6ਵੀਂ ਵਾਰ ਆਪਣਾ ਆਖਰੀ ਹਥਿਆਰ ਵਰਤ ਰਹੇ ਜਗਜੀਤ ਸਿੰਘ ਡੱਲੇਵਾਲ
ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ਵੀ ਜਾਰੀ ਹੈ। ਉਹ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਹਨ। ਹੈ। ਉੱਥੇ ਹੀ ਡਾ ਸਵੈਮਾਨ ਦੀ ਟੀਮ ਵੱਲੋਂ ਉਨ੍ਹਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ।
By : Makhan shah
ਚੰਡੀਗੜ੍ਹ, ਕਵਿਤਾ: ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ਵੀ ਜਾਰੀ ਹੈ। ਉਹ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਹਨ। ਹੈ। ਉੱਥੇ ਹੀ ਡਾ ਸਵੈਮਾਨ ਦੀ ਟੀਮ ਵੱਲੋਂ ਉਨ੍ਹਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਆਓ ਅੱਜ ਦੀ ਰਿਪੋਰਟ ਵਿੱਚ ਜਾਣਦੇ ਹਾਂ ਕਿ ਆਖਰ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਸੰਘਰਸ਼ ਨਾਲ ਕਿਵੇਂ ਜੁੜੇ ਤੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਤੱਕ ਕਿਵੇਂ ਪਹੁੰਚੇ।
ਟੀਮ ਦੇ ਡਾਕਟਰਾਂ ਮੁਤਾਬਕ ਉਹ ਕੈਂਸਰ ਦੇ ਪੀੜਤ ਹਨ, ਪਰ ਉਨ੍ਹਾਂ ਮਰਨ ਵਰਤ ਦੌਰਾਨ ਖਾਣੇ ਦੇ ਨਾਲ-ਨਾਲ ਦਵਾਈ ਖਾਣੀ ਵੀ ਛੱਡੀ ਹੋਈ ਹੈ। ਅਜਿਹੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਦੀ ਹਾਲਤ ਬੇਹੱਦ ਨਾਜੁਕ ਬਣੀ ਹੋਈ ਹੈ। ਜਗਜੀਤ ਸਿੰਘ ਡੱਲੇਵਾਲ ਆਪਣੇ ਮਰਨ ਵਰਤ ਦੇ 24ਵੇਂ ਦਿਨ ਜਦੋਂ ਨਹਾਉਣ ਲਈ ਗਏ ਸੀ ਤਾਂ ਉਹ ਬੇਹੋਸ਼ ਵੀ ਹੋ ਗਏ ਸਨ। ਮੌਕੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਖੁਬ ਵਾਇਰਲ ਵੀ ਹੋਈਆਂ ਸਨ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਹੋਸ਼ ਵਿੱਚ ਆਉਣ ਤੋਂ ਬਾਅਦ ਡੱਲੇਵਾਲ ਨੇ ਸਾਨੂੰ ਕਿਹਾ ਕਿ ਅਸੀਂ ਸੁਪਰੀਮ ਕੋਰਟ ਵਿੱਚ ਆਪਣੀ ਗੱਲ ਰੱਖਾਂਗੇ। ਹਾਲਾਂਕਿ ਉਹ ਬੋਲਣ ਅਤੇ ਖੜ੍ਹੇ ਹੋਣ ਦੀ ਸਥਿਤੀ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਮੈਂ ਨਹੀਂ ਬੋਲਾਂਗਾ ਪਰ ਤੁਸੀਂ ਮੇਰੇ ਕੋਲ ਬੈਠ ਕੇ ਕਿਸਾਨਾਂ ਦਾ ਪੱਖ਼ ਜ਼ਰੂਰ ਰੱਖਣਾ।''
ਜਗਜੀਤ ਸਿੰਘ ਡੱਲੇਵਾਲ ਦਾ ਪਰਿਵਾਰਕ ਪਿਛੋਕੜ ਰਾਜਸਥਾਨ ਦੇ ਜੈਸਲਮੇਰ ਦਾ ਹੈ, ਉਨ੍ਹਾਂ ਦੇ ਬਜ਼ੁਰਗ ਫਰੀਦਕੋਟ ਆ ਕੇ ਵੱਸ ਗਏ ਸਨ। ਇੱਥੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਜਨਮ ਹੋਇਆ। ਜਗਜੀਤ ਸਿੰਘ ਡੱਲੇਵਾਲ ਨੇ ਮੁਢਲੀ ਪੜ੍ਹਾਈ ਫਰੀਦਕੋਟ ਤੋਂ ਹੀ ਕੀਤੀ ਅਤੇ ਫਿਰ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਜਵਾਨੀ ਵੇਲੇ ਡੱਲੇਵਾਲ ਵਿਦਿਆਰਥੀ ਵਜੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹੇ ਹਨ। ਇਸ ਵੇਲ਼ੇ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਚਾਲੀ ਸਾਲਾਂ ਤੋਂ ਕਿਸਾਨ ਆਗੂ ਡੱਲੇਵਾਲ ਕਿਸਾਨੀ ਲਹਿਰ ਨਾਲ ਜੁੜੇ ਹੋਏ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਸੰਘਰਸ਼ ਨਾਲ ਕਿਵੇਂ ਜੁੜੇ। ਦਰਅਸਲ ਜਾਣਕਾਰੀ ਮੁਤਾਬਕ 2000 ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਵੱਡੇ ਭਰਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਧੜੇ ਦੇ ਬਲਾਕ ਦੇ ਖਜ਼ਾਨਚੀ ਬਣ ਗਏ ਸਨ। ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਇਸ ਲਈ ਉਹ ਸਾਰਾ ਹਿਸਾਬ-ਕਿਤਾਬ ਜਗਜੀਤ ਸਿੰਘ ਦੀ ਮਦਦ ਨਾਲ ਕਰਦੇ ਸਨ। ਉਨ੍ਹਾਂ ਦੀ ਮਦਦ ਕਰਦੇ-ਕਰਦੇ ਉਹ ਆਪ ਵੀ ਕਿਸਾਨ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਲੱਗ ਪਏ। 2001 ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਅਜਮੇਰ ਸਿੰਘ ਲੱਖੋਵਾਲ ਅਤੇ ਪਿਸ਼ੌਰਾ ਸਿੰਘ ਸਿੱਧੂਪੁਰ ਵਿਚਾਲੇ ਮਤਭੇਦ ਹੋ ਗਏ ਅਤੇ ਯੂਨੀਅਨ ਦੋਫਾੜ ਹੋ ਗਈ।
ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਵਾਲੇ ਧੜੇ ਨਾਲ ਗਏ ਅਤੇ ਉਨ੍ਹਾਂ ਨੂੰ ਫਰੀਦਕੋਟ ਦੇ ਸਾਦਿਕ ਬਲਾਕ ਦਾ ਪ੍ਰਧਾਨ ਬਣਾਇਆ ਗਿਆ। ਫੇਰ ਉਹ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਤੇ ਕਰੀਬ 15 ਸਾਲ ਇਸ ਅਹੁਦੇ ਉੱਤੇ ਕੰਮ ਕਰਦੇ ਰਹੇ।
ਚੰਗੇ ਪੜ੍ਹੇ ਲਿਖੇ ਅਤੇ ਲਗਾਤਾਰ ਹਰ ਕੰਮ ਵਿੱਚ ਐਕਟਿਵ ਰਹਿਣ ਵਾਲੇ ਕਿਸਾਨ ਆਗੂ ਜਗਜੀ ਸਿੰਘ ਡੱਲੇਵਾਲ ਪਿਸ਼ੌਰਾ ਸਿੰਘ ਸਿੱਧੂਪੁਰ ਦੇ ਭਰੋਸੇਮੰਦ ਆਗੂ ਬਣ ਗਏ। ਪਿਸ਼ੌਰਾ ਸਿੰਘ ਸਿੱਧੂ ਦੀ 2018 ਵਿੱਚ ਜਦੋਂ ਸਿਹਤ ਖ਼ਰਾਬ ਹੋਈ ਤਾਂ ਉਨ੍ਹਾਂ ਜਥੇਬੰਦੀ ਦੀ ਇੱਕ ਬੈਠਕ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ, ਹਾਲਾਂਕਿ ਇਸਨੂੰ ਜਗਜੀਤ ਸਿੰਘ ਡੱਲੇਵਾਲ ਨੇ ਸਵਿਕਾਰ ਨਹੀਂ ਕੀਤਾ।
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਅਭਿਮਨਿਊ ਕੋਹਾੜ ਜਗਜੀਤ ਸਿੰਘ ਡੱਲੇਵਾਲ ਦੇ ਕਰੀਬੀ ਸਾਥੀ ਹਨ ਜੋ ਦੱਸਦੇ ਹਨ ਕਿ ਡੱਲੇਵਾਲ ਇਸ ਬੈਠਕ ਵਿੱਚੋਂ ਨਾਰਾਜ਼ ਹੋ ਕੇ ਬਾਹਰ ਆ ਗਏ ਸਨ। ਉਨ੍ਹਾਂ ਕਿਹਾ ਕਿ ਉਹ ਪਿਸ਼ੌਰਾ ਸਿੰਘ ਦੇ ਜਿਊਂਦੇ ਜੀਅ ਕਾਰਜਕਾਰੀ ਪ੍ਰਧਾਨ ਨਹੀਂ ਬਣਨਗੇ। ਪਰ ਇਸ ਘਟਨਾ ਤੋਂ 2-3 ਮਹੀਨੇ ਬਾਅਦ ਹੀ ਪਿਸ਼ੌਰ ਸਿੰਘ ਦਾ ਦੇਹਾਂਤ ਹੋ ਗਿਆ ਤਾਂ ਜਥੇਬੰਦੀ ਨੇ ਉਨ੍ਹਾਂ ਦੇ ਭੋਗ ਸਮਾਗਮ ਵੇਲੇ ਹੀ ਜਗਜੀਤ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਅਤੇ ਫੇਰ ਚੋਣ ਕਰਕੇ ਆਪਣਾ ਆਗੂ ਚੁਣ ਲਿਆ।
ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਤੇ ਲੰਬੇ ਸਮੇਂ ਤੱਕ ਚੱਲੇ ਸੰਘਰਸ਼ ਵਿੱਚ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਸੰਘਰਸ਼ ਦੇ ਮੋਹਰੀਆਂ ਆਗੂਆਂ ਵਿੱਚੋਂ ਇੱਕ ਹਨ।
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੁਝ ਕਿਸਾਨ ਜਥੇਬੰਦੀਆਂ ਨੇ ਚੋਣਾਂ ਵਿੱਚ ਹਿੱਸਾ ਲਿਆ ਤਾਂ ਡੱਲੇਵਾਲ ਨੇ ਆਪਣਾ ਰਾਹ ਵੱਖ ਕਰ ਲਿਆ। ਉਨ੍ਹਾਂ ਐੱਸਕੇਐੱਮ (ਗੈਰ-ਰਾਜਨੀਤਿਕ) ਦਾ ਗਠਨ ਕਰ ਲਿਆ। ਇਸ ਨਾਲ ਹਰਿਆਣਾ, ਪੰਜਾਬ, ਉੱਤਰਾਖੰਡ ਅਤੇ ਯੂਪੀ ਦੇ ਕੁਝ ਸੰਗਠਨ ਸ਼ਾਮਲ ਹਨ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਮਿਲ ਕੇ ਫਰਵਰੀ 2024 ਵਿੱਚ ਦਿੱਲੀ ਕੂਚ ਕਰ ਦਿੱਤਾ। ਉਦੋਂ ਤੋਂ ਹੀ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਰੋਕਿਆ ਹੋਇਆ ਹੈ।
ਪਹਿਲਾਂ ਸਰਕਾਰ ਨੇ ਕਿਹਾ ਕਿ ਉਹ ਟਰੈਕਟਰਾਂ ਨਾਲ ਦਿੱਲੀ ਨਹੀਂ ਜਾਣ ਦੇਣਗੇ। ਪਰ ਹੁਣ ਜਦੋਂ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ 101 ਦੇ ਜਥੇ ਪੈਦਲ ਭੇਜਣੇ ਸ਼ੁਰੂ ਕੀਤੇ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ਉੱਤੇ ਹੰਝੂ ਗੈਸ ਦੇ ਗੋਲ਼ੇ ਅਤੇ ਪਾਣੀ ਦੀਆਂ ਬੋਛਾੜਾ ਸੁੱਟੀਆਂ ਜਿਸ ਦੌਰਾਨ ਕਈ ਕਿਸਾਨ ਜਖ਼ਮੀ ਵੀ ਹੋਏ ਸਨ।
ਤੁਹਾਨੂੰ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਤੋਂ ਖਨੌਰੀ ਤੋਂ ਮਰਨ ਵਰਤ ਸ਼ੁਰੂ ਕੀਤਾ ਸੀ ,ਜਦਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਸ਼ੰਭੂ ਬਾਰਡਰ ਉੱਤੇ ਮੋਰਚੇ ਦੀ ਅਗਵਾਈ ਕਰ ਰਹੇ ਹਨ।
ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਹੁਣ ਤੱਕ 5 ਵਾਰੀ ਮਰਨ ਵਰਤ ਰੱਖ ਕੇ ਕਿਸਾਨਾਂ ਨੂੰ ਜਿੱਤ ਦਵਾ ਚੁੱਕੇ ਹਨ। ਜੀ ਹਾਂ ਡੱਲੇਵਾਲ ਨੇ ਪਹਿਲੀ ਵਾਰ 2005-06 ਵਿੱਚ ਸਿੱਧੂਪੁਰ ਜਥੇਬੰਦੀ ਤਪਾ ਮੰਡੀ ਵਿੱਚ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਨ। ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਫਿਰੋਜ਼ਪੁਰ ਜੇਲ੍ਹ ਵਿੱਚ ਲੈ ਗਈ। ਜਿੱਥੇ ਉਨ੍ਹਾਂ ਨਾਲ ਅਪਰਾਧੀਆਂ ਵਾਲਾ ਵਿਵਹਾਰ ਕੀਤਾ ਗਿਆ ਇਸ ਦੇ ਵਿਰੋਧ ਵਿੱਚ ਡੱਲੇਵਾਲ ਨੇ ਪਹਿਲੀ ਵਾਰ 10 ਦਿਨਾਂ ਦਾ ਮਰਨ ਵਰਤ ਰੱਖਿਆ ਸੀ ਤੇ 11ਵੇਂ ਦਿਨ ਸਾਰੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਕਰ ਦਿੱਤੀ ਗਈ ਸੀ।
ਫਿਰ 2018 ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਕੂਚ ਕੀਤਾ। ਪਰ ਉਨ੍ਹਾਂ ਨੂੰ ਸੰਗਰੂਰ ਦੀ ਚੀਮਾ ਮੰਡੀ ਵਿੱਚ ਪੁਲਿਸ ਨੇ ਜ਼ਬਰੀ ਰੋਕੀ ਰੱਖਿਆ। ਇੱਥੇ ਡੱਲੇਵਾਲ ਨੇ ਦੂਜੀ ਵਾਰ ਮਰਨ ਵਰਤ ਸ਼ੁਰੂ ਕੀਤਾ। ਅਖੀਰ ਕਈ ਦਿਨਾਂ ਬਾਅਦ ਦਿੱਲੀ ਜਾਣ ਵਿੱਚ ਸਫ਼ਲ ਰਹੇ ਅਤੇ ਰਾਮਲੀਲ਼ਾ ਮੈਦਾਨ ਵਿੱਚ ਡੱਲੇਵਾਲ ਦਾ ਮਰਨ ਵਰਤ ਮੁੜ ਸ਼ੁਰੂ ਹੋਇਆ। ਉਦੋਂ ਹੀ ਅੰਨਾ ਹਜ਼ਾਰੇ ਦਾ ਮਰਨ ਵਰਤ ਵੀ ਇੱਥੇ ਸ਼ੁਰੂ ਹੋਇਆ ਸੀ ਅੰਨਾ ਹਜ਼ਾਰੇ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਿਹਾ ਕਿ ਉਨ੍ਹਾਂ ਦੀ ਉਮਰ ਅਜੇ ਛੋਟੀ ਹੈ ਅਤੇ ਉਹ ਮਰਨ ਵਰਤ ਛੱਡ ਦੇਣ।ਪਰ ਡੱਲੇਵਾਲ ਨਾ ਮੰਨੇ ਅਤੇ ਫਿਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ।
ਇਸਤੋਂ ਬਾਅਦ 2019 ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣ ਆਏ ਸਨ, ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਜ਼ਬਰੀ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਬੈਠਕ ਕਰਵਾਈ ਗਈ ਅਤੇ ਕੁਝ ਮੰਗਾਂ ਮੰਨੀਆਂ ਗਈਆਂ।
ਜਗਜੀਤ ਸਿੰਘ ਨੇ ਚੌਥਾ ਮਰਨ ਵਰਤ 2023 ਵਿੱਚ ਮਰਨ ਵਰਤ ਰੱਖਿਆ ਸੀ। ਇਹ ਅਬਾਦਕਾਰ ਕਿਸਾਨਾਂ ਤੋਂ ਜ਼ਮੀਨਾਂ ਨਾ ਲੈਣ ਅਤੇ ਕਈ ਹੋਰ ਮੰਗਾਂ ਲਈ ਕੀਤਾ ਗਿਆ। ਜਿਸ ਦੀ ਸਮਾਪਤੀ ਸਰਕਾਰ ਵਲੋਂ ਲਿਖਤੀ ਸਮਝੌਤੇ ਨਾਲ ਕੀਤੀ ਗਈ ਸੀ। ਇਸੇ ਦੇ ਨਾਲ 2023 ਵਿੱਚ ਹੀ ਜਗਜੀਤ ਡੱਲੇਵਾਲ ਨੇ ਦੂਜੀ ਵਾਰ ਮਰਨ ਵਰਤ ਪਟਿਆਲਾ ਵਿੱਚ ਰੱਖਿਆ ਸੀ। ਉਹ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ। ਜਦੋਂ ਪ੍ਰਸ਼ਾਸਨ ਨੇ ਜ਼ਬਰੀ ਟੈਂਟ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਡੱਲੇਵਾਲ ਨੇ ਮੁੜ ਮਰਨ ਵਰਤ ਰੱਖ ਲਿਆ।
ਬਾਅਦ ਵਿੱਚ ਸਰਕਾਰ ਨੇ ਲਿਖਤੀ ਮੰਗਾਂ ਮੰਨੀਆਂ ਤੇ ਜਿੱਤ ਨਾਲ ਸੰਘਰਸ਼ ਖ਼ਤਮ ਹੋਇਆ। ਅਤੇ ਹੁਣ ਡੱਲੇਵਾਲ ਦਾ ਛੇਵਾਂ ਮਰਨ ਵਰਤ ਖਨੌਰੀ ਖਨੌਰੀ ਬਾਰਡਰ ਉੱਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਦਿੱਲੀ ਦੇ ਕਿਸਾਨੀ ਅੰਦੋਲਨ ਦੌਰਾਨ ਮੰਗਾਂ ਮਨਾਉਣ ਲਈ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਿਹਤ ਬਾਰੇ ਨਵੀਂ ਰਿਪਰੋਟ ਸਾਹਮਣੇ ਆਈ ਹੈ। ਜਿਸ ਮੁਤਾਬਿਕ ਬਲੱਡ ਪ੍ਰੈਸ਼ਰ 108/75mmHg, ਪਲੱਸ 84, ਐਸਪੀਓ2-98% ਤੇ ਉਨ੍ਹਾਂ ਦਾ ਤਾਪਮਾਨ 96.1f ਹੈ।