Begin typing your search above and press return to search.

2024 ’ਚ ਇਹ ਵੱਡੀਆਂ ਘਟਨਾਵਾਂ ਬਣੀਆਂ ਚਰਚਾ ਦਾ ਵਿਸ਼ਾ

ਸਾਲ 2024 ਦੀ ਵਿਦਾਈ ਦੇ ਨਾਲ ਹੁਣ ਪੰਜਾਬੀਆਂ ਵੱਲੋਂ ਨਵੇਂ ਸਾਲ 2025 ਦਾ ਸਵਾਗਤ ਕੀਤਾ ਜਾ ਰਿਹਾ ਏ ਪਰ 2024 ਕਈ ਵੱਡੀਆਂ ਘਟਨਾਵਾਂ ਨੂੰ ਲੈ ਕੇ ਯਾਦ ਰੱਖਿਆ ਜਾਵੇਗਾ। ਇਸ ਸਾਲ ਜਿੱਥੇ ਪੰਜਾਬ ਨੂੰ ਵੰਦੇ ਭਾਰਤ ਟ੍ਰੇਨ ਮਿਲੀ, ਉਥੇ ਹੀ ਸਾਲ ਦੀ ਸ਼ੁਰੂਆਤ ਵਿਚ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਅੰਤ ਤੱਕ ਜਾਰੀ ਐ।

2024 ’ਚ ਇਹ ਵੱਡੀਆਂ ਘਟਨਾਵਾਂ ਬਣੀਆਂ ਚਰਚਾ ਦਾ ਵਿਸ਼ਾ
X

Makhan shahBy : Makhan shah

  |  31 Dec 2024 7:28 PM IST

  • whatsapp
  • Telegram

ਚੰਡੀਗੜ੍ਹ : ਸਾਲ 2024 ਦੀ ਵਿਦਾਈ ਦੇ ਨਾਲ ਹੁਣ ਪੰਜਾਬੀਆਂ ਵੱਲੋਂ ਨਵੇਂ ਸਾਲ 2025 ਦਾ ਸਵਾਗਤ ਕੀਤਾ ਜਾ ਰਿਹਾ ਏ ਪਰ 2024 ਕਈ ਵੱਡੀਆਂ ਘਟਨਾਵਾਂ ਨੂੰ ਲੈ ਕੇ ਯਾਦ ਰੱਖਿਆ ਜਾਵੇਗਾ। ਇਸ ਸਾਲ ਜਿੱਥੇ ਪੰਜਾਬ ਨੂੰ ਵੰਦੇ ਭਾਰਤ ਟ੍ਰੇਨ ਮਿਲੀ, ਉਥੇ ਹੀ ਸਾਲ ਦੀ ਸ਼ੁਰੂਆਤ ਵਿਚ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਅੰਤ ਤੱਕ ਜਾਰੀ ਐ। ਤਿੰਨ ਵੱਡੀਆਂ ਚੋਣਾਂ ਅਤੇ ਉਪ ਚੋਣਾਂ ਵੀ 2024 ਵਿਚ ਹੋਈਆਂ। ਅਕਾਲੀ ਦਲ ਅਤੇ ਪੰਥਕ ਸਿਆਸਤ ਵਿਚ ਚੱਲ ਰਹੀ ਹਲਚਲ ਅਜੇ ਵੀ ਜਾਰੀ ਐ। ਸੋ ਆਓ ਨਵੇਂ ਸਾਲ ਦੇ ਮੌਕੇ ’ਤੇ ਸਾਲ 2024 ਦੀਆਂ ਕੁੱਝ ਵੱਡੀਆਂ ਘਟਨਾਵਾਂ ’ਤੇ ਝਾਤ ਮਾਰਦੇ ਆਂ, ਜੋ ਪੰਜਾਬ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ।


ਸਾਲ 2024 ਦੀਆਂ ਪਿਛਲੀਆਂ ਅਹਿਮ ਘਟਨਾਵਾਂ ’ਤੇ ਝਾਤ ਮਾਰੀਏ ਤਾਂ ਸਾਲ 2024 ਦੌਰਾਨ ਪੰਜਾਬ ਵਿਚ ਕਿਸਾਨੀ ਅੰਦੋਲਨ 2.0 ਦੀ ਸ਼ੁਰੂਆਤ ਹੋਈ। ਕਿਸਾਨਾਂ ਨੇ ਦਿੱਲੀ ਵੱਲ ਵਧਣ ਦਾ ਫ਼ੈਸਲਾ ਕੀਤਾ, ਜਿਸ ਦੌਰਾਨ 21 ਫਰਵਰੀ ਨੂੰ ਹਰਿਆਣਾ ਵੱਲੋਂ ਤਾਇਨਾਤ ਕੀਤੇ ਸੁਰੱਖਿਆ ਕਰਮੀਆਂ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ, ਜਿਸ ਵਿਚ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋਈ। ਪੂਰਾ ਸਾਲ ਕਿਸਾਨੀ ਅੰਦੋਲਨ ਦੇ ਨਾਮ ਰਿਹਾ। ਸਾਲ ਦੇ ਅੰਤ ਵਿਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠਣਾ ਪਿਆ। ਸਾਲ ਦੇ ਆਖ਼ਰੀ ਦਿਨ ਤੋਂ ਪਹਿਲਾਂ ਪੂਰੇ ਸੂਬੇ ਵਿਚ ਬੰਦ ਦੀ ਕਾਲ ਦਿੱਤੀ ਗਈ, ਜਿਸ ਨੂੰ ਪੰਜਾਬੀਆਂ ਨੇ ਵਧ ਚੜ੍ਹ ਕੇ ਸਮਰਥਨ ਦਿੱਤਾ।


ਇਸੇ ਤਰ੍ਹਾਂ ਸਾਲ 2024 ਦੇ ਆਖ਼ਰ ਵਿਚ 26 ਦਸੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਦੇਹਾਂਤ ਹੋਇਆ। ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿਚ ਵੀ ਸੋਗ ਦੀ ਲਹਿਰ ਪਾਈ ਗਈ ਕਿਉਂਕਿ ਉਹ ਪੰਜਾਬ ਦੇ ਰਹਿਣ ਵਾਲੇ ਸੀ ਅਤੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ।

ਇਸ ਦੇ ਨਾਲ ਹੀ 2024 ਵਿਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਚੰਡੀਗੜ੍ਹ ਵਿਚਲਾ ਦਿਲ ਲੂਮੀਨਾਤੀ ਟੂਰ ਤਹਿਤ ਕੀਤਾ ਗਿਆ ਸ਼ੋਅ ਵੀ ਕਾਫ਼ੀ ਚਰਚਾ ਵਿਚ ਰਿਹਾ ਜੋ 14 ਦਸੰਬਰ ਨੂੰ ਹੋਇਆ ਸੀ। ਇਸ ਦੌਰਾਨ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਚਾਈਲਡ ਕਮਿਸ਼ਨ ਵੱਲੋਂ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਗੀਤਾਂ ਤੋਂ ਲੈ ਕੇ ਸ਼ੋਅ ਦੇ ਸਟੇਜ ’ਤੇ ਬੱਚਿਆਂ ਨੂੰ ਨਾ ਬੁਲਾਉਣ ਦੀ ਹਦਾਇਤ ਦਿੱਤੀ ਗਈ। ਇਸ ਤੋਂ ਬਾਅਦ ਸ਼ੋਅ ਦਾ ਮਾਮਲਾ ਹਾਈਕੋਰਟ ਵਿਚ ਵੀ ਪੁੱਜਾ। ਹਾਈਕੋਰਟ ਨੇ ਕੁੱਝ ਸ਼ਰਤਾਂ ਦੇ ਨਾਲ ਦਿਲਜੀਤ ਨੂੰ ਪਰਮਿਸ਼ਨ ਦਿੱਤੀ। ਦਿਲਜੀਤ ਨੇ ਇਸ ਦੌਰਾਨ ਕਰੀਬ ਦੋ ਘੰਟੇ ਤੱਕ ਆਪਣੀ ਪੇਸ਼ਕਾਰੀ ਦਿੱਤੀ। ਇਸ ਸ਼ੋਅ ਦੌਰਾਨ ਲੋਕਾਂ ਦੀ ਵੱਡੀ ਭੀੜ ਮੌਜੂਦ ਸੀ, ਜਿਸ ਦੌਰਾਨ 100 ਤੋਂ ਵੱਧ ਲੋਕਾਂ ਦੇ ਫ਼ੋਨ ਚੋਰੀ ਹੋ ਗਏ।


ਇਸੇ ਤਰ੍ਹਾਂ 4 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲਾ ਹੋਇਆ, ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਦੇ ਤਹਿਤ ਗੋਲਡਨ ਟੈਂਪਲ ਦੇ ਗੇਟ ਅੱਗੇ ਬਰਛਾ ਲੈ ਕੇ ਬੈਠੇ ਹੋਏ ਸੀ। ਗਰਮ ਖ਼ਿਆਲੀ ਆਗੂ ਨਰਾਇਣ ਸਿੰਘ ਚੌੜਾ ਨੇ ਉਨ੍ਹਾਂ ਦੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸੁਖਬੀਰ ਬਾਦਲ ਦੇ ਸੁਰੱਖਿਆ ਕਰਮੀਆਂ ਨੇ ਬਚਾਅ ਕਰ ਲਿਆ।

ਇਸ ਤੋਂ ਪਹਿਲਾਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਸਮੇਤ 2007 ਤੋਂ 2017 ਤੱਕ ਦੇ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ। ਪੰਥਕ ਪਾਰਟੀ ਕਹੇ ਜਾਣ ਵਾਲੇ ਅਕਾਲੀ ਦਲ ਨੇ ਕਬੂਲ ਕੀਤਾ ਕਿ ਬੇਅਦਬੀ ਕਰਨ ਵਾਲੇ ਸੌਦਾ ਸਾਧ ਦੇ ਮੁਖੀ ਨੂੰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਈ ਸੀ।


ਸਾਲ 2024 ਦੌਰਾਨ 24 ਨਵੰਬਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਸਵੇਰੇ ਬੰਬ ਡਿੱਗਿਆ ਮਿਲਿਆ। ਇਹ ਪੰਜਾਬ ਦੇ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਪਹਿਲਾ ਮਾਮਲਾ ਸੀ। ਇਸ ਤੋਂ ਬਾਅਦ ਹੁਣ ਤੱਕ ਅਜਿਹੇ 8 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿਚ ਪੁਲਿਸ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਬਚਾਅ ਦੇ ਲਈ ਪੁਲਿਸ ਨੇ ਆਪਣੇ ਥਾਣਿਆਂ ਅਤੇ ਪੁਲਿਸ ਚੌਂਕੀਆਂ ਦੀ ਕਿਲ੍ਹਾਬੰਦੀ ਵੀ ਕੀਤੀ, ਜਿਸ ਤਹਿਤ ਜਿੱਥੇ ਥਾਣਿਆਂ ਦੀਆਂ ਕੰਧਾਂ ਉਚੀਆਂ ਕੀਤੀਆਂ ਗਈਆਂ, ਉਥੇ ਹੀ ਥਾਣਿਆਂ ਦੇ ਉਪਰ ਜਾਲ਼ ਵੀ ਲਗਾਏ ਗਏ।


18 ਨਵੰਬਰ ਨੂੰ ਪੰਜਾਬ ਵਿਚ ਉਪ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਅਚਾਨਕ ਅੰਮ੍ਰਿਤਸਰ ਪੁੱਜੇ, ਜਿੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਣੀ ਪਿਲਾਉਣ ਦੀ ਸੇਵਾ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਉਨ੍ਹਾਂ ਦੇ ਇਸ ਦੌਰਾਨ ਪੰਜਾਬ ਵਿਚ ਕਾਫ਼ੀ ਚਰਚਾ ਹੋਈ।


ਇਕ ਹੋਰ ਘਟਨਾ ਦਾ ਜ਼ਿਕਰ ਕਰਦੇ ਆਂ, ਜੋ ਸਾਲ 2024 ਦੌਰਾਨ ਕਾਫ਼ੀ ਚਰਚਾ ਵਿਚ ਰਹੀ। 25 ਅਕਤੂਬਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿਚ ਮੋਹਾਲੀ ਦੇ ਡੀਐਸਪੀ ਗੁਰਸ਼ੇਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ। ਲਾਰੈਂਸ ਬਿਸ਼ਨੋਈ ਦਾ ਸਾਲ 2023 ਵਿਚ ਉਸ ਸਮੇਂ ਇੰਟਰਵਿਊ ਹੋਇਆ ਸੀ ਜਦੋਂ ਉਹ ਪੁਲਿਸ ਦੀ ਹਿਰਾਸਤ ਵਿਚ ਸੀ। ਐਸਆਈਟੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਦੇ ਇੰਟਰਵਿਊ ਵਿਚੋਂ ਇਕ ਇੰਟਰਵਿਊ ਸੀਆਈਏ ਖਰੜ ਵਿਖੇ ਕੀਤਾ ਗਿਆ ਸੀ ਜਦਕਿ ਦੂਜਾ ਇੰਟਰਵਿਊ ਜੈਪੁਰ ਵਿਚ ਹੋਇਆ ਸੀ।


ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਵੀ ਸਾਲ 2024 ਦੌਰਾਨ ਹੋਈ, ਜਿਸ ਦਾ ਕੁਨੈਕਸ਼ਨ ਪੰਜਾਬ ਦੇ ਨਾਲ ਜੁੜਿਆ ਕਿਉਂਕਿ ਇਸ ਹੱਤਿਆ ਵਿਚ ਸ਼ਾਮਲ ਮੁਹੰਮਦ ਜੀਸ਼ਾਨ ਮੁੱਖ ਭੂਮਿਕਾ ਵਿਚ ਪਾਇਆ ਗਿਆ ਜੋ ਜਲੰਧਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਸੀ। ਉਸ ਨੇ ਜੇਲ੍ਹ ਵਿਚੋਂ ਛੁੱਟਣ ਮਗਰੋਂ ਮੁੰਬਈ ਵਿਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹ ਯੋਜਨਾ ਬਣਾਈ ਸੀ ਅਤੇ ਬਾਬਾ ਸਿੱਦੀਕੀ ਦੀ ਹੱਤਿਆ ਕਰਵਾ ਦਿੱਤੀ। ਅਜੇ ਤੱਕ ਵੀ ਜੀਸ਼ਾਨ ਪੁਲਿਸ ਦੀ ਪਕੜ ਵਿਚ ਨਹੀਂ ਆ ਸਕਿਆ।


ਸਾਲ 2024 ਦੌਰਾਨ ਭਾਜਪਾ ਸਾਂਸਦ ਅਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ’ਤੇ ਵਿਵਾਦ 8 ਸਤੰਬਰ ਨੂੰ ਰੁਕਿਆ। ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਨੂੰ ਯੂ ਏ ਸਰਟੀਫਿਕੇਟ ਦਿੱਤਾ। ਦਰਅਸਲ ਫਿਲਮ ਦੇ ਦ੍ਰਿਸ਼ਾਂ ’ਤੇ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ, ਜਿਸ ਵਿਚ ਭਿੰਡਰਾਂ ਵਾਲਿਆਂ ਨੂੰ ਦਿਖਾਇਆ ਗਿਆ ਸੀ ਅਤੇ ਸਿੱਖਾਂ ਨੂੰ ਅੱਤਵਾਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।


ਸਾਲ 2024 ਦੌਰਾਨ 2 ਦਸੰਬਰ ਨੂੰ ਪੰਜਾਬ ਵਿਚ ਅੰਮ੍ਰਿਤਸਰ ਦੇ ਬਿਆਸ ਵਿਚ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉਤਰਾਧਿਕਾਰੀ ਚੁਣਿਆ ਗਿਆ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਚੁਣਿਆ।


ਸਾਲ 2024 ਦੌਰਾਨ ਰਵਨੀਤ ਬਿੱਟੂ ਵੀ ਕਾਫ਼ੀ ਚਰਚਾ ਵਿਚ ਰਹੇ। ਪੰਜਾਬ ਦੇ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਸਾਂਸਦ ਚੁਣਿਆ ਗਿਆ। ਉਨ੍ਹਾਂ ਖ਼ਿਲਾਫ਼ ਕਿਸੇ ਨੇ ਨਾਮਜ਼ਦਗੀ ਤੱਕ ਨਹੀਂ ਭਰੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਨਾ ਵਿਰੋਧ ਰਾਜ ਸਭਾ ਸਾਂਸਦ ਚੁਣ ਲਿਆ ਗਿਆ। 26 ਮਾਰਚ ਨੂੰ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋਏ ਸੀ। ਬਿੱਟੂ ਨੇ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੀ ਪਰ ਉਹ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਗਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਵਨੀਤ ਬਿੱਟੂ ਨੂੰ ਆਪਣੀ ਸਰਕਾਰ ਵਿਚ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਏ।


ਇਸੇ ਤਰ੍ਹਾਂ ਸਾਲ 2024 ਵਿਚ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਦੀ ਵੀ ਕਾਫ਼ੀ ਚਰਚਾ ਵਿਚ ਰਹੀ, ਜੋ 45 ਹਜ਼ਾਰ ਕਰੋੜ ਦਾ ਘੋਟਾਲਾ ਕਰਨ ਦੇ ਮਾਸਟਰ ਮਾਈਂਡ ਸੀ। 25 ਅਗਸਤ ਦੀ ਰਾਤ ਨੂੰ ਉਸ ਦੀ ਦਿੱਲੀ ਵਿਚ ਮੌਤ ਹੋ ਗਈ ਸੀ। ਉਸ ਨੂੰ ਜਨਵਰੀ 2016 ਵਿਚ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਦੇ ਬਾਅਦ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸੀ।


ਸਾਲ 2024 ਦੌਰਾਨ ਪੈਰਿਸ ਓਲੰਪਿਕ ਵਿਚ ਕਾਂਸੀ ਦਾ ਮੈਡਲ ਜਿੱਤ ਕੇ ਭਾਰਤੀ ਪੁਰਸ਼ ਹਾਕੀ ਟੀਮ 11 ਅਗਸਤ ਨੂੰ ਅੰਮ੍ਰਿਤਸਰ ਪੁੱਜੀ ਸੀ, ਜਿੱਥੇ ਏਅਰਪੋਰਟ ’ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ। ਇਸ ਭਾਰਤੀ ਹਾਕੀ ਟੀਮ ਵਿਚ ਪੰਜਾਬ ਦੇ 10 ਖਿਡਾਰੀ ਮੌਜੂਦ ਸਨ, ਜੋ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਸੀ।


ਸਾਲ 2024 ਦੌਰਾਨ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੋਣਾ ਵੀ ਵੱਡੀ ਘਟਨਾ ਸੀ, ਜਿਨ੍ਹਾਂ ਵਿਚ ਜਿੱਤ ਤੋਂ ਬਾਅਦ 5 ਜੁਲਾਈ ਨੂੰ ਸਹੁੰ ਚੁੱਕੀ ਗਈ ਸੀ। ਇਸ ਦੇ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਸੀ। ਉਨ੍ਹਾਂ ਵੱਲੋਂ ਇਹ ਚੋਣ ਵੀ ਜੇਲ੍ਹ ਵਿਚ ਬੈਠਿਆਂ ਹੀ ਜਿੱਤੀ ਗਈ ਸੀ।


ਇਸ ਤੋਂ ਇਲਾਵਾ ਇਕ ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਵਿਚਲਾ ਵਿਵਾਦ ਜਨਤਕ ਹੋਇਆ। ਇਸ ਦਿਨ ਬਾਗ਼ੀ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਕੇ ਮੁਆਫ਼ੀ ਸੌਂਪਿਆ, ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਪੰਜ ਵੱਡੇ ਇਲਜ਼ਾਮ ਲਗਾਏ ਸੀ। ਇਸ ਤੋਂ ਬਾਅਦ ਹੀ ਅਕਾਲੀ ਦਲ ਵਿਚ ਵਿਵਾਦ ਹੋਰ ਵਧ ਗਿਆ ਸੀ ਅਤੇ ਸੁਖਬੀਰ ਬਾਦਲ ਨੂੰ ਲੋਕਾਂ ਦਾ ਵਿਰੋਧ ਸਹਿਣਾ ਪਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣਾ ਪਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।


ਇਕ ਹੋਰ ਘਟਨਾ ਸਾਲ 2024 ਦੌਰਾਨ ਕਾਫ਼ੀ ਚਰਚਾ ਵਿਚ ਰਹੀ। 21 ਜੂਨ ਨੂੰ ਸੋਸ਼ਲ ਮੀਡੀਆ ਇਨਫਲੂਏਂਸਰ ਅਰਚਨਾ ਮਕਵਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ, ਜਿਸ ਵਿਚ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੀਸ਼ ਆਸਣ ਕਰ ਰਹੀ ਸੀ। ਇਸ ਨੂੰ ਲੈ ਕੇ ਪੂਰੇ ਪੰਜਾਬ ਵਿਚ ਵੱਡਾ ਵਿਵਾਦ ਸ਼ੁਰੂ ਹੋ ਗਿਆ ਸੀ।

ਸਾਲ 2024 ਦੌਰਾਨ ਕੰਗਣਾ ਰਣੌਤ ਦਾ ਥੱਪੜ ਕਾਂਡ ਵੀ ਕਾਫ਼ੀ ਸੁਰਖ਼ੀਆਂ ਵਿਚ ਰਿਹਾ। ਛੇ ਜੂਨ ਨੂੰ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ’ਤੇ ਸੀਆਈਐਸਐਫ ਦੀ ਇਕ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਥੱਪੜ ਮਾਰ ਦਿੱਤਾ ਸੀ। ਕੁਲਵਿੰਦਰ ਕੌਰ ਸਿੱਖ ਪਰਿਵਾਰ ਵਿਚੋਂ ਸੀ ਅਤੇ ਕੰਗਣਾ ਪਿਛਲੇ ਕਾਫ਼ੀ ਸਮੇਂ ਤੋਂ ਸਿੱਖਾਂ ਵਿਰੁੱਧ ਊਲ ਜਲੂਲ ਬੋਲਦੀ ਆ ਰਹੀ ਸੀ। ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।


ਇਸ ਤੋਂ ਇਲਾਵਾ ਸਾਲ 2024 ਨੂੰ 11 ਮਈ ਵਾਲੇ ਪ੍ਰਸਿੱਧ ਪੰਜਾਬੀ ਕਵੀ ਅਤੇ ਲੇਖਕ ਸੁਰਜੀਤ ਪਾਤਰ ਦਾ ਦੇਹਾਂਤ ਲੁਧਿਆਣਾ ਦੇ ਬਾੜੇਵਾਲ ਰੋਡ ’ਤੇ ਉਨ੍ਹਾਂ ਦੇ ਨਿਵਾਸ ਅਸਥਾਨ ’ਤੇ ਹੋਇਆ। ਉਨ੍ਹਾਂ ਦੀ ਉਮਰ 79 ਸਾਲ ਸੀ। ਸਾਲ 2021 ਵਿਚ ਸੁਰਜੀਤ ਪਾਤਰ ਨੂੰ ਪਦਮਸ੍ਰੀ ਦੇ ਨਾਲ ਸਨਮਾਨਿਤ ਕੀਤਾÇ ਗਆ ਸੀ। ਆਪਣੇ ਜੀਵਨ ਵਿਚ ਉਨ੍ਹਾਂ ਨੇ ਬਹੁਤ ਸਾਰੀਆਂ ਉਚ ਕੋਟੀ ਦੀਆਂ ਪੁਸਤਕਾਂ ਅਤੇ ਕਵਿਤਾਵਾਂ ਲਿਖੀਆਂ। ਉਨ੍ਹਾਂ ਦੀ ਮੌਤ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ ਸੀ।


ਸਾਲ 2024 ਦੌਰਾਨ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਰਹੇ ਸੁਸ਼ੀਲ ਕੁਮਾਰ ਰਿੰਕੂ ਵੀ ਕਾਫੀ ਸੁਰਖ਼ੀਆਂ ਵਿਚ ਰਹੇ। 27 ਮਾਰਚ ਨੂੰ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਜੁਆਇਨ ਕਰ ਲਈ ਸੀ। ਉਨ੍ਹਾਂ ਦੇ ਨਾਲ ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਸੀ। ਇਸ ਤੋਂ ਬਾਅਦ ਭਾਜਪਾ ਨੇ ਰਿੰਕੂ ਨੂੰ ਟਿਕਟ ਦੇ ਦਿੱਤੀ ਪਰ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ।


ਸਾਲ 2024 ਦੌਰਾਨ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਦੌਰਾਨ ਹੋਇਆ ਘੋਟਾਲਾ ਵੀ ਕਾਫ਼ੀ ਚਰਚਾ ਵਿਚ ਰਿਹਾ। 20 ਫਰਵਰੀ ਨੂੰ ਚੰਡੀਗੜ੍ਹ ਵਿਚ ਚੋਣਾਂ ਹੋਈਆਂ ਸੀ। ਇਨ੍ਹਾਂ ਚੋਣਾਂ ਦੀ ਖ਼ਾਸ ਗੱਲ ਇਹ ਸੀ ਕਿ ਇਹ ਚੋਣਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਗਠਜੋੜ ਕਰਕੇ ਲੜੀਆਂ ਗਈਆਂ ਸੀ ਪਰ ਇਸ ਦੌਰਾਨ 4 ਵੋਟਾਂ ਨਾਲ ਭਾਜਪਾ ਨੇ ਆਪਣੇ ਉਮੀਦਵਾਰ ਨੂੰ ਮੇਅਰ ਐਲਾਨ ਦਿੱਤਾ ਸੀ ਪਰ ਇਸ ਦੌਰਾਨ ਉਨ੍ਹਾਂ ਦੀਆਂ ਵੋਟਾਂ ਕੱਟਣ ਦਾ ਇਕ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ। ਫਿਰ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ, ਜਿਸ ਤੋਂ ਬਾਅਦ 20 ਫਰਵਰੀ ਨੂੰ ਮੇਅਰ ਚੋਣ ਕਰਕੇ ਨਤੀਜਾ ਬਦਲ ਦਿੱਤਾ। ਨਾਲ ਹੀ ਇੰਡੀਆ ਗਠਜੋਡ ਵਿਚ ਸ਼ਾਮਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ ਮੇਅਰ ਐਲਾਨ ਕਰ ਦਿੱਤਾ ਸੀ।


ਇਸੇ ਤਰ੍ਹਾਂ 6 ਜਨਵਰੀ ਨੂੰ ਪਹਿਲੀ ਵਾਰ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਵੰਦੇ ਭਾਰਤ ਟ੍ਰੇਨ ਰਵਾਨਾ ਹੋਈ। ਜਿਸ ਤੋਂ ਬਾਅਦ ਦਿੱਲੀ ਅੰਮ੍ਰਿਤਸਰ ਦਾ ਰੇਲ ਸਫ਼ਰ ਸਾਢੇ 5 ਘੰਟੇ ਵਿਚ ਪੂਰਾ ਹੋਇਆ। ਇਸ ਤੋਂ ਪਹਿਲਾਂ ਦਿੱਲੀ ਜਾਣ ਲਈ ਘੱਟੋ ਤੋਂ ਘੱਟ ਸਾਢੇ 6 ਘੰਟੇ ਦਾ ਸਮਾਂ ਲਗਦਾ ਸੀ। ਇਹ ਟ੍ਰੇਨ ਹਫ਼ਤੇ ਵਿਚ 6 ਦਿਨ ਚਲਦੀ ਐ ਪਰ ਸ਼ੁੱਕਰਵਾਰ ਨੂੰ ਇਹ ਟ੍ਰੇਨ ਨਹੀਂ ਚਲਦੀ।

ਸੋ ਇਹ ਸਨ ਸਾਲ 2024 ਦੀਆਂ ਪੰਜਾਬ ਵਿਚ ਵਾਪਰੀਆਂ ਕੁੱਝ ਵੱਡੀਆਂ ਘਟਨਾਵਾਂ, ਜਿਨ੍ਹਾਂ ਦੀ ਪੰਜਾਬ ਵਿਚ ਕਾਫ਼ੀ ਚਰਚਾ ਹੋਈ।

Next Story
ਤਾਜ਼ਾ ਖਬਰਾਂ
Share it