ਹੁਣ ਏਆਈ ਸਮਾਰਟ ਟਰੈਪ ਕਰੂ ਚਿੱਟੇ ਸੋਨੇ ਦੀ ਰਾਖੀ!
ਨਰਮੇ ਦੀ ਫ਼ਸਲ ਦਾ ਪੰਜਾਬ ਵਿਚ ਰਕਬਾ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਘੱਟ ਹੋ ਗਿਆ ਏ, ਜਿਸ ਕਾਰਨ ਐ ਗੁਲਾਬੀ ਸੁੰਡੀ ਦੀ ਮਾਰ, ਜਿਸ ਦੇ ਕਾਰਨ ਕਿਸਾਨਾਂ ਨੂੰ ਹਰ ਸਾਲ ਭਾਰੀ ਨੁਕਸਾਨ ਝੱਲਣਾ ਪੈਂਦਾ ਏ,, ਪਰ ਹੁਣ ਕੇਂਦਰੀ ਕਪਾਹ ਖੋਜ ਸੰਸਥਾਨ ਵੱਲੋਂ ਅਜਿਹੇ ਏਆਈ-ਅਧਾਰਤ ਫੇਰੋਮੋਨ ਟਰੈਪ ਤਿਆਰ ਕੀਤੇ ਗਏ ਨੇ, ਜੋ ਕਿਸਾਨਾਂ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣਗੇ।

ਚੰਡੀਗੜ੍ਹ : ਚਿੱਟਾ ਸੋਨਾ ਆਖੀ ਜਾਣ ਵਾਲੀ ਨਰਮੇ ਦੀ ਫ਼ਸਲ ਦਾ ਪੰਜਾਬ ਵਿਚ ਰਕਬਾ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਘੱਟ ਹੋ ਗਿਆ ਏ, ਜਿਸ ਕਾਰਨ ਐ ਗੁਲਾਬੀ ਸੁੰਡੀ ਦੀ ਮਾਰ, ਜਿਸ ਦੇ ਕਾਰਨ ਕਿਸਾਨਾਂ ਨੂੰ ਹਰ ਸਾਲ ਭਾਰੀ ਨੁਕਸਾਨ ਝੱਲਣਾ ਪੈਂਦਾ ਏ,, ਪਰ ਹੁਣ ਕੇਂਦਰੀ ਕਪਾਹ ਖੋਜ ਸੰਸਥਾਨ ਵੱਲੋਂ ਅਜਿਹੇ ਏਆਈ-ਅਧਾਰਤ ਫੇਰੋਮੋਨ ਟਰੈਪ ਤਿਆਰ ਕੀਤੇ ਗਏ ਨੇ, ਜੋ ਕਿਸਾਨਾਂ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣਗੇ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਹ ਤਕਨੀਕ? ਅਤੇ ਕਿਵੇਂ ਕਰਦੀ ਐ ਕੰਮ?
ਪੰਜਾਬ ਵਿਚ ਵੱਡੇ ਪੱਧਰ ’ਤੇ ਕਪਾਹ ਦੀ ਖੇਤੀ ਕੀਤੀ ਜਾਂਦੀ ਸੀ ਪਰ ਗੁਲਾਬੀ ਸੁੰਡੀ ਦੀ ਮਾਰ ਕਾਰਨ ਕਿਸਾਨ ਇਸ ਫ਼ਸਲ ਤੋਂ ਕਿਨਾਰਾ ਕਰਦੇ ਦਿਖਾਈ ਦੇ ਰਹੇ ਨੇ, ਜਿਸ ਦੇ ਚਲਦਿਆਂ ਪੰਜਾਬ ਵਿਚ ਕਪਾਹ ਦਾ ਰਕਬਾ ਕਾਫ਼ੀ ਜ਼ਿਆਦਾ ਘੱਟ ਹੋ ਗਿਆ ਏ। ਕਿਸਾਨਾਂ ਦੀ ਇਸੇ ਸਮੱਸਿਆ ਨੂੰ ਦੇਖਦਿਆਂ ਹੁਣ ਕੇਂਦਰੀ ਕਪਾਹ ਖੋਜ ਸੰਸਥਾਨ ਨੇ ਏਆਈ ਨਾਲ ਲੈਸ ਇਕ ਅਜਿਹੀ ਤਕਨੀਕ ਵਿਕਸਤ ਕੀਤੀ ਐ, ਜਿਸ ਨਾਲ ਗੁਲਾਬੀ ਸੁੰਡੀ ਵਾਲੇ ਮਾਮਲੇ ਵਿਚ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ।
ਇਸ ਤਕਨੀਕ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਖੇਤੀਬਾੜੀ ਵਿਭਾਗ ਅਤੇ ਕੇਂਦਰੀ ਕਪਾਹ ਖੋਜ ਸੰਸਥਾਨ ਦੇ ਸਿਰਸਾ ਵਿਚ ਸਥਿਤ ਖੇਤਰੀ ਸੰਸਥਾਨ ਦੀ ਅਗਵਾਈ ਅਤੇ ਨਿਗਰਾਨੀ ਵਿਚ ਕੀਤੀ ਗਈ ਐ। ਸੰਸਥਾਨ ਵੱਲੋਂ ਤਿਆਰ ਕੀਤੇ ਗਏ ਏਆਈ-ਅਧਾਰਤ ‘ਫੇਰੋਮੋਨ ਟਰੈਪ’ ਪੰਜਾਬ ਦੇ ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਵਿੱਚ ਵਰਤੇ ਜਾ ਰਹੇ ਨੇ। ਸੰਸਥਾ ਮੁਤਾਬਕ ਇਹ ਤਕਨੀਕ ਗੁਲਾਬੀ ਸੁੰਡੀ ਤੋਂ ਕਪਾਹ ਦੀ ਫਸਲ ਨੂੰ ਬਚਾਉਣ ਵਿਚ ਮਦਦ ਕਰਦੀ ਐ।
ਜਾਣਕਾਰੀ ਅਨੁਸਾਰ ਇਹ ਤਕਨੀਕ ਖੇਤ ਵਿਚ ਕਪਾਹ ਦੀ ਗੁਲਾਬੀ ਸੁੰਡੀ ਤੋਂ ਨਿਗਰਾਨੀ ਕਰਦੀ ਐ ਅਤੇ ਜਦੋਂ ਵੀ ਗੁਲਾਬੀ ਸੁੰਡੀ ਦਾ ਕਪਾਹ ’ਤੇ ਹਮਲਾ ਹੁੰਦਾ ਹੈ ਤਾਂ ਇਹ ਕਿਸਾਨਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ ਵਿਚ ਤਸਵੀਰਾਂ ਸਮੇਤ ਚਿਤਾਵਨੀ ਭੇਜਦੀ ਦਿੰਦੀ ਐ। ਇਸ ਤੋਂ ਇਲਾਵਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੰਦੀ ਐ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮੁੱਖ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਦੇ ਮੁਤਾਬਕ ਕਿਸਾਨਾਂ ਦੇ ਖੇਤਾਂ ਵਿੱਚ ਇਕ ਡਿਵਾਇਸ ਲਗਾਇਆ ਜਾਂਦਾ ਏ, ਜਿਸ ਨੂੰ ਏਆਈ ਅਧਾਰਤ ਫੇਰੋਮੋਨ ਟਰੈਪ ਕਿਹਾ ਜਾਂਦਾ ਹੈ। ਇਸ ਜਾਲ ਵਿਚ ਇਕ ਕੈਮਰਾ ਵੀ ਲੱਗਿਆ ਹੁੰਦਾ ਹੈ ਜੋ ਫੇਰੋਮੋਨ ਦੀ ਗੰਧ ਦੁਆਰਾ ਆਕਰਸ਼ਿਤ ਹੋਣ ਤੋਂ ਬਾਅਦ ਜਾਲ ਵਿੱਚ ਫਸੇ ਕੀੜਿਆਂ ਦੀਆਂ ਤਸਵੀਰਾਂ ਖਿੱਚ ਲੈਂਦਾ ਹੈ।
ਫੋਰੇਮੋਨ ਇਕ ਅਜਿਹਾ ਰਸਾਇਣ ਹੈ ਜੋ ਮਾਦਾ ਕੀਟ ਦੁਆਰਾ ਛੱਡਿਆ ਜਾਂਦੈ ਅਤੇ ਇਸ ਦੀ ਵਰਤੋਂ ਨਰ ਕੀਟਾਂ ਨੂੰ ਅਕਰਸ਼ਿਤ ਕਰਨ ਲਈ ਕੀਤੀ ਜਾਂਦੀ ਸੀ ਅਤੇ ਫਿਰ ਨਰ ਕੀਟਾਂ ਦੀ ਗਤੀਵਿਧੀ ਤੋਂ ਹਮਲੇ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਖਿੱਚੀਆਂ ਗਈਆਂ ਤਸਵੀਰਾਂ ਕਲਾਉਡ ਸਰਵਰ ਅਤੇ ਕਿਸਾਨਾਂ ਦੇ ਮੋਬਾਈਲ ਫੋਨਾਂ ’ਤੇ ਉਸੇ ਸਮੇਂ ਭੇਜੀਆਂ ਜਾਂਦੀਆਂ ਨੇ। ਇੱਥੇ ਹੀ ਬਸ ਨਹੀਂ, ਇਹ ਡਿਵਾਇਸ ਇਨ੍ਹਾਂ ਤਸਵੀਰਾਂ ਦਾ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਵਰਤੋਂ ਨਾਲ ਵਿਸ਼ਲੇਸ਼ਣ ਕਰਕੇ ਗੁਲਾਬੀ ਸੁੰਡੀ ਦੀ ਪਛਾਣ ਕਰਦਾ ਅਤੇ ਉਸ ਦੀ ਗਿਣਤੀ ਵੀ ਕਰ ਦਿੰਦਾ ਹੈ।
ਜਿਸ ਨਾਲ ਕਿਸਾਨਾਂ ਨੂੰ ਹਰ ਘੰਟੇ ਫ਼ਸਲਾਂ ’ਤੇ ਹੋਣ ਵਾਲੇ ਕੀਟਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ, ਜਿਸ ਤੋਂ ਬਾਅਦ ਉਹ ਤੁਰੰਤ ਕੀਟਨਾਸ਼ਕਾਂ ਦੀ ਵਰਤੋਂ ਕਰ ਸਕਦੇ ਹਨ। ਕੀਟ ਵਿਗਿਆਨੀਆਂ ਦੇ ਮੁਤਾਬਕ ਕੀਟਾਂ ਵਿਚ ਅਕਸਰ ਮਾਦਾ ਕੀਟਾਂ ਦੀ ਗਿਣਤੀ ਨਰ ਕੀਟਾਂ ਨਾਲੋਂ ਵੱਧ ਹੁੰਦੀ ਐ, ਇਸ ਲਈ ਜਾਲ ਵਿਚ ਫਸੇ ਨਰ ਕੀਟਾਂ ਦੀ ਗਿਣਤੀ ਤੋਂ ਗੁਲਾਬੀ ਸੁੰਡੀ ਦੇ ਹਮਲੇ ਦਾ ਅੰਦਾਜ਼ਾ ਲਗਾਇਆ ਜਾਂਦਾ ਏ ਕਿ ਹਮਲਾ ਛੋਟਾ ਹੈ ਜਾਂ ਵੱਡਾ।
ਖੇਤੀ ਮਾਹਿਰਾਂ ਦੇ ਮੁਤਾਬਕ ਨਰਮਾ ਅਤੇ ਕਪਾਹ ਸਾਉਣੀ ਦੀ ਪ੍ਰਮੁੱਖ ਫ਼ਸਲਾਂ ਨੇ, ਜਿਸ ਦੀ ਕਾਸ਼ਤ ਮੁੱਖ ਤੌਰ ’ਤੇ ਮਾਨਸਾ, ਬਠਿੰਡਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ਵਿਚ ਕੀਤੀ ਜਾਂਦੀ ਐ। ਭਾਵੇਂ ਕਿ ਪੰਜਾਬ ਦੇ ਹੋਰਨਾਂ ਜ਼ਿਲਿ੍ਹਆਂ ਵਿਚ ਵੀ ਕਪਾਹ ਦੀ ਖੇਤੀ ਕੀਤੀ ਜਾਂਦੀ ਐ ਪਰ ਇੱਥੇ ਇੰਨੀ ਜ਼ਿਆਦਾ ਨਹੀਂ ਕੀਤੀ ਜਾਂਦੀ। ਇਸ ਡਿਵਾਇਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਏ ਕਿ ਇਹ ਡਿਵਾਇਸ ਹਰ ਇੱਕ ਘੰਟੇ ਬਾਅਦ ਅਧਿਕਾਰੀਆਂ ਨੂੰ ਤਸਵੀਰਾਂ ਅਤੇ ਜਾਣਕਾਰੀ ਭੇਜਦੀ ਰਹਿੰਦੀ ਐ, ਜਿਸ ਦੇ ਆਧਾਰ ’ਤੇ ਅਧਿਕਾਰੀ ਕਿਸਾਨਾਂ ਨੂੰ ਲੋੜੀਂਦੀ ਸਲਾਹ ਦਿੰਦੇ ਨੇ। ਖੇਤੀ ਮਾਹਿਰਾਂ ਦਾ ਕਹਿਣਾ ੲੈ ਕਿ ਇਸ ਤਜਰਬੇ ਤੋਂ ਮਿਲਣ ਵਾਲੇ ਨਤੀਜਿਆਂ ਦੇ ਅਧਾਰ ’ਤੇ ਕਿਸਾਨਾਂ ਨੂੰ ਇਸ ਤਕਨੀਕ ਦੀ ਵਰਤੋਂ ਬਾਰੇ ਸਿਫ਼ਾਰਿਸ਼ ਕੀਤੀ ਜਾਵੇਗੀ।
ਜੇਕਰ ਇਸ ਡਿਵਾਇਸ ਦੀ ਕੀਮਤ ਬਾਰੇ ਗੱਲ ਕੀਤੀ ਜਾਵੇ ਤਾਂ ਪੀਏਯੂ ਮੁਤਾਬਕ ਇਸ ਡਿਵਾਇਸ ਦਾ ਮੁੱਲ 35 ਹਜ਼ਾਰ ਰੁਪਏ ਦੇ ਨੇੜੇ ਤੇੜੇ ਹੋ ਸਕਦਾ ਏ। ਕੁਝ ਮਾਹਰਾਂ ਦੇ ਮੁਤਾਬਕ ਕਿਸਾਨਾਂ ਦੇ ਲਈ ਇਹ ਕੀਮਤ ਜ਼ਿਆਦਾ ਹੋ ਸਕਦੀ ਐ, ਜਿਸ ਨਾਲ ਕਿਸਾਨ ਇਸ ਤਕਨੀਕ ਨੂੰ ਅਪਣਾਉਣ ਤੋਂ ਕਿਨਾਰਾ ਕਰ ਸਕਦੇ ਨੇ, ਇਸ ਲਈ ਇਸ ਡਿਵਾਈਸ ਦੀ ਕੀਮਤ ਘੱਟ ਕਰਨ ਦੇ ਵੱਲ ਵੀ ਧਿਆਨ ਦੇਣਾ ਹੋਵੇਗਾ ਤਾਂ ਜੋ ਇਹ ਡਿਵਾਇਸ ਨੂੰ ਖ਼ਰੀਦਣਾ ਹਰ ਉਸ ਕਿਸਾਨ ਦੀ ਪਹੁੰਚ ਵਿਚ ਹੋ ਸਕੇ ਜੋ ਗੁਲਾਬੀ ਸੁੰਡੀ ਤੋਂ ਨਿਜ਼ਾਤ ਪਾਉਣਾ ਚਾਹੁੰਦਾ ਹੈ।
ਦਰਅਸਲ ਏਆਈ ਅਧਾਰਿਤ ਫੇਰੋਮੋਨ ਟਰੈਪ ਤੋਂ ਪਹਿਲਾਂ ਰਵਾਇਤੀ ਫੇਰੋਮਨ ਟਰੈਪ ਦੀ ਵਰਤੋਂ ਕੀਤੀ ਜਾਂਦੀ ਸੀ, ਜੋ ਕੁਝ ਕਮੀਆਂ ਹੋਣ ਕਾਰਨ ਕਾਰਗਰ ਸਾਬਤ ਨਹੀਂ ਹੋ ਸਕਿਆ ਕਿਉਂਕਿ ਉਸ ਰਵਾਇਤੀ ਟ੍ਰੈਪ ਵਿਚ ਕਿਸਾਨਾਂ ਨੂੰ ਖ਼ੁਦ ਇਸ ਦੀ ਨਿਗਰਾਨੀ ਲਗਾਤਾਰ ਕਰਨੀ ਪੈਂਦੀ ਸੀ, ਜੋ ਸੰਭਵ ਨਹੀਂ ਸੀ। ਕਿਸਾਨ ਇਕੋ ਫ਼ਸਲ ਦੇ ਸਿਰਾਣੇ ਨਹੀਂ ਰਾਖੀ ਕਰਨ ਲਈ ਨਹੀਂ ਬੈਠ ਸਕਦਾ, ਉਸ ਨੇ ਆਪਣੀਆਂ ਹੋਰ ਫ਼ਸਲਾਂ ਦੀ ਵੀ ਬਿਜਾਈ ਵਗੈਰਾ ਕਰਨੀ ਹੁੰਦੀ ਸੀ। ਇਸ ਕਰਕੇ ਸਮੇਂ ਸਿਰ ਗੁਲਾਬੀ ਸੁੰਡੀ ਦੇ ਹਮਲੇ ਵੀ ਪਤਾ ਨਹੀਂ ਸੀ ਚਲਦਾ, ਪਰ ਮੌਜੂਦਾ ਏਆਈ ਅਧਾਰਤ ਟਰੈਪ ਵਿਚ ਕੈਮਰਾ ਅਤੇ ਮਸ਼ੀਨ ਲਰਨਿੰਗ ਐਲਗੋਰਿਦਮ ਗੁਲਾਬੀ ਸੁੰਡੀ ਦੀ ਪਛਾਣ, ਗਿਣਤੀ ਅਤੇ ਵਿਸ਼ਲੇਸ਼ਣ ਕਰ ਕੇ ਕਿਸਾਨਾਂ ਨੂੰ ਸਮੇਂ ਸਿਰ ਚਿਤਾਵਨੀ ਭੇਜ ਦਿੰਦਾ ਏ, ਜਿਸ ਨਾਲ ਕਿਸਾਨ ਹੁਣ ਆਪਣੀ ਕਪਾਹ ਅਤੇ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੀ ਮਾਰ ਤੋਂ ਬਚਾ ਸਕਣਗੇ।
ਸੋ ਇਸ ਨਵੀਂ ਤਕਨੀਕ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ