ਫ਼ਰਜ਼ੀ ਐਨਕਾਊਂਟਰ ਮਾਮਲੇ 'ਚ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰਕੈਦ
ਅੰਮ੍ਰਿਤਸਰ ਵਿਚ 32 ਸਾਲ ਪਹਿਲਾਂ ਹੋਏ ਬਲਦੇਵ ਸਿੰਘ ਉਰਫ਼ ਦੇਬਾ ਅਤੇ ਕੁਲਵੰਤ ਸਿੰਘ ਦੇ ਫ਼ਰਜ਼ੀ ਐਨਕਾਊਂਟਰ ਮਾਮਲੇ ਵਿਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਐ, ਜਿਨ੍ਹਾਂ ਵਿਚ ਤਤਕਾਲੀ ਐਸਐਚਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏਐਸਆਈ ਗੁਰਭਿੰਦਰ ਸਿੰਘ ਦੇ ਨਾਂਅ ਸ਼ਾਮਲ ਨੇ।
By : Makhan shah
ਮੋਹਾਲੀ : ਅੰਮ੍ਰਿਤਸਰ ਵਿਚ 32 ਸਾਲ ਪਹਿਲਾਂ ਹੋਏ ਬਲਦੇਵ ਸਿੰਘ ਉਰਫ਼ ਦੇਬਾ ਅਤੇ ਕੁਲਵੰਤ ਸਿੰਘ ਦੇ ਫ਼ਰਜ਼ੀ ਐਨਕਾਊਂਟਰ ਮਾਮਲੇ ਵਿਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਐ, ਜਿਨ੍ਹਾਂ ਵਿਚ ਤਤਕਾਲੀ ਐਸਐਚਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏਐਸਆਈ ਗੁਰਭਿੰਦਰ ਸਿੰਘ ਦੇ ਨਾਂਅ ਸ਼ਾਮਲ ਨੇ।
ਮੋਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵੱਲੋਂ ਸੰਨ 1992 ਵਿਚ ਬਲਦੇਵ ਸਿੰਘ ਦੇਬਾ ਅਤੇ ਕੁਲਵੰਤ ਸਿੰਘ ਦੇ ਫ਼ਰਜ਼ੀ ਐਨਕਾਊਂਟਰ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਐ। ਦੋਸ਼ੀਆਂ ਵਿਚ ਤਤਕਾਲੀ ਐਸਐਚਓ ਮਜੀਠਾ ਪੁਰਸ਼ੋਤਮ ਸਿੰਘ ਅਤੇ ਏਐਸਆਈ ਗੁਰਭਿੰਦਰ ਸਿੰਘ ਦੇ ਨਾਂਅ ਸ਼ਾਮਲ ਨੇ। ਇਨ੍ਹਾਂ ਨੂੰ ਹੱਤਿਆ ਅਤੇ ਸਾਜਿਸ਼ ਰਚਣ ਦੇ ਦੋਸ਼ ਵਿਚ ਸਜ਼ਾ ਸੁਣਾਈ ਗਈ ਐ, ਜਦਕਿ ਇੰਸਪੈਕਟਰ ਚਮਨ ਲਾਲ ਅਤੇ ਡੀਐਸਪੀ ਐਸਐਸ ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਗਿਆ ਏ।
ਹਾਲਾਂਕਿ ਫ਼ਰਜ਼ੀ ਐਨਕਾਊਂਟਰ ਦੇ ਸਮੇਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਐਨਕਾਊਂਟਰ ਦੌਰਾਨ ਮਾਰੇ ਗਏ ਵਿਅਕਤੀ ਕੱਟੜ ਅੱਤਵਾਦੀ ਸਨ, ਜਿਨ੍ਹਾਂ ’ਤੇ ਇਨਾਮ ਐਲਾਨ ਕੀਤਾ ਹੋਇਆ ਸੀ, ਜਦਕਿ ਪੁਲਿਸ ਦੀ ਕਹਾਣੀ ਝੂਠੀ ਸਾਬਤ ਹੋਈ ਕਿਉਂਕਿ ਇਨ੍ਹਾਂ ਦੋਵਾਂ ਵਿਚੋਂ ਇਕ ਫ਼ੌਜ ਦਾ ਜਵਾਨ ਸੀ ਅਤੇ ਦੂਜਾ 16 ਸਾਲਾ ਦਾ ਨਾਬਾਲਗ ਮੁੰਡਾ ਸੀ, ਜਿਨ੍ਹਾਂ ਨੂੰ ਜ਼ਾਲਮ ਪੁਲਿਸ ਵਾਲਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਸੀਬੀਆਈ ਨੇ 1995 ਵਿਚ ਸੁਪਰੀਮ ਕੋਰਟ ਦੇ ਆਦੇਸ਼ ’ਤੇ ਸ਼ੁਰੂ ਕੀਤੀ ਸੀ, ਜਿਸ ਦੌਰਾਨ ਪਤਾ ਚੱਲਿਆ ਕਿ ਬਲਦੇਵ ਸਿੰਘ ਦੇਬਾ ਨੂੰ 6 ਅਗਸਤ 1992 ਨੂੰ ਏਐਸਆਈ ਮੋਹਿੰਦਰ ਸਿੰਘ ਅਤੇ ਹਰਭਜਨ ਸਿੰਘ, ਤਤਕਾਲੀ ਐਸਐਚਓ ਛੇਹਰਟਾ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਪਿੰਡ ਬਸੇਰਕੇ ਭੈਣੀ ਵਿਖੇ ਉਸ ਦੇ ਘਰ ਤੋਂ ਚੁੱਕਿਆ ਸੀ। ਇਸੇ ਤਰ੍ਹਾਂ ਲਖਵਿੰਦਰ ਸਿੰਘ ਉਰਫ਼ ਲੱਖਾ ਫੋਰਡ ਨਿਵਾਸੀ ਸੁਲਤਾਨਵਿੰਡ ਨੂੰ ਵੀ 12 ਸਤੰਬਰ 1992 ਨੂੰ ਪ੍ਰੀਤ ਨਗਰ ਅੰਮ੍ਰਿਤਸਰ ਵਿਚ ਉਸ ਦੇ ਕਿਰਾਏ ਦੇ ਮਕਾਨ ਤੋਂ ਕੁਲਵੰਤ ਸਿੰਘ ਨਾਮੀ ਵਿਅਕਤੀ ਦੇ ਨਾਲ ਫੜਿਆ ਸੀ, ਜਿਸ ਦੀ ਅਗਵਾਈ ਏਐਸਆਈ ਗੁਰਭਿੰਦਰ ਸਿੰਘ, ਐਸਐਚਓ ਮਜੀਠਾ ਦੀ ਪੁਲਿਸ ਟੀਮ ਨੇ ਕੀਤੀ ਸੀ ਪਰ ਬਾਅਦ ਵਿਚ ਕੁਲਵੰਤ ਸਿੰਘ ਨੂੰ ਛੱਡ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਣੀ ਬਾਸਰਕੇ ਦੇ ਫ਼ੌਜੀ ਜਵਾਨ ਬਲਦੇਵ ਸਿੰਘ ਦੇਬਾ ਨੂੰ ਪੁਲਿਸ ਨੇ ਉਸ ਸਮੇਂ ਚੁੱਕਿਆ ਜਦੋਂ ਉਹ ਫ਼ੌਜ ਵਿਚੋਂ ਛੁੱਟੀ ’ਤੇ ਘਰ ਆਇਆ ਹੋਇਆ ਸੀ। ਇਸ ਤੋਂ ਬਾਅਦ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਉਸ ਦੀ ਹੱਤਿਆ ਕਰ ਦਿੱਤੀ। ਦੂਜਾ ਮਾਮਲਾ 16 ਸਾਲਾਂ ਦੇ ਨਾਬਾਲਗ ਲਖਵਿੰਦਰ ਸਿੰਘ ਦੀ ਹੱਤਿਆ ਨਾਲ ਜੁੜਿਆ ਹੋਇਆ ਸੀ, ਉਸ ਨੂੰ ਵੀ ਇਸੇ ਤਰ੍ਹਾਂ ਘਰ ਤੋਂ ਚੁੱਕ ਕੇ ਮਾਰਿਆ ਗਿਆ ਸੀ ਪਰ ਉਸ ਦਾ ਕੋਈ ਸੁਰਾਗ਼ ਨਹੀਂ ਲੱਗ ਸਕਿਆ ਸੀ। ਕਾਫ਼ੀ ਸਮੇਂ ਤੱਕ ਪਰਿਵਾਰ ਵਾਲੇ ਉਸ ਦੀ ਭਾਲ ਕਰਦੇ ਰਹੇ।
ਸੀਬੀਆਈ ਜਾਂਚ ਦੌਰਾਨ ਪਤਾ ਚੱਲਿਆ ਕਿ ਪੁਲਿਸ ਸਟੇਸ਼ਨ ਛੇਹਰਟਾ ਦੀ ਪੁਲਿਸ ਨੇ ਮੰਤਰੀ ਦੇ ਬੇਟੇ ਦੀ ਹੱਤਿਆ ਦੇ ਮਾਮਲੇ ਵਿਚ ਦੇਬਾ ਅਤੇ ਲੱਖਾ ਨੂੰ ਝੂਠਾ ਫਸਾਇਆ, ਜਿਸਦੀ ਹੱਤਿਆ 23 ਜੁਲਾਈ 1992 ਨੂੰ ਹੋਈ ਸੀ। ਪੁਲਿਸ ਨੇ ਝੂਠੀ ਕਹਾਣੀ ਘੜੀ ਕਿ ਹਥਿਆਰ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਬਲਦੇਵ ਸਿੰਘ ਦੇਬਾ ਨੂੰ ਪਿੰਡ ਸੰਸਾਰਾ ਦੇ ਕੋਲ ਲਿਜਾਂਦੇ ਸਮੇਂ ਅੱਤਵਾਦੀਆਂ ਨਾਲ ਮੁਕਾਬਲਾ ਹੋ ਗਿਆ, ਜਿਸ ਵਿਚ ਬਦਲੇਵ ਸਿੰਘ ਦੇਬਾ ਅਤੇ ਇਕ ਹੋਰ ਹਮਲਾਵਰ ਮਾਰਿਆ ਗਿਆ, ਜਿਸ ਦੀ ਪਛਾਣ ਬਾਅਦ ਵਿਚ ਲਖਵਿੰਦਰ ਸਿੰਘ ਲੱਖਾ ਦੇ ਰੂਪ ਵਿਚ ਹੋਈ।
ਉਧਰ ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਦਾ ਕਹਿਣਾ ਏ ਕਿ ਸੀਬੀਆਈ ਨੇ ਇਸ ਮਾਮਲੇ ਵਿਚ 37 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕੱਦਮੇ ਦੌਰਾਨ ਸਿਰਫ਼ 19 ਗਵਾਹਾਂ ਦੇ ਬਿਆਨ ਹੀ ਦਰਜ ਕੀਤੇ ਗਏ ਨੇ ਕਿਉਂਕਿ ਸੀਬੀਆਈ ਵੱਲੋਂ ਬਣਾਏ ਗੲੈ ਜ਼ਿਆਦਾਤਰ ਗਵਾਹਾਂ ਦੀ ਦੇਰੀ ਨਾਲ ਸੁਣਵਾਈ ਦੌਰਾਨ ਮੌਤ ਹੋ ਗਈ ਸੀ, ਪਰ ਆਖ਼ਰਕਾਰ ਘਟਨਾ ਦੇ 32 ਸਾਲ ਮਗਰੋਂ ਪਰਿਵਾਰ ਨੂੰ ਇਨਸਾਫ਼ ਮਿਲ ਗਿਆ।