MLA ਜਸਬੀਰ ਸੰਧੂ ਦੇ ਵਿਰੋਧ ਦੌਰਾਨ ਵਾਲਮੀਕੀ ਆਗੂਆਂ ਤੇ ਪੁਲਿਸ ਵਿਚਾਲੇ ਧੱਕਾਮੁੱਕੀ
ਅੰਮ੍ਰਿਤਸਰ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸੰਧੂ ਵਿਰੁੱਧ ਵਾਲਮੀਕੀ ਭਾਈਚਾਰੇ ਨੇ ਅੱਜ ਭੰਡਾਰੀ ਪੁੱਲ ‘ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੰਸਥਾਵਾਂ ਦੇ ਆਗੂਆਂ ਨੇ ਐਮਐਲਏ ਦੇ ਪੋਸਟਰਾਂ ਵੀ ਫਾੜ ਦਿੱਤੇ।

By : Makhan shah
ਅੰਮ੍ਰਿਤਸਰ : ਅੰਮ੍ਰਿਤਸਰ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸੰਧੂ ਵਿਰੁੱਧ ਵਾਲਮੀਕੀ ਭਾਈਚਾਰੇ ਨੇ ਅੱਜ ਭੰਡਾਰੀ ਪੁੱਲ ‘ਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੰਸਥਾਵਾਂ ਦੇ ਆਗੂਆਂ ਨੇ ਐਮਐਲਏ ਦੇ ਪੋਸਟਰਾਂ ਵੀ ਫਾੜ ਦਿੱਤੇ। ਜਦੋਂ ਪੁਲਿਸ ਨੇ ਪੋਸਟਰ ਫਾੜਨ ਵਾਲੇ ਨੌਜਵਾਨ ਨੂੰ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਥਿਤੀ ਤਣਾਅਪੂਰਨ ਹੋ ਗਈ ਅਤੇ ਪੁਲਿਸ ਤੇ ਵਾਲਮੀਕੀ ਆਗੂਆਂ ਵਿਚਾਲੇ ਧੱਕਾ ਮੁੱਕੀ ਹੋਈ।
ਵਾਲਮੀਕੀ ਤੀਰਥ ਧੂਨਾ ਸਾਹਿਬ ਟਰੰਸਟ ਦੇ ਬਾਬਾ ਬਲਵੰਤ ਨਾਥ ਅਤੇ ਆਗੂ ਜੱਗੂ ਪ੍ਰਧਾਨ ਨੇ ਮੀਡੀਆ ਨੂੰ ਦੱਸਿਆ ਕਿ ਜਸਬੀਰ ਸੰਧੂ ਵੱਲੋਂ ਵਾਲਮੀਕੀ ਤੀਰਥ 'ਤੇ ਆਪਣੇ ਪਾਰਟੀ ਚਿੰਨ੍ਹ ਝਾੜੂ ਵਾਲਾ ਲੋਗੋ ਲਗਾਉਣਾ ਸੰਪੂਰਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਉਹਨਾਂ ਦੱਸਿਆ ਕਿ ਇਹ ਸਿਰਫ ਟੇਲਰ ਸੀ ਅਤੇ ਜੇਕਰ ਪ੍ਰਸ਼ਾਸਨ ਨੇ ਜਸਬੀਰ ਸੰਧੂ ਖਿਲਾਫ ਬੇਅਦਬੀ ਦਾ ਪਰਚਾ ਦਰਜ ਨਾ ਕੀਤਾ ਤਾਂ 20 ਜੁਲਾਈ ਨੂੰ ਸੰਤ ਸਮਾਜ ਅਤੇ ਸੰਸਥਾਵਾਂ ਦੀ ਬੈਠਕ ਤੋਂ ਬਾਅਦ ਮੰਗਲਵਾਰ ਨੂੰ ਸੂਬਾ ਪੱਧਰ 'ਤੇ ਚੱਕਾ ਜਾਮ ਕੀਤਾ ਜਾਵੇਗਾ।
ਇਸ ਦੌਰਾਨ ਪੋਸਟਰ ਫਾੜਨ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਨੇ ਕਿਹਾ ਕਿ ਉਹ ਭਗਵਾਨ ਵਾਲਮੀਕੀ ਆਸ਼ਰਮ ਨਾਲ ਜੁੜਿਆ ਸੇਵਾਦਾਰ ਹੈ ਅਤੇ ਜਸਬੀਰ ਸੰਧੂ ਵੱਲੋਂ ਕੀਤੀ ਗਈ ਇਸ ਘਟਨਾ ਨੇ ਸਾਰੇ ਦਲਿਤ ਭਾਈਚਾਰੇ ਨੂੰ ਦੁਖੀ ਕੀਤਾ ਹੈ। ਉਸ ਨੇ ਦੱਸਿਆ ਕਿ ਗੁੱਸੇ 'ਚ ਆ ਕੇ ਉਸ ਨੇ ਪੋਸਟਰ ਫਾੜਿਆ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਉਸਨੂੰ ਗ੍ਰਿਫ਼ਤਾਰ ਕਰ ਲਿਆ। ਲਵਪ੍ਰੀਤ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਵੱਖ-ਵੱਖ ਮਾਪਦੰਡਾਂ ਅਨੁਸਾਰ ਕੰਮ ਕਰਨ ਦੇ ਦੋਸ਼ ਵੀ ਲਗਾਏ।
ਦੂਜੇ ਪਾਸੇ, ਐਸਪੀ ਹਰਪਾਲ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਵਾਲਮੀਕੀ ਆਗੂਆਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੱਸਿਆ ਕਿ ਸਮਝੌਤੇ 'ਚ ਪਹੁੰਚਣ ਤੋਂ ਬਾਅਦ ਵਾਲਮੀਕੀ ਭਾਈਚਾਰੇ ਵੱਲੋਂ ਚਾਰ ਦਿਨ ਲਈ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਰੰਧਾਵਾ ਨੇ ਕਿਹਾ ਕਿ ਪੋਸਟਰਾਂ ਨੂੰ ਲਗਾਉਣ 'ਚ ਕੋਈ ਦਿਲੀ ਇਰਾਦਾ ਨਹੀਂ ਸੀ ਅਤੇ ਜਿਹੜੇ ਪੋਸਟਰ ਉਤੇ ਇਤਰਾਜ਼ ਸੀ ਉਹ ਹਟਾਏ ਜਾ ਚੁੱਕੇ ਹਨ।


