ਪੰਜਾਬ ’ਚ ਕਾਂਗਰਸ ਨੇਤਾ ਨੇ ਆਪਣੇ ਪਤੀ ਨੂੰ ਬਣਾਇਆ ਬੰਦੀ!
ਜ਼ਿਲ੍ਹਾ ਫਾਜ਼ਿਲਕਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮਹਿਲਾ ਪ੍ਰਧਾਨ ’ਤੇ ਆਪਣੇ ਪਤੀ ਨੂੰ ਬੰਦੀ ਬਣਾ ਕੇ ਰੱਖਣ ਦੇ ਇਲਜ਼ਾਮ ਲੱਗੇ ਨੇ। ਸੂਚਨਾ ਮਿਲਣ ’ਤੇ ਪੁਲਿਸ ਨੇ ਪੀੜਤ ਪਤੀ ਨੂੰ 25 ਘੰਟੇ ਬਾਅਦ ਛੁਡਾਇਆ। ਮਹਿਲਾ ਨੇ ਆਪਣੇ ਪਤੀ ਨੂੰ ਕਮਰੇ ਵਿਚ ਬੰਦ ਕਰਕੇ ਰੱਖਿਆ ਹੋਇਆ ਸੀ, ਉਸ ਨੂੰ ਖਾਣਾ ਪੀਣਾ ਵੀ ਨਹੀਂ ਦਿੱਤਾ ਜਾ ਰਿਹਾ ਸੀ,
By : Makhan shah
ਅਬੋਹਰ : ਜ਼ਿਲ੍ਹਾ ਫਾਜ਼ਿਲਕਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮਹਿਲਾ ਪ੍ਰਧਾਨ ’ਤੇ ਆਪਣੇ ਪਤੀ ਨੂੰ ਬੰਦੀ ਬਣਾ ਕੇ ਰੱਖਣ ਦੇ ਇਲਜ਼ਾਮ ਲੱਗੇ ਨੇ। ਸੂਚਨਾ ਮਿਲਣ ’ਤੇ ਪੁਲਿਸ ਨੇ ਪੀੜਤ ਪਤੀ ਨੂੰ 25 ਘੰਟੇ ਬਾਅਦ ਛੁਡਾਇਆ। ਮਹਿਲਾ ਨੇ ਆਪਣੇ ਪਤੀ ਨੂੰ ਕਮਰੇ ਵਿਚ ਬੰਦ ਕਰਕੇ ਰੱਖਿਆ ਹੋਇਆ ਸੀ, ਉਸ ਨੂੰ ਖਾਣਾ ਪੀਣਾ ਵੀ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਕਰਕੇ ਉਹ ਬੇਹੋਸ਼ੀ ਦੀ ਹਾਲਤ ਵਿਚ ਘਰੇ ਪਿਆ ਹੋਇਆ ਸੀ। ਪੁਲਿਸ ਨੇ ਤੁਰੰਤ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਦੇਖੋ ਪੂਰੀ ਖ਼ਬਰ।
ਜ਼ਿਲ੍ਹਾ ਫਾਜ਼ਿਲਕਾ ਵਿਖੇ ਕਾਂਗਰਸ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਕਵਿਤਾ ਸੋਲੰਕੀ ’ਤੇ ਆਪਣੇ ਪਤੀ ਸ਼ਿਆਮ ਲਾਲ ਨੂੰ ਬੰਦੀ ਬਣਾ ਕੇ ਰੱਖਣ ਦੇ ਇਲਜ਼ਾਮ ਲੱਗੇ ਨੇ, ਜਿਸ ਨੂੰ ਪੁਲਿਸ ਨੇ ਘਰੇ ਪਹੁੰਚ ਕੇ ਉਸ ਦੇ ਕਬਜ਼ੇ ਵਿਚ ਛੁਡਾਇਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ। ਪੁਲਿਸ ਟੀਮ ਨੇ ਦੇਖਿਆ ਕਿ ਮਹਿਲਾ ਦੇ ਪਤੀ ਇਕ ਬੰਦ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਏ ਹੋਏ ਸੀ, ਜਿਸ ਨੂੰ ਪੁਲਿਸ ਨੇ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਸ਼ਿਆਮ ਲਾਲ ਦਾ ਇਲਾਜ ਕੀਤਾ ਜਾ ਰਿਹਾ ਏ। ਪੀੜਤ ਸ਼ਿਆਮ ਲਾਲ ਦਾ ਕਹਿਣਾ ਏ ਕਿ ਉਸ ਦੀ ਪਤਨੀ ਵੱਲੋਂ ਕਈ ਸਾਲਾਂ ਤੋਂ ਉਸ ਦੇ ਨਾਲ ਮਾਰਕੁੱਟ ਕੀਤੀ ਜਾ ਰਹੀ ਐ ਅਤੇ ਉਸ ਦੀ ਸੱਤ ਕਰੋੜ ਰੁਪਏ ਦੀ ਸੰਪਤੀ ’ਤੇ ਵੀ ਕਬਜ਼ਾ ਕਰ ਲਿਆ।
ਸਰਕਾਰੀ ਹਸਪਤਾਲ ਵਿਚ ਦਾਖ਼ਲ ਸੇਵਾਮੁਕਤ ਐਸਡੀਓ ਸ਼ਿਆਮ ਲਾਲ ਨੇ ਦੱਸਿਆ ਕਿ ਕਵਿਤਾ ਦੇ ਕਹਿਣ ’ਤੇ ਉਹ ਆਪਣਾ ਪੂਰਾ ਪਰਿਵਾਰ ਛੱਡ ਕੇ ਅਬੋਹਰ ਰਹਿਣ ਲੱਗਿਆ ਸੀ ਅਤੇ ਕਵਿਤਾ ਦੇ ਨਾਂਅ ’ਤੇ ਗੈਸ ਏਜੰਸੀ ਵੀ ਲੈ ਲਈ ਸੀ, ਜਿਸ ਦੀ ਦੇਖਰੇਖ ਅਤੇ ਉਸ ਤੋਂ ਹੋਣ ਵਾਲੀ ਆਮਦਨ ਵੀ ਕਵਿਤਾ ਦੇ ਕੋਲ ਹੀ ਜਾਂਦੀ ਐ। ਪਿਛਲੇ ਕੁੱਝ ਦਿਨਾਂ ਤੋਂ ਕਵਿਤਾ ਵੱਲੋਂ ਉਸ ਨਾਲ ਕਾਫ਼ੀ ਬੁਰਾ ਵਰਤਾਅ ਕੀਤਾ ਜਾ ਰਿਹਾ ਏ।
ਸ਼ਿਆਮ ਲਾਲ ਨੇ ਨੇ ਦੱਸਿਆ ਕਿ 5 ਅਕਤੂਬਰ ਦੀ ਰਾਤ ਨੂੰ ਉਸ ਨੂੰ ਉਸ ਦੀ ਪਤਨੀ ਕਵਿਤਾ ਨੇ ਘਰ ਦੇ ਇਕ ਕਮਰੇ ਵਿਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਕਾਫ਼ੀ ਦੇਰ ਤੱਕ ਉਸ ਨੂੰ ਕਮਰੇ ਤੋਂ ਬਾਹਰ ਨਹੀਂ ਕੱਢਿਆ। ਇਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਵਿਭਾਗ ਦੇ ਸਾਬਕਾ ਅਧਿਕਾਰੀਆਂ ਅਤੇ ਕਰਮਚਾਰੀਆ ਦੇ ਨਾਲ ਫ਼ੋਨ ’ਤੇ ਸੰਪਰਕ ਕੀਤਾ ਪਰ ਉਸ ਦੀ ਗੱਲ ਸੁਣਨ ਤੋਂ ਬਾਅਦ ਜਦੋਂ ਰਿਸ਼ਤੇਦਾਰ ਅਤੇ ਵਿਭਾਗ ਦੇ ਲੋਕ ਉਨ੍ਹਾਂ ਦੇ ਘਰ ਪੁੱਜੇ ਤਾਂ ਕਵਿਤਾ ਨੇ ਉਨ੍ਹਾਂ ਨੂੰ ਘਰ ਵਿਚ ਨਹੀਂ ਦਾਖ਼ਲ ਹੋਣ ਦਿੱਤਾ।
ਸ਼ਿਆਮ ਲਾਲ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਕਵਿਤਾ ਵੱਲੋਂ ਉਸ ਨੂੰ 24 ਘੰਟੇ ਕਮਰੇ ਵਿਚ ਬੰਦ ਭੁੱਖਾ ਪਿਆਸਾ ਰੱਖਿਆ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਉਸ ਨੇ ਦੱਸਿਆ ਕਿ ਉਸ ਵੱਲੋਂ ਪੁਲਿਸ ਹੈਲਪਲਾਈਨ 112 ’ਤੇ ਵੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਰਾਤੀਂ ਕਰੀਬ 10 ਵਜੇ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਪੁੱਜੇ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਕਮਰੇ ਤੋਂ ਬਾਹਰ ਕਢਵਾਇਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ। ਸ਼ਿਆਮ ਲਾਲ ਦਾ ਕਹਿਣਾ ਏ ਕਿ ਉਸ ਦੀ ਪਤਨੀ ਨੇ ਉਸ ਦੀ ਸੱਤ ਕਰੋੜ ਰੁਪਏ ਦੀ ਸੰਪਤੀ ਆਪਣੇ ਨਾਮ ਕਰਵਾ ਲਈ ਐ। ਉਸ ਨੇ ਦੱਸਿਆ ਕਿ ਉਸ ਨੇ ਉਸ ’ਤੇ ਕਈ ਫ਼ਰਜ਼ੀ ਮਾਮਲੇ ਵੀ ਗੈਰਕਾਨੂੰਨੀ ਤੌਰ ’ਤੇ ਦਰਜ ਕਰਵਾ ਦਿੱਤੇ ਨੇ।
ਇੱਥੇ ਹੀ ਬਸ ਨਹੀਂ, ਸ਼ਿਆਮ ਲਾਲ ਨੇ ਆਖਿਆ ਕਿ ਉਸ ਦੀ ਪਤਨੀ ਕੰਟਰੈਕਟ ਕਿਲਰ ਰਾਹੀਂ ਉਸ ਦੀ ਹੱਤਿਆ ਵੀ ਕਰਵਾ ਸਕਦੀ ਐ। ਜੇਕਰ ਉਸ ਦੀ ਜਾਨ ਨੂੰ ਕੁਝ ਹੋਇਆ ਤਾਂ ਇਸ ਦੀ ਜ਼ਿੰਮੇਵਾਰ ਕਵਿਤਾ ਸੋਲੰਕੀ ਹੋਵੇਗੀ। ਸ਼ਿਆਮ ਲਾਲ ਨੇ ਇਹ ਵੀ ਦੱਸਿਆ ਕਿ ਉਸ ਨੇ ਕਾਂਗਰਸ ਦੇ ਕਈ ਅਹੁਦੇਦਾਰਾਂ ਨੂੰ ਵੀ ਇਸ ਸਬੰਧੀ ਦੱਸਿਆ, ਜਿਨ੍ਹਾਂ ਨੇ ਕਵਿਤਾ ਨਾਲ ਇਸ ਸਬੰਧੀ ਗੱਲ ਵੀ ਕੀਤੀ ਪਰ ਕਵਿਤਾ ਵੱਲੋਂ ਆਪਣਾ ਘਰੇਲੂ ਮਾਮਲਾ ਦੱਸ ਕੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ।
ਉਧਰ ਜਦੋਂ ਇਸ ਸਬੰਧੀ ਕਵਿਤਾ ਸੋਲੰਕੀ ਦੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਪਣੇ ਪਤੀ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਅਤੇ ਆਖਿਆ ਕਿ ਉਸ ਦੇ ਪਤੀ ਸ਼ਿਆਮ ਲਾਲ ਵੱਲੋਂ ਹੀ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਏ। ਫਿਲਹਾਲ ਥਾਣਾ ਨੰਬਰ ਦੋ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ, ਜਾਂਚ ਤੋਂ ਬਾਅਦ ਹੀ ਮਾਮਲੇ ਦਾ ਅਸਲ ਸੱਚ ਸਾਹਮਣੇ ਆ ਸਕੇਗਾ।