ਮੀਤ ਹੇਅਰ ਨੇ ਨਿਤਿਨ ਗਡਕਰੀ ਸਾਹਮਣੇ ਰੱਖੇ ਇਹ 3 ਅਹਿਮ ਮੁੱਦੇ, ਜਾਣੋ ਖਬਰ
ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਆਪਣੇ ਹਲਕੇ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਜ਼ ਨਾਲ ਸਬੰਧਤ ਤਿੰਨ ਅਹਿਮ ਮੁੱਦੇ ਉਠਾਏ ਹਨ
By : lokeshbhardwaj
ਦਿੱਲੀ :ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰੀ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਕੋਲ ਆਪਣੇ ਹਲਕੇ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਜ਼ ਨਾਲ ਸਬੰਧਤ ਤਿੰਨ ਅਹਿਮ ਮੁੱਦੇ ਉਠਾਏ ਹਨ । ਇਸ ਮਸਲੇ ਤੇ ਹਾਂ-ਪੱਖੀ ਹੁੰਗਾਰਾ ਭਰਦਿਆਂ ਕੇਂਦਰੀ ਮੰਤਰੀ ਨੇ ਮੈਂਬਰ ਪਾਰਲੀਮੈਂਟ ਵੱਲੋਂ ਨਿੱਜੀ ਤੌਰ 'ਤੇ ਉਠਾਏ ਮੁੱਦਿਆਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ । ਆਮ ਆਦਮੀ ਪਾਰਟੀ ਦੇ ਐਮ ਪੀ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ-ਸੰਗਰੂਰ ਨੈਸ਼ਨਲ ਹਾਈਵੇਅ 64 ’ਤੇ ਬਡਬਰ ਨੇੜੇ ਫਲਾਈਓਵਰ ਬਣਾਉਣ ਦੀ ਫੌਰੀ ਲੋੜ ਹੈ । ਇਸ ਰੋਡ ਪੁਆਇੰਟ ਤੋਂ ਲੌਂਗੋਵਾਲ-ਸੁਨਾਮ ਨੂੰ ਇੱਕ ਵੱਖਰੀ ਸੜਕ ਜਾਂਦੀ ਹੈ, ਜਿਸ ਕਾਰਨ ਇਸ ਸੜਕ ’ਤੇ ਭਾਰੀ ਜਾਮ ਲੱਗ ਜਾਂਦਾ ਹੈ ।ਇਸ ਲਈ ਪਹਿਲ ਦੇ ਆਧਾਰ ’ਤੇ ਫਲਾਈਓਵਰ ਬਣਾਉਣ ਦੀ ਲੋੜ ਹੈ ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਮੁੱਦਾ ਰੱਖਿਆ ਗਿਆ ਕਿ ਚੀਮਾ-ਜੋਧਪੁਰ ਕਰਾਸਿੰਗ 'ਤੇ ਨੈਸ਼ਨਲ ਹਾਈਵੇਅ 703, ਚੀਮਾ ਅਤੇ ਜੋਧਪੁਰ ਦੋਵਾਂ ਪਿੰਡਾਂ ਦੇ ਵਸਨੀਕਾਂ ਲਈ ਬੱਸ ਸਟੈਂਡ ਨੇੜੇ ਸੜਕ ਪਾਰ ਕਰਨਾ ਮੁਸ਼ਕਲ ਹੈ ਅਤੇ ਫਲਾਈਓਵਰ ਦੀ ਅਣਹੋਂਦ ਕਾਰਨ ਇਹ ਹਮੇਸ਼ਾ ਹਾਦਸਿਆਂ ਦੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ । ਸੰਸਦ ਮੈਂਬਰ ਮੀਤ ਹੇਅਰ ਨੇ ਦੱਸਿਆ ਕਿ ਇੱਕ ਸੜਕ 7.5 ਕਿਲੋਮੀਟਰ ਲੰਬੀ ਹੈ ਜੋ ਬਰਨਾਲਾ ਜੇਲ ਤੋਂ ਹੰਡਿਆਇਆ ਚੌਕ ਤੱਕ ਬਰਨਾਲਾ ਸ਼ਹਿਰ ਦੇ ਆਈ.ਟੀ.ਆਈ. ਦੂਜੀ ਸੜਕ ਆਈਟੀਆਈ ਚੋਅ ਤੋਂ ਹੰਢਿਆਇਆ ਤੱਕ ਹੈ ਜਿਸ ਦੀ ਲੰਬਾਈ ਸਾਢੇ ਤਿੰਨ ਕਿਲੋਮੀਟਰ ਹੈ। ਮੈਂਬਰ ਪਾਰਲੀਮੈਂਟ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਨ੍ਹਾਂ ਦੋਵਾਂ ਸੜਕਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ । ਇਸ ਮਾਮਲੇ ਤੇ ਪਾਜ਼ਿਟਿਵ ਸੰਕੇਤ ਦਿੰਦਿਆਂ ਕੇਂਦਰੀ ਮੰਤਰੀ ਨੇ ਸ੍ਰੀ ਹੇਅਰ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਮੁੱਦਿਆਂ ਨੂੰ ਜਲਦ ਹੀ ਹੱਲ ਕੀਤਾ ਜਾਵੇਗਾ ।