ਪੀਜੀਆਈ ਚੰਡੀਗੜ੍ਹ ਨੇ ਮਨਾਇਆ 61ਵਾਂ ਸਥਾਪਨਾ ਦਿਵਸ
ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵੑ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਚੰਡੀਗੜ੍ਹ ਨੇ ਅੱਜ 8 ਜੁਲਾਈ, 2024 ਨੂੰ ਭਾਰਗਵ ਆਡੀਟੋਰੀਅਮ, ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਆਪਣਾ 61ਵਾਂ ਸਥਾਪਨਾ ਦਿਵਸ ਮਨਾਇਆ।
By : Dr. Pardeep singh
ਚੰਡੀਗੜ੍ਹ: ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵੑ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਚੰਡੀਗੜ੍ਹ ਨੇ ਅੱਜ 8 ਜੁਲਾਈ, 2024 ਨੂੰ ਭਾਰਗਵ ਆਡੀਟੋਰੀਅਮ, ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਆਪਣਾ 61ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਏਵੀਐੱਸਐੱਮ, ਵੀਐੱਸਐੱਮ, ਪੀਐੱਚਐੱਸ ਡਾਇਰੈਕਟਰ ਜਨਰਲ, ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਅਤੇ ਸੀਨੀਅਰ ਕਰਨਲ ਕਮਾਂਡੈਂਟ, ਆਰਮੀ ਮੈਡੀਕਲ ਕੋਰ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਅੱਜ ਦੇ ਪ੍ਰੋਗਰਾਮ ਵਿੱਚ ਪੀਜੀਆਈ ਚੰਡੀਗੜ੍ਹ ਦੇ ਵਿਭਿੰਨ ਮੈਡੀਕਲ ਅਤੇ ਨੋਨ-ਮੈਡੀਕਲ ਸਟਾਫ਼ ਨੂੰ ਮੁੱਖ ਮਹਿਮਾਨ ਦੁਆਰਾ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸੰਸਥਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਯੋਗਦਾਨ ਸਦਕਾ ਪੀਜੀਆਈ ਚੰਡੀਗੜ੍ਹ ਨੇ ਮੈਡੀਕਲ ਜਗਤ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪੰਜ ਦਰਿਆ ਹਨ, ਉਸੇ ਤਰ੍ਹਾਂ ਪੀਜੀਆਈ ਪੰਜ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਦੇਖਭਾਲ਼ ਕਰਦਾ ਹੈ।
ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਅਸੀਂ ਸੁੰਦਰ ਸ਼ਹਿਰ ਚੰਡੀਗੜ੍ਹ ਵਿੱਚ ਸ਼ਾਂਤੀ ਨਾਲ ਬੈਠ ਸਕਦੇ ਹਾਂ ਕਿਉਂਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੀਆਂ ਹਨ, ਜਿਨ੍ਹਾਂ ਦੀ ਦੇਖਭਾਲ਼ ਸ਼ਾਂਤੀ ਅਤੇ ਜੰਗ ਦੋਨਾਂ ਸਮਿਆਂ ਦੌਰਾਨ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਹਥਿਆਰਬੰਦ ਬਲਾਂ ਦੀਆਂ ਮੈਡੀਕਲ ਸੇਵਾਵਾਂ ਦੁਆਰਾ ਕੀਤੀ ਜਾਂਦੀ ਹੈ।
ਪ੍ਰੋਫੈਸਰ ਵਿਵੇਕ ਲਾਲ, ਡਾਇਰੈਕਟਰ, ਪੀਜੀਆਈ ਚੰਡੀਗੜ੍ਹ ਨੇ ਇਸ ਵੱਕਾਰੀ ਸੰਸਥਾ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਹੁਤ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਅਜਿਹੀ ਵੱਕਾਰੀ ਸੰਸਥਾ ਨਾਲ ਜੁੜਨ ਅਤੇ ਇਸ ਦਾ ਸਥਾਪਨਾ ਦਿਵਸ ਮਨਾਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪੀਜੀਆਈ, ਸੰਸਥਾ ਦੇ ਸਾਰੇ ਡਾਕਟਰੀ ਪੇਸ਼ੇਵਰਾਂ ਦੀ 'ਕਰਮਭੂਮੀ' ਹੈ, ਜੋ ਪੰਜ ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਤੋਂ ਆਉਣ ਵਾਲੇ ਮਰੀਜ਼ਾਂ ਦੀ ਸੇਵਾ ਲਈ ਅਣਥੱਕ ਮਿਹਨਤ ਕਰਦੇ ਹਨ।
ਉਨ੍ਹਾਂ ਨੇ ਸੰਸਥਾ ਦੇ ਸਾਰੇ ਮੈਡੀਕਲ ਅਤੇ ਨੋਨ-ਮੈਡੀਕਲ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਅਤੇ ਡਿਊਟੀ ਦੇ ਸਮੇਂ ਤੋਂ ਇਲਾਵਾ ਵੀ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਦੁਹਰਾਇਆ ਕਿ ਮਿਹਨਤੀ ਸਟਾਫ਼ ਦੀ ਬਦੌਲਤ ਹੀ ਪੀਜੀਆਈ ਇੰਨੀ ਵੱਡੀ ਸੰਖਿਆ ਵਿੱਚ ਮਰੀਜ਼ਾਂ ਦਾ ਯੋਜਨਾਬੱਧ ਢੰਗ ਨਾਲ ਇਲਾਜ ਕਰਨ ਦੇ ਸਮਰੱਥ ਹੈ।
ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਜੀਆਈ ਦੇ ਡਾਇਰੈਕਟਰ ਨੇ ਕਿਹਾ ਕਿ ਪੀਜੀਆਈ ਦੇਸ਼ ਲਈ ਇੱਕ ਸੰਪਤੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਬੋਝ ਨਹੀਂ ਸਮਝਦੀ, ਬਲਕਿ ਉਨ੍ਹਾਂ ਸਾਰਿਆਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੀ ਹੈ ਕਿਉਂਕਿ ਉਨ੍ਹਾਂ ਨੂੰ ਸਾਡੀ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ।
ਡਾਇਰੈਕਟਰ ਨੇ ਸੰਸਥਾ ਵਿੱਚ ਮਰੀਜ਼ਾਂ ਦੇ ਮਜ਼ਬੂਤ ਵਿਸ਼ਵਾਸ ਨੂੰ ਰੇਖਾਂਕਿਤ ਕੀਤਾ ਜੋ ਉਨ੍ਹਾਂ ਨੂੰ ਹੋਰ ਵੀ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ "ਇੰਸਟੀਟਿਊਟ ਵਿੱਚ ਹਰ ਸਾਲ 30 ਲੱਖ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ। ਸਰਕਾਰ ਇਨ੍ਹਾਂ ਮਰੀਜ਼ਾਂ ਦੀ ਸੇਵਾ ਕਰਨ ਲਈ ਸਟਾਫ ਦੀ ਸੰਖਿਆ ਵਧਾਉਣ ਲਈ ਪ੍ਰਤੀਬੱਧ ਹੈ।"
ਡਾਇਰੈਕਟਰ ਨੇ ਦੱਸਿਆ ਕਿ ਜਲਦੀ ਹੀ ਇੱਕ ਵੱਕਾਰੀ ਜਣੇਪਾ ਅਤੇ ਬਾਲ ਸੰਭਾਲ਼ ਕੇਂਦਰ ਖੋਲ੍ਹਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੋਂ ਦੋ ਸਾਲ ਬਾਅਦ ਅਸੀਂ ਇੱਕ ਵੱਖਰਾ ਅਤੇ ਬਿਹਤਰ ਪੀਜੀਆਈ ਦੇਖਾਂਗੇ ਅਤੇ ਸੰਸਥਾ ਆਉਣ ਵਾਲੇ ਸਮੇਂ ਵਿੱਚ ਚੀਜ਼ਾਂ ਨੂੰ ਸੁਧਾਰਨ ਲਈ ਪੂਰੇ ਜੋਸ਼ ਨਾਲ ਕੰਮ ਕਰ ਰਹੀ ਹੈ।