Begin typing your search above and press return to search.

ਜਾਣੋ, ਫਾਜ਼ਿਲਕਾ ਦਾ ਸਤਵਿੰਦਰ ਕਿਵੇਂ ਬਣਿਆ ‘ਲਾਰੈਂਸ ਬਿਸ਼ਨੋਈ’

ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਭਾਵੇਂ ਜੇਲ੍ਹ ਵਿਚ ਕੈਦ ਐ ਪਰ ਇਸ ਦੇ ਬਾਵਜੂਦ ਉਸ ਦੇ ਅਪਰਾਧਾਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਐ। ਲਗਭਗ ਹਰ ਵੱਡੇ ਮਾਮਲੇ ਵਿਚ ਉਸ ਦਾ ਨਾਮ ਜੁੜਿਆ ਹੁੰਦਾ ਏ ਜਾਂ ਜੋੜਿਆ ਜਾਂਦਾ ਏ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਉਸ ਨੂੰ ਮੁੱਖ ਮੁਲਜ਼ਮ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਏ।

ਜਾਣੋ, ਫਾਜ਼ਿਲਕਾ ਦਾ ਸਤਵਿੰਦਰ ਕਿਵੇਂ ਬਣਿਆ ‘ਲਾਰੈਂਸ ਬਿਸ਼ਨੋਈ’
X

Makhan shahBy : Makhan shah

  |  17 July 2024 7:30 PM IST

  • whatsapp
  • Telegram

ਚੰਡੀਗੜ੍ਹ : ਪਿਛਲੇ ਕਾਫ਼ੀ ਸਮੇਂ ਤੋਂ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਕਈ ਹਾਈ ਪ੍ਰੋਫਾਈਲ ਕੇਸਾਂ ਨੂੰ ਲੈ ਕੇ ਮੀਡੀਆ ਦੀਆਂ ਸੁਰਖ਼ੀਆਂ ਵਿਚ ਛਾਇਆ ਹੋਇਆ ਏ, ਜਿਨ੍ਹਾਂ ਵਿਚ ਸਿੱਧੂ ਮੂਸੇਵਾਲੇ ਦਾ ਕਤਲ ਅਤੇ ਸਲਮਾਨ ਖ਼ਾਨ ਦੇ ਘਰ ਮੂਹਰੇ ਗੋਲੀਆਂ ਚਲਾਉਣ ਵਰਗੇ ਮਾਮਲੇ ਸ਼ਾਮਲ ਨੇ। ਇਸ ਤੋਂ ਇਲਾਵਾ ਉਸ ’ਤੇ ਹੋਰ ਪਤਾ ਨਹੀਂ ਕਿੰਨੇ ਦਰਜਨਾਂ ਅਪਰਾਧਿਕ ਕੇਸ ਚੱਲ ਰਹੇ ਨੇ। ਜੇਲ੍ਹ ਵਿਚ ਹੁੰਦਿਆਂ ਵੀ ਉਸ ਦਾ ਨੈੱਟਵਰਕ ਕਿੰਨਾ ਤੇਜ਼ ਐ, ਇਸ ਦਾ ਅੰਦਾਜ਼ਾ ਉਸ ਦੀ ਜੇਲ੍ਹ ਤੋਂ ਵਾਇਰਲ ਹੋਈ ਇੰਟਰਵਿਊ ਤੋਂ ਲਗਾਇਆ ਜਾ ਸਕਦਾ ਏ। ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹੋਣ ਦੇ ਬਾਵਜੂਦ ਉਹ ਆਪਣੇ ਭਰੋਸੇਮੰਦ ਗੁਰਗਿਆਂ ਤੇ ਸ਼ੂਟਰਾਂ ਜ਼ਰੀਏ ਜਿਹੜਾ ਮਰਜ਼ੀ ਜ਼ੁਰਮ ਕਰਵਾ ਲੈਂਦਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਫਾਜ਼ਿਲਕਾ ਦਾ ਰਹਿਣ ਵਾਲਾ ਸਤਵਿੰਦਰ ਆਖ਼ਰਕਾਰ ਕਿਵੇਂ ਬਣਿਆ ਅਪਰਾਧ ਦੀਆਂ ਦੁਨੀਆ ਦਾ ਬੇਤਾਜ਼ ਬਾਦਸ਼ਾਹ ਅਤੇ ਕਿਵੇਂ ਪਿਆ ਉਸ ਦਾ ਨਾਮ ਲਾਰੈਂਸ ਬਿਸ਼ਨੋਈ?

ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਭਾਵੇਂ ਜੇਲ੍ਹ ਵਿਚ ਕੈਦ ਐ ਪਰ ਇਸ ਦੇ ਬਾਵਜੂਦ ਉਸ ਦੇ ਅਪਰਾਧਾਂ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਐ। ਲਗਭਗ ਹਰ ਵੱਡੇ ਮਾਮਲੇ ਵਿਚ ਉਸ ਦਾ ਨਾਮ ਜੁੜਿਆ ਹੁੰਦਾ ਏ ਜਾਂ ਜੋੜਿਆ ਜਾਂਦਾ ਏ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਉਸ ਨੂੰ ਮੁੱਖ ਮੁਲਜ਼ਮ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਏ। ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਦੇਣ ਅਤੇ ਫਿਰ ਉਸ ਦੇ ਘਰ ਅੱਗੇ ਫਾਈਰਿੰਗ ਕਰਵਾਉਣ ਦੇ ਮਾਮਲੇ ਵਿਚ ਵੀ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆ ਚੁੱਕਿਆ ਏ। ਲਾਰੈਂਸ ਬਿਸ਼ਨੋਈ ਦੇ ਜ਼ਬਰਦਸਤ ਨੈੱਟਵਰਕ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਏ ਕਿ ਜੇਲ੍ਹ ਵਿਚੋਂ ਵੀ ਉਸ ਦੀ ਇਕ ਟੀਵੀ ਚੈਨਲ ’ਤੇ ਇੰਟਰਵਿਊ ਪ੍ਰਸਾਰਿਤ ਹੋ ਚੁੱਕੀ ਐ ਅਤੇ ਪੁਲਿਸ ਹਾਲੇ ਤੱਕ ਇਹ ਵੀ ਪਤਾ ਨਹੀਂ ਲਗਾ ਸਕੀ ਕਿ ਉਹ ਕਿਸ ਜੇਲ੍ਹ ਤੋਂ ਹੋਈ ਸੀ। ਇਸ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਦੇ ਵਕੀਲ ਅਸ਼ੋਕ ਬੈਨੀਵਾਲ ਦਾ ਕਹਿਣਾ ਏ ਕਿ ਪੁਲਿਸ ਵੱਲੋਂ ਜ਼ਿਆਦਾਤਰ ਕੇਸਾਂ ਵਿਚ ਲਾਰੈਂਸ ਦਾ ਨਾਮ ਜ਼ਬਰਦਸਤੀ ਠੂਸਿਆ ਜਾਂਦਾ ਏ ਪਰ ਅਦਾਲਤ ਵਿਚ ਪੁਲਿਸ ਲਾਰੈਂਸ ਦਾ ਸਬੰਧ ਸਾਬਤ ਕਰਨ ਵਿਚ ਫੇਲ੍ਹ ਹੋ ਜਾਂਦੀ ਐ।

ਯੂਪੀ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਦਾ ਕਹਿਣਾ ਏ ਕਿ ਸ਼ੁਰੂਆਤੀ ਦੌਰ ਵਿਚ ਲਾਰੈਂਸ ਵਰਗੇ ਗੁੰਡੇ ਖ਼ੁਦ ਹੀ ਕਿਸੇ ਨਾ ਕਿਸੇ ਅਪਰਾਧ ਵਿਚ ਸ਼ਾਮਲ ਹੁੰਦੇ ਨੇ ਪਰ ਬਾਅਦ ਵਿਚ ਅਜਿਹੇ ਗੁੰਡਿਆਂ ਨੂੰ ਪਾਲ ਕੇ ਜੇਲ੍ਹ ਪੁਲਿਸ ਜਾਂ ਸਿਆਸਤਦਾਨ ਆਪੋ ਆਪਣੇ ਹਿੱਤ ਸਾਧਣ ਤੋਂ ਪਿੱਛੇ ਨਹੀਂ ਹਟਦੇ। ਇਸੇ ਤਰ੍ਹਾਂ ਦਿੱਲੀ ਪੁਲਿਸ ਦੇ ਸਾਬਕਾ ਕਮਿਸ਼ਨਰ ਨੀਰਜ ਕੁਮਾਰ ਦਾ ਕਹਿਣਾ ਏ ਕਿ ਕਈ ਮਾਮਲਿਆਂ ਵਿਚ ਦੇਖਣ ਨੂੰ ਮਿਲਿਆ ਏ ਕਿ ਅਪਰਾਧੀ ਜੇਲ੍ਹ ਸੁਪਰੀਟੈਂਡੇਂਟ ਦੇ ਫ਼ੋਨ ਤੋਂ ਹੀ ਜੇਲ੍ਹ ਤੋਂ ਬਾਹਰ ਫ਼ੋਨ ਕਰਦੇ ਰਹਿੰਦੇ ਨੇ। ਜਦੋਂ ਅਜਿਹਾ ਹੋਵੇਗਾ ਤਾਂ ਫਿਰ ਲਾਰੈਂਸ ਬਿਸ਼ਨੋਈ ਵਰਗੇ ਬਦਮਾਸ਼ਾਂ ਨੂੰ ਕੌਣ ਕਾਬੂ ਕਰੇਗਾ? ਉਨ੍ਹਾਂ ਦਾ ਕਹਿਣਾ ਏ ਕਿ ਅਪਰਾਧੀ ਦਾ ਜੇਲ੍ਹ ਤੋਂ ਬਾਹਰ ਨੈਕਸਸ ਹੋਣਾ ਓਨਾ ਘਾਤਕ ਨਹੀਂ, ਜਿੰਨਾ ਜੇਲ੍ਹ ਦੇ ਸਟਾਫ਼ ਜਾਂ ਅਫ਼ਸਰਾਂ ਨਾਲ ਅਪਰਾਧੀ ਦੀ ਦੋਸਤੀ ਹੋਣਾ ਏ। ਲਾਰੈਂਸ ਦੇ ਮਾਮਲੇ ਵਿਚ ਵੀ ਅਜਿਹਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਏ। ਸਭ ਤੋਂ ਖ਼ਾਸ ਗੱਲ ਇਹ ਐ ਕਿ ਲਾਰੈਂਸ ਵਰਗੇ ਗੈਂਗਸਟਰ ਜੇਲ੍ਹ ਵਿਚ ਰਹਿਣਾ ਹੀ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਨੇ।

ਮੀਡੀਆ ਰਿਪੋਰਟਾਂ ਮੁਤਾਬਕ ਲਾਰੈਂਸ ਬਿਸ਼ਨੋਈ ਦਾ ਜਨਮ 22 ਫਰਵਰੀ 1992 ਨੂੰ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਵਿਚ ਪੈਂਦੇ ਪਿੰਡ ਧੱਤਰਾਂਵਾਲੀ ਵਿਖੇ ਬਿਸ਼ਨੋਈ ਪਰਿਵਾਰ ਦੇ ਘਰ ਹੋਇਆ। ਉਂਝ ਕੁੱਝ ਥਾਵਾਂ ’ਤੇ 12 ਫਰਵਰੀ 1993 ਵੀ ਦੱਸਿਆ ਜਾਂਦਾ ਏ। 32 ਸਾਲਾਂ ਦੇ ਲਾਰੈਂਸ ਬਿਸ਼ਨੋਈ ਦੇ ਨਾਮ ਨੂੰ ਲੈ ਕੇ ਵੀ ਇਕ ਕਹਾਣੀ ਜੁੜੀ ਹੋਈ ਐ। ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ਦਾ ਅਸਲੀ ਨਾਮ ਸਤਵਿੰਦਰ ਸਿੰਘ ਐ। ਕੁੱਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਏ ਕਿ ਲਾਰੈਂਸ ਬਚਪਨ ਵਿਚ ਕਾਫ਼ੀ ਗੋਰਾ ਚਿੱਟਾ ਹੁੰਦਾ, ਜਿਸ ਕਰਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਿਆਰ ਨਾਲ ਲਾਰੈਂਸ ਕਹਿਣਾ ਸ਼ੁਰੂ ਕਰ ਦਿੱਤਾ ਪਰ ਬਾਅਦ ਵਿਚ ਇਹ ਨਾਮ ਉਸ ਦੇ ਅਸਲੀ ਨਾਮ ਤੋਂ ਵੀ ਜ਼ਿਆਦਾ ਮਸ਼ਹੂਰ ਹੋ ਗਿਆ।

ਲਾਰੈਂਸ ਬਿਸ਼ਨੋਈ ਦੇ ਪਿਤਾ ਦਾ ਨਾਮ ਲਵਿੰਦਰ ਸਿੰਘ ਐ ਜੋ ਹਰਿਆਣਾ ਪੁਲਿਸ ਦੇ ਵਿਚ ਸਿਪਾਹੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਨੇ। ਉਨ੍ਹਾਂ ਨੇ ਸੰਨ 1992 ਵਿਚ ਨੌਕਰੀ ਜੁਆਇਨ ਕੀਤੀ ਸੀ ਪਰ ਕੁੱਝ ਸਾਲਾਂ ਮਗਰੋਂ ਹੀ ਉਨ੍ਹਾਂ ਨੇ ਸੇਵਾਮੁਕਤੀ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਲਾਰੈਂਸ ਅਬੋਹਰ ਤੋਂ 12ਵੀਂ ਪੜ੍ਹਾਈ ਕਰਨ ਮਗਰੋਂ ਉਚ ਸਿੱਖਿਆ ਹਾਸਲ ਕਰਨ ਲਈ ਚੰਡੀਗੜ੍ਹ ਆ ਗਿਆ। ਇਹ ਸਾਲ 2010 ਦੀ ਗੱਲ ਐ ਜਦੋਂ ਲਾਰੈਂਸ ਨੇ ਡੀਏਵੀ ਕਾਲਜ ਵਿਚ ਦਾਖ਼ਲਾ ਲੈ ਲਿਆ। ਪੜ੍ਹਾਈ ਦੌਰਾਨ ਲਾਰੈਂਸ ਨੇ ਸਟੂਡੈਂਟ ਰਾਜਨੀਤੀ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਸ ਦੀ ਮੁਲਾਕਾਤ ਗੋਲਡੀ ਬਰਾੜ ਨਾਲ ਹੋਈ, ਜੋ ਇਸ ਸਮੇਂ ਵਿਦੇਸ਼ ਵਿਚ ਬੈਠ ਕੇ ਲਾਰੈਂਸ ਗੈਂਗ ਦੇ ਲਈ ਕੰਮ ਕਰ ਰਿਹਾ ਏ। ਸਾਲ 2011-12 ਵਿਚ ਲਾਰੈਂਸ ਬਿਸ਼ਨੋਈ ਨੇ ਖ਼ੁਦ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਆਰਗੇਨਾਈਜੇਸ਼ਨ (ਸੋਪੂ) ਦਾ ਗਠਨ ਕੀਤਾ ਅਤੇ ਖ਼ੁਦ ਇਸ ਦਾ ਪ੍ਰਧਾਨ ਬਣਿਆ।

ਸਾਲ 2012 ਦੀ ਹੀ ਗੱਲ ਐ ਜਦੋਂ ਲਾਰੈਂਸ ਬਿਸ਼ਨੋਈ ’ਤੇ ਪਹਿਲਾ ਮੁਕੱਦਮਾ ਕਤਲ ਕਰਨ ਦੀ ਕੋਸ਼ਿਸ਼ ਦਾ ਦਰਜ ਹੋਇਆ। ਦਰਅਸਲ ਸਟੂਡੈਂਟਸ ਦੀ ਰਾਜਨੀਤੀ ਵਿਚ ਲਾਰੈਂਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਜਿਸ ਤੋਂ ਦੁਖੀ ਹੋ ਕੇ ਲਾਰੈਂਸ ਦੇ ਸਾਥੀ ਨੇ ਦੂਜੇ ਵਿਦਿਆਰਥੀ ਆਗੂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਦਰਜ ਹੋਏ ਮੁਕੱਦਮੇ ਵਿਚ ਲਾਰੈਂਸ ਦਾ ਨਾਮ ਵੀ ਐਫਆਈਆਰ ਵਿਚ ਪਹਿਲੀ ਵਾਰ ਦਰਜ ਹੋਇਆ। ਫਿਰ ਸਾਲ 2014 ਵਿਚ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰਕੇ ਪਹਿਲੀ ਵਾਰ ਭਰਤਪੁਰ ਜੇਲ੍ਹ ਵਿਚ ਭੇਜਿਆ ਪਰ ਜਦੋਂ ਉਸ ਨੂੰ ਪੇਸ਼ੀ ਲਈ ਮੋਹਾਲੀ ਲਿਜਾਇਆ ਜਾ ਰਿਹਾ ਸੀ ਤਾਂ ਉਹ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਪੂਰੇ ਦੋ ਸਾਲਾਂ ਤੱਕ ਉਹ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਫਿਰ ਸਾਲ 2016 ਵਿਚ ਉਹ ਮੁੜ ਤੋਂ ਪੁਲਿਸ ਦੇ ਹੱਥੇ ਚੜ੍ਹ ਗਿਆ। ਸਾਲ 2021 ਵਿਚ ਲਾਰੈਂਸ ਬਿਸ਼ਨੋਈ ਨੂੰ ਅੰਡਰਵਰਲਡ ਅਪਰਾਧ ਦੀ ਦੁਨੀਆ ਵਿਚ ਜਾਣ ਤੋਂ ਰੋਕਣ ਲਈ ਮਕੋਕਾ ਦੇ ਇਕ ਮਾਮਲੇ ਵਿਚ ਸੁਰੱਖਿਆ ਕਾਰਨਾਂ ਕਰਕੇ ਤਿਹਾੜ ਜੇਲ੍ਹ ਵਿਚ ਲਿਆ ਕੇ ਬੰਦ ਕਰ ਦਿੱਤਾ ਗਿਆ, ਜਦਕਿ ਪਹਿਲਾਂ ਉਹ ਬਠਿੰਡਾ ਦੀ ਜੇਲ੍ਹ ਵਿਚ ਬੰਦ ਸੀ।

ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਅਪਰਾਧਾਂ ਦੀ ਲਿਸਟ ਲੰਬੀ ਹੁੰਦੀ ਚਲੀ ਗਈ। ਸਾਲ 2022 ਵਿਚ ਉਸ ਨੂੰ ਜੇਲ੍ਹ ਤੋਂ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ, ਫਿਰ ਗੁਜਰਾਤ ਐਂਟਰੀ ਟੈਰੋਰਿਸਟ ਸਕੁਐਡ ਵੱਲੋਂ ਉਸ ਨੂੰ ਨਸ਼ਾ ਤਸਕਰੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ, ਜੋ ਕੱਛ ਤੋਂ ਇਕ ਪਾਕਿਸਤਾਨੀ ਜਹਾਜ਼ ਵਿਚੋਂ ਨਸ਼ੇ ਦੀ ਬਰਾਮਦ ਹੋਈ ਵੱਡੀ ਖੇਪ ਨਾਲ ਜੁੜਿਆ ਹੋਇਆ ਸੀ। ਇਸ ਮਾਮਲੇ ਵਿਚ ਗੁਜਰਾਤ ਪੁਲਿਸ ਨੇ ਉਸ ਨੂੰ ਦਿੱਲੀ ਜੇਲ੍ਹ ਤੋਂ ਕੱਢ ਕੇ ਸਾਬਰਮਤੀ ਜੇਲ੍ਹ ਵਿਚ ਡੱਕ ਦਿੱਤਾ, ਉਦੋਂ ਤੋਂ ਉਹ ਇਸੇ ਜੇਲ੍ਹ ਵਿਚ ਬੰਦ ਐ। ਆਮ ਤੌਰ ’ਤੇ ਦੇਖਿਆ ਜਾਂਦਾ ਏ ਕਿ ਅਪਰਾਧੀ ਖ਼ਤਰਨਾਕ ਵਾਰਦਾਤਾਂ ਨੂੰ ਅੰਜ਼ਾਮ ਦੇਣ ਮਗਰੋਂ ਕਾਨੂੰਨ ਤੋਂ ਲੁਕਦੇ ਫਿਰਦੇ ਨੇ ਪਰ ਲਾਰੈਂਸ ਗੈਂਗ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਖ਼ੁਦ ਉਸ ਦੀ ਜ਼ਿੰਮੇਵਾਰੀ ਲੈਂਦਾ ਏ। ਜਿਸ ਹਿਸਾਬ ਨਾਲ ਲਾਰੈਂਸ ਦਾ ਨਾਮ ਵੱਡੇ ਵੱਡੇ ਅਪਰਾਧਾਂ ਵਿਚ ਜੁੜ ਚੁੱਕਿਆ ਏ, ਕੀ ਉਸ ਹਿਸਾਬ ਨਾਲ ਉਸ ਨੂੰ ਸਜ਼ਾ ਵੀ ਮਿਲੇਗੀ? ਇਸ ਨੂੰ ਲੈ ਕੇ ਸਾਰੇ ਲੋਕਾਂ ਦੇ ਮਨਾਂ ਵਿਚ ਸਵਾਲ ਗੋਤੇ ਖਾ ਰਹੇ ਨੇ।

Next Story
ਤਾਜ਼ਾ ਖਬਰਾਂ
Share it