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਵੱਡਾ ਐਕਸ਼ਨ, ਧੋਖਾ ਕਰਨ ਵਾਲੇ ਦੋ ਟਰੈਵਲ ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ
X

Dr. Pardeep singhBy : Dr. Pardeep singh

  |  3 July 2024 6:08 PM IST

  • whatsapp
  • Telegram

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਪੰਜਾਬ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਕੰਬੋਡੀਆ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਭੇਜਣ ਵਾਲੇ ਦੋ ਟਰੈਵਲ ਏਜੰਟਾਂ ਨੂੰ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ, ਜੋ ਕਿ ਮੋਹਾਲੀ ਸਥਿਤ ਵੀਜ਼ਾ ਪੈਲੇਸ ਇਮੀਗ੍ਰੇਸ਼ਨ ਦਾ ਮਾਲਕ ਹੈ ਅਤੇ ਉਸ ਦੇ ਸਾਥੀ ਗੁਰਜੋਧ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਟਰੈਵਲ ਏਜੰਟ ਭੋਲੇ-ਭਾਲੇ ਲੋਕਾਂ ਨੂੰ ਡਾਟਾ ਐਂਟਰੀ ਦੀਆਂ ਨੌਕਰੀਆਂ ਦਾ ਲਾਲਚ ਦੇ ਕੇ ਪੰਜਾਬ ਤੋਂ ਕੰਬੋਡੀਆ ਭੇਜਦੇ ਸਨ। ਕੰਬੋਡੀਆ ਵਿੱਚ ਸਿਆਮ ਰੀਪ ਪਹੁੰਚਣ ’ਤੇ, ਉਹਨਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਹਨ ਅਤੇ ਫਿਰ ਉਹਨਾਂ ਨੂੰ ਸਾਈਬਰ ਸਕੈਮਿੰਗ ਕਾਲ ਸੈਂਟਰਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਜੋ ਸਾਈਬਰ ਫਾਈਨਾਂਸ਼ੀਅਲ ਫਰਾਡ ਲਈ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕੰਬੋਡੀਆ ਸਥਿਤ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਆਉਣ ਵਾਲੇ ਪੀੜਤ ਦੀ ਜਾਣਕਾਰੀ ਤੋਂ ਬਾਅਦ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਐਫਆਈਆਰ ਦਰਜ ਕਰਕੇ ਇਸ ਕੇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਆਈਪੀਸੀ ਦੀ ਧਾਰਾ 370,406,420 ਅਤੇ 120-ਬੀ ਅਤੇ ਇਮੀਗਰੇਸ਼ਨ ਐਕਟ ਦੀ ਧਾਰਾ 24 ਤਹਿਤ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ ਕੇਸ ਦਰਜ ਕੀਤਾ ਗਿਆ ਹੈ। ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਕਈ ਵਿਅਕਤੀਆਂ ਨੂੰ ਧੋਖੇ ਨਾਲ ਕੰਬੋਡੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਭੇਜਿਆ ਹੈ, ਜਿੱਥੇ ਉਨ੍ਹਾਂ ਤੋਂ ਭਾਰਤੀਆਂ ਨਾਲ ਸਾਈਬਰ ਸਕੈਮਿੰਗ ਵਾਲੇ ਕੇਂਦਰਾਂ ਵਿੱਚ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਗੁਲਾਮੀ ਵਿੱਚ ਫਸੇ ਹੋਰ ਵਿਅਕਤੀਆਂ ਦੇ ਵੇਰਵੇ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਏਡੀਜੀਪੀ ਸਾਈਬਰ ਕ੍ਰਾਈਮ ਡਿਵੀਜ਼ਨ ਵੀ. ਨੀਰਜਾ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਦੀ ਪੁਲਿਸ ਟੀਮ ਨੇ ਇੰਸਪੈਕਟਰ ਦੀਪਕ ਭਾਟੀਆ ਦੀ ਅਗਵਾਈ ਹੇਠ ਵੀਜ਼ਾ ਪੈਲੇਸ ਇਮੀਗ੍ਰੇਸ਼ਨ ਦੇ ਦਫ਼ਤਰ ’ਤੇ ਛਾਪਾ ਮਾਰਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਅੱਗੇ ਖੁਲਾਸਾ ਕੀਤਾ ਹੈ ਕਿ ਉਹ ਵੱਖ-ਵੱਖ ਰਾਜਾਂ ਨਾਲ ਸਬੰਧਤ ਹੋਰ ਏਜੰਟਾਂ ਦੀ ਮਿਲੀਭੁਗਤ ਨਾਲ ਗੈਰ-ਕਾਨੂੰਨੀ ਗਤੀਵਿਧੀਆਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਟਰੈਵਲ ਏਜੰਟਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਪਛਾਣ ਕਰਨ / ਕਾਬੂ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਏ.ਡੀ.ਜੀ.ਪੀ. ਨੇ ਨਾਗਰਿਕਾਂ ਨੂੰ ਅਜਿਹੀਆਂ ਧੋਖਾਧੜੀ ਵਾਲੀਆਂ ਇਮੀਗ੍ਰੇਸ਼ਨ ਗਤੀਵਿਧੀਆਂ ਤੋਂ ਸੁਚੇਤ ਰਹਿਣ ਅਤੇ ਵਿਦੇਸ਼ਾਂ, ਖਾਸ ਕਰਕੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਚੰਗੀਆਂ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਵਾਲੇ ਟਰੈਵਲ ਏਜੰਟਾਂ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਨਾ ਹੋਣ ਲਈ ਕਿਹਾ। ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਸੰਭਾਵੀ ਰੁਜ਼ਗਾਰਦਾਤਾ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ, ਖਾਸ ਤੌਰ ’ਤੇ ਜਦੋਂ ’ਡਾਟਾ ਐਂਟਰੀ ਆਪਰੇਟਰ’ ਨੌਕਰੀ ਦੇ ਨਾਮ ’ਤੇ ਕੰਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦਬਾਅ ਹੇਠ ਕੋਈ ਵੀ ਗੈਰ-ਕਾਨੂੰਨੀ ਸਾਈਬਰ ਗਤੀਵਿਧੀਆਂ ਨਾ ਕਰਨ ਅਤੇ ਭਾਰਤੀ ਦੂਤਾਵਾਸ ਤੱਕ ਪਹੁੰਚ ਕਰਨ ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਰੁਜ਼ਗਾਰ ਦੇ ਉਦੇਸ਼ਾਂ ਲਈ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਨੂੰ ਲੋੜੀਂਦੀਆਂ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਸਿੰਗਲ-ਵਿੰਡੋ ਸੁਵਿਧਾ ਕੇਂਦਰ ਵਜੋਂ ਓਵਰਸੀਜ਼ ਵਰਕਰਜ਼ ਰਿਸੋਰਸ ਸੈਂਟਰ (ਓਡਬਲਿਊਆਰਸੀ) ਦੀ ਸਥਾਪਨਾ ਵੀ ਕੀਤੀ ਹੈ। ਓ.ਡਬਲਿਊ.ਆਰ.ਸੀ. ਅੱਜ ਕੱਲ੍ਹ 24*7 ਹੈਲਪਲਾਈਨ (1800113090) ਉਪਲਬਧ ਹੈ ਤਾਂ ਜੋ ਪ੍ਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਟੋਲ ਫਰੀ ਨੰਬਰ ਰਾਹੀਂ ਲੋੜ ਅਧਾਰਤ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਜੇਕਰ ਪੰਜਾਬ ਰਾਜ ਦਾ ਕੋਈ ਹੋਰ ਵਿਅਕਤੀ ਇਸ ਕਥਿਤ ਘੁਟਾਲੇ ਦਾ ਸ਼ਿਕਾਰ ਹੋਇਆ ਹੈ, ਤਾਂ ਉਹ ਵਿਅਕਤੀ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ, ਪੰਜਾਬ ਹੈਲਪਲਾਈਨ ਨੰ. 0172-2226258 ’ਤੇ ਸੰਪਰਕ ਕਰਕੇ ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਰਾਹੀਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

Next Story
ਤਾਜ਼ਾ ਖਬਰਾਂ
Share it