ਮੈਡੀਕਲ ਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ 'ਚ ਕੋਈ ਕੁਤਾਹੀ ਬਰਦਾਸ਼ਤ ਨਹੀਂ-ਡਾ. ਪ੍ਰੀਤੀ ਯਾਦਵ
ਮੈਡੀਕਲ ਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ 'ਚ ਕੋਈ ਕੁਤਾਹੀ ਬਰਦਾਸ਼ਤ ਨਹੀਂ-ਡਾ. ਪ੍ਰੀਤੀ ਯਾਦਵ
By : Deep
ਪਟਿਆਲਾ, 17 ਸਤੰਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਹੈਲਥ ਬੋਰਡ ਦੀ ਮੀਟਿੰਗ ਦੌਰਾਨ ਅੱਜ ਸਾਰੇ ਸਰਕਾਰੀ ਤੇ ਨਿਜੀ ਹਸਪਤਾਲਾਂ 'ਚ ਮੈਡੀਕਲ ਪ੍ਰੋਫੈਸ਼ਨਲਜ਼ ਦੀ ਸੁਰੱਖਿਆ ਪੁਖ਼ਤਾ ਬਣਾਉਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਦੇਸ਼ ਦੀ ਸਰਵ ਉਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਮੈਡੀਕਲ ਤੇ ਹੈਲਥਕੇਅਰ ਪ੍ਰੋਫ਼ੈਸ਼ਨਲਜ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਮਾਪਦੰਡਾਂ ਦਾ ਜਾਇਜ਼ਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਾਰੇ ਡਾਕਟਰਾਂ ਤੇ ਹੈਲਥਕੇਅਰ ਪ੍ਰੋਫ਼ੈਸ਼ਨਲਜ਼ ਦੇ ਆਈ.ਡੀ. ਕਾਰਡ, ਹਸਪਤਾਲਾਂ ਵਿੱਚ ਰਾਤ ਸਮੇਂ ਸਾਰੇ ਪਾਸੇ ਲਾਇਟਾਂ ਦੇ ਪ੍ਰਬੰਧ ਅਤੇ ਸੀ.ਸੀ.ਟੀ.ਵੀ. ਕੈਮਰੇ, ਪੁਲਿਸ ਦੀ ਰਾਤ ਸਮੇਂ ਦੀ ਗਸ਼ਤ, ਹਸਪਤਾਲਾਂ ਦੇ ਨਾਲ ਥਾਣਿਆਂ ਦੀ ਮੈਪਿੰਗ, ਹਸਪਤਾਲਾਂ 'ਚ ਪੰਜਾਬ ਮੈਡੀਕੇਅਰ ਪ੍ਰੋਟੈਕਸ਼ਨ ਐਕਟ ਦੀ ਜਾਣਕਾਰੀ ਸਮੇਤ ਸੇਫਟੀ ਕਮੇਟੀ, ਕੰਮਕਾਜੀ ਔਰਤਾਂ ਨਾਲ ਹਿੰਸਾ ਵਿਰੁੱਧ ਕਮੇਟੀ ਤੇ ਯੋਨ ਸ਼ੋਸਣ ਵਿਰੁੱਧ ਕਮੇਟੀ ਬਾਰੇ ਜਾਣਕਾਰੀ ਦਾ ਡਿਸਪਲੇਅ ਬੋਰਡ ਸਮੇਤ ਸੁਰੱਖਿਆ ਦਾ ਆਡਿਟ ਆਦਿ ਦਾ ਵੀ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਡੀਕਲ ਪ੍ਰੋਫ਼ੈਸ਼ਨਲਜ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਮਰੀਜਾਂ ਦਾ ਇਲਾਜ ਕਿਸੇ ਵੀ ਤਰ੍ਹਾਂ ਦੇ ਡਰ ਭੈਅ ਤੋਂ ਮੁਕਤ ਮਾਹੌਲ 'ਚ ਕਰਨਾ ਯਕੀਨੀ ਬਣਾਉਣ ਦੇ ਮਾਮਲੇ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਰੀਆਂ ਸਬ ਡਵੀਜਨਾਂ ਵਿੱਚ ਐਸ.ਡੀ.ਐਮ. ਸਬੰਧਤ ਐਸ.ਐਮ.ਓਜ ਨੂੰ ਨਾਲ ਲੈਕੇ ਹਸਪਤਾਲਾਂ ਦੀ ਸੁਰੱਖਿਆ ਦਾ ਆਡਿਟ ਕਰਨਗੇ ਤੇ ਸਮੀਖਿਆ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਹਸਪਤਾਲਾਂ ਵਿੱਚ ਅਜਿਹਾ ਮਾਹੌਲ ਬਣਾਇਆ ਜਾਵੇ ਤਾਂ ਕਿ ਡਾਕਟਰਾਂ ਨੂੰ ਮਰੀਜਾਂ ਦੇ ਇਲਾਜ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਨਾ ਹੀ ਕੋਈ ਮਾੜਾ ਅਨਸਰ ਕਿਸੇ ਹੈਲਥਕੇਅਰ ਪ੍ਰੋਫ਼ੈਸ਼ਨਲਜ਼ ਨੂੰ ਕੋਈ ਨੁਕਸਾਨ ਪਹੁੰਚਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਇਸ ਸਬੰਧੀ ਤੁਰੰਤ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਡਾ. ਹਰਸਿਮਰਨ ਸਿੰਘ ਤੁਲੀ, ਕਾਨੂੰਨੀ ਸਲਾਹਕਾਰ ਐਡਵੋਕੇਟ ਦੀਪਕ ਸੂਦ, ਮਾਤਾ ਕੌਸ਼ੱਲਿਆ ਹਸਪਤਾਲ ਦੇ ਐਮ.ਐਸ. ਡਾ. ਜਗਪਾਲਇੰਦਰ ਸਿੰਘ, ਪੀ.ਸੀ.ਐਮ.ਐਸ. ਐਸੋਸੀਏਸ਼ਨ ਵੱਲੋਂ ਡਾ. ਸੁਮੀਤ ਸਿੰਘ ਦੀ ਰਾਇ ਲੈਕੇ ਹਸਪਤਾਲਾਂ ਦੀ ਸੁਰੱਖਿਆ ਹੋਰ ਪੁੱਖ਼ਤਾ ਕਰਨ ਦਾ ਭਰੋਸਾ ਦਿੱਤਾ। ਮੀਟਿੰਗ 'ਚ ਐਸ.ਪੀ. ਸਿਟੀ ਸਰਫ਼ਰਾਜ ਆਲਮ, ਏ.ਡੀ.ਸੀਜ ਕੰਚਨ ਤੇ ਨਵਰੀਤ ਕੌਰ ਸੇਖੋਂ, ਐਸ.ਡੀ.ਐਮਜ ਅਰਵਿੰਦ ਕੁਮਾਰ, ਰਵਿੰਦਰ ਸਿੰਘ ਤੇ ਰਿਚਾ ਗੋਇਲ ਵੀ ਮੌਜੂਦ ਸਨ।