Begin typing your search above and press return to search.

ਜੇ ਅਕਾਲੀ ਦਲ ਪੰਥਕ ਤਾਂ ਅੰਮ੍ਰਿਤਪਾਲ ਤੇ ਸਰਬਜੀਤ ਖ਼ਾਲਸਾ ਕੌਣ?

ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਵਿਚ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਹੈ ਕਿ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਪਾਰਟੀ ਨੂੰ ਸਿਰਫ਼ ਇਕ ਬਠਿੰਡਾ ਸੀਟ ਤੋਂ ਹੀ ਜਿੱਤ ਹਾਸਲ ਹੋ ਸਕੀ, ਜਦਕਿ ਖਡੂਰ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਸੰਗਰੂਰ, ਜਲੰਧਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਚੌਥੇ ਨੰਬਰ ’ਤੇ ਰਹੇ ਅਤੇ ਉਹ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ।

ਜੇ ਅਕਾਲੀ ਦਲ ਪੰਥਕ ਤਾਂ ਅੰਮ੍ਰਿਤਪਾਲ ਤੇ ਸਰਬਜੀਤ ਖ਼ਾਲਸਾ ਕੌਣ?
X

Dr. Pardeep singhBy : Dr. Pardeep singh

  |  6 Jun 2024 1:19 PM IST

  • whatsapp
  • Telegram

ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਵਿਚ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਹੈ ਕਿ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਪਾਰਟੀ ਨੂੰ ਸਿਰਫ਼ ਇਕ ਬਠਿੰਡਾ ਸੀਟ ਤੋਂ ਹੀ ਜਿੱਤ ਹਾਸਲ ਹੋ ਸਕੀ, ਜਦਕਿ ਖਡੂਰ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਸ੍ਰੀ ਅਨੰਦਪੁਰ ਸਾਹਿਬ, ਸੰਗਰੂਰ, ਜਲੰਧਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਚੌਥੇ ਨੰਬਰ ’ਤੇ ਰਹੇ ਅਤੇ ਉਹ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ।

ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਝੱਲਣੀ

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਝੱਲਣੀ ਪਈ। ਅਕਾਲੀ ਦਲ ਨੇ ਭਾਵੇਂ ਪੰਜਾਬ ਦੀਆਂ 13 ਦੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸੀ ਪਰ ਉਸ ਨੂੰ ਸਿਰਫ਼ ਇਕ ਬਠਿੰਡਾ ਸੀਟ ਤੋਂ ਹੀ ਜਿੱਤ ਨਸੀਬ ਹੋ ਸਕੀ, ਜਿੱਥੋਂ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੀ ਸੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸਿਰਫ਼ ਦੋ ਉਮੀਦਵਾਰ ਹੀ ਅਜਿਹੇ ਨਿਕਲੇ ਜੋ ਆਪਣੀ ਜ਼ਮਾਨਤ ਬਚਾਉਣ ਵਿਚ ਕਾਮਯਾਬ ਰਹੇ, ਉਨ੍ਹਾਂ ਵਿਚ ਫਿਰੋਜ਼ਪੁਰ ਤੋਂ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਅਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਨਾਂਅ ਸ਼ਾਮਲ ਨੇ। ਬੌਬੀ ਮਾਨ ਨੇ ਨੋਟਾ ਵੋਟਾਂ ਨੂੰ ਛੱਡ ਕੇ ਕੁੱਲ ਜਾਇਜ਼ ਵੋਟਾਂ ਵਿਚੋਂ 22.66 ਫੀਸਦੀ ਵੋਟਾਂ ਹਾਸਲ ਕੀਤੀਆਂ ਜਦਕਿ ਅਨਿਲ ਜੋਸ਼ੀ ਨੂੰ 18.06 ਫੀਸਦੀ ਵੋਟਾਂ ਹਾਸਲ ਹੋਈਆਂ।

ਜਾਣੋ ਕਿਹੜੇ-ਕਿਹੜੇ ਦੀ ਹੋਈ ਜ਼ਮਾਨਤ ਜ਼ਬਤ

ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ, ਉਨ੍ਹਾਂ ਵਿਚ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ, ਜਿਨ੍ਹਾਂ ਨੂੰ 8.25 ਫ਼ੀਸਦੀ ਵੋਟਾਂ ਪਈਆਂ, ਗੁਰਦਾਸਪੁਰ ਤੋਂ ਦਲਜੀਤ ਸਿੰਘ ਚੀਮਾ ਜਿਨ੍ਹਾਂ ਨੂੰ 7.93 ਫੀਸਦੀ ਵੋਟਾਂ ਪਈਆਂ, ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਜਿਨ੍ਹਾਂ ਨੂੰ 10.95 ਫ਼ੀਸਦੀ ਵੋਟਾਂ ਮਿਲੀਆਂ, ਪਟਿਆਲਾ ਤੋਂ ਐਨਕੇ ਸ਼ਰਮਾ, ਜਿਨ੍ਹਾਂ ਨੇ 13.37 ਫੀਸਦੀ ਵੋਟਾਂ ਲਈਆਂ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਦੀ ਜ਼ਮਾਨਤ ਵੀ ਜ਼ਬਤ ਹੋ ਗਈ, ਜਿਨ੍ਹਾਂ ਨੂੰ 6.87 ਫ਼ੀਸਦੀ ਵੋਟਾਂ ਮਿਲੀਆਂ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ, ਜਿਨ੍ਹਾਂ ਨੂੰ ਮਹਿਜ਼ 6.19 ਫ਼ੀਸਦੀ ਵੋਟਾਂ ਮਿਲ ਸਕੀਆਂ, ਇਸੇ ਤਰ੍ਹਾਂ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਜਿਨ੍ਹਾਂ ਨੂੰ 8.52 ਫ਼ੀਸਦੀ ਵੋਟਾਂ ਮਿਲੀਆਂ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਜਿਨ੍ਹਾਂ ਨੂੰ 9.68 ਫ਼ੀਸਦੀ ਵੋਟਾਂ ਮਿਲ ਸਕੀਆਂ, ਫਰੀਦਕੋਟ ਤੋਂ ਰਾਜਵਿੰਦਰ ਸਿੰਘ, ਜਿਨ੍ਹਾਂ ਨੂੰ 13.63 ਫ਼ੀਸਦੀ ਵੋਟਾਂ ਮਿਲੀਆਂ ਅਤੇ ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਦੇ ਨਾਮ ਸ਼ਾਮਲ ਨੇ, ਜਿਨ੍ਹਾਂ ਨੂੰ 13.01 ਫ਼ੀਸਦੀ ਵੋਟਾਂ ਮਿਲ ਸਕੀਆਂ।

ਜ਼ਮਾਨਤ ਕਦੋਂ ਤੇ ਕਿਉਂ ਹੁੰਦੀ ਐ ਜ਼ਬਤ?

ਦਰਅਸਲ ਜਿਹੜੇ ਉਮੀਦਵਾਰ ਲੋਕ ਸਭਾ ਚੋਣ ਲੜਦਾ ਏ, ਉਸ ਉਮੀਦਵਾਰ ਨੂੰ ਚੋਣ ਕਮਿਸ਼ਨ ਦੇ ਕੋਲ ਸੁਰੱਖਿਆ ਵਜੋਂ ਇਕ ਨਿਸ਼ਚਿਤ ਰਕਮ ਜਮ੍ਹਾਂ ਕਰਵਾਉਣੀ ਪੈਂਦੀ ਹੈ, ਜਿਸ ਨੂੰ ‘ਸੁਰੱਖਿਆ ਡਿਪਾਜ਼ਿਟ’ ਕਿਹਾ ਜਾਂਦਾ ਹੈ। ਇਹ ਚੋਣ ਰੂਲਜ਼, 1961 ਵਿਚ ਲਾਗੂ ਕੀਤਾ ਗਿਆ ਸੀ। ਭਾਰਤ ਦੇ ਚੋਣ ਕਮਿਸ਼ਨ ਦੇ ਅਨੁਸਾਰ, ਜੇਕਰ ਕੋਈ ਉਮੀਦਵਾਰ ਚੋਣ ਵਿਚ ਕੁੱਲ ਜਾਇਜ਼ ਵੋਟਾਂ ਦਾ 16.67 ਫ਼ੀਸਦੀ ਪ੍ਰਾਪਤ ਨਹੀਂ ਕਰਦਾ ਤਾਂ ਉਸ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਐ। ਅਜਿਹੀ ਸਥਿਤੀ ਵਿਚ ਚੋਣ ਕਮਿਸ਼ਨ ਕੋਲ ਉਮੀਦਵਾਰ ਵਲੋਂ ਜਮ੍ਹਾਂ ਕਰਵਾਈ ਗਈ ਜ਼ਮਾਨਤ ਕਮਿਸ਼ਨ ਵੱਲੋਂ ਜ਼ਬਤ ਕਰ ਲਈ ਜਾਂਦੀ ਐ। ਜੇਕਰ ਕਿਸੇ ਉਮੀਦਵਾਰ ਨੂੰ 16.67 ਫ਼ੀਸਦੀ ਤੋਂ ਵੱਧ ਵੋਟਾਂ ਮਿਲਦੀਆਂ ਨੇ, ਤਾਂ ਕਮਿਸ਼ਨ ਉਸ ਦੀ ਜ਼ਮਾਨਤ ਰਕਮ ਵਾਪਸ ਕਰ ਦਿੰਦਾ ਹੈ।

ਇਸ ਤੋਂ ਇਲਾਵਾ ਜੇਕਰ ਕੋਈ ਉਮੀਦਵਾਰ ਅਪਣੀ ਨਾਮਜ਼ਦਗੀ ਵਾਪਸ ਲੈ ਲੈਂਦਾ ਹੈ ਜਾਂ ਕਿਸੇ ਕਾਰਨ ਉਸ ਦੀ ਨਾਮਜ਼ਦਗੀ ਰੱਦ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿਚ ਉਸ ਦੀ ਜ਼ਮਾਨਤ ਰਾਸ਼ੀ ਵਾਪਸ ਕਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਤੂ ਉਮੀਦਵਾਰ ਦੀ ਜ਼ਮਾਨਤ ਰਾਸ਼ੀ ਵੀ ਵਾਪਸ ਕਰ ਦਿੱਤੀ ਜਾਂਦੀ ਹੈ।

ਪਹਿਲਾਂ ਲੋਕ ਸਭਾ ਚੋਣ ਦੌਰਾਨ ਜਨਰਲ ਵਰਗ ਦੇ ਉਮੀਦਵਾਰਾਂ ਲਈ ਜ਼ਮਾਨਤ ਰਾਸ਼ੀ 500 ਰੁਪਏ ਹੁੰਦੀ ਸੀ ਅਤੇ ਐਸਸੀ ਵਰਗ ਦੇ ਉਮੀਦਵਾਰ ਲਈ 250 ਰੁਪਏ ਸੀ ਪਰ ਹੁਣ ਇਹ ਰਾਸ਼ੀ ਜਨਰਲ ਵਰਗ ਲਈ 25000 ਰੁਪਏ ਅਤੇ ਐਸਸੀ ਉਮੀਦਵਾਰ ਲਈ 12,500 ਰੁਪਏ ਕਰ ਦਿੱਤੀ ਗਈ ਹੈ।

ਪੰਥਕ ਹੈ ਕੌਣ?

ਸ਼੍ਰੋਮਣੀ ਅਕਾਲੀ ਦਲ ਅਪਣੇ-ਆਪ ਨੂੰ ਪੰਥਕ ਪਾਰਟੀ ਦੇ ਤੌਰ ’ਤੇ ਪ੍ਰਚਾਰਿਤ ਕਰਦੀ ਆ ਰਹੀ ਪਰ ਇਨ੍ਹਾਂ ਲੋਕ ਸਭਾ ਚੋਣਾਂ ਦੇ 4 ਜੂਨ ਨੂੰ ਆਏ ਨਤੀਜਿਆਂ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਐ ਤਾਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਹੋ ਕੇ ਆਜ਼ਾਦ ਤੌਰ ’ਤੇ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਅਤੇ ਫ਼ਰੀਦਕੋਟ ਤੋਂ ਜੇਤੂ ਰਹਿਣ ਵਾਲੇ ਸਰਬਜੀਤ ਸਿੰਘ ਖ਼ਾਲਸਾ ਕੌਣ? ਕਿਉਂਕਿ ਇਹ ਦੋਵੇਂ ਉਮੀਦਵਾਰ ਵੀ ਪੰਥ ਦੇ ਨਾਂ ’ਤੇ ਹੀ ਵੋਟਾਂ ਮੰਗ ਕੇ ਜੇਤੂ ਬਣੇ।

ਪਿਛਲੇ ਦੋ ਮਹੀਨੇ ਤੱਕ ਚੱਲੇ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਾਰਟੀ ਦੇ ਅਹੁਦੇਦਾਰ ਅਕਾਲੀ ਦਲ ਨੂੰ ਪੰਥਕ ਪਾਰਟੀ ਦੱਸਦੇ ਰਹੇ ਹੋਰ ਤਾਂ ਹੋਰ ਅਕਾਲੀ ਉਮੀਦਵਾਰਾਂ ਨੂੰ ਪੰਥਕ ਉਮੀਦਵਾਰ ਕਹਿ ਕੇ ਹੀ ਪ੍ਰਚਾਰਿਤ ਕੀਤਾ ਜਾਂਦਾ ਰਿਹਾ ਪਰ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਤੋਂ ਇਲਾਵਾ ਹੋਰ ਵੀ ਕਈ ਉਮੀਦਵਾਰ ਪੰਥ ਦੇ ਨਾਂ ’ਤੇ ਵੋਟਾਂ ਮੰਗਦੇ ਰਹੇ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਿਰਫ਼ ਬਠਿੰਡਾ ਸੀਟ ਤੋਂ ਪਾਰਟੀ ਪ੍ਰਧਾਨ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਹੀ ਚੋਣ ਜਿੱਤਣ ਵਿਚ ਕਾਮਯਾਬ ਹੋ ਸਕੀ।

ਸੋ ਇਨ੍ਹਾਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਗੰਭੀਰਤਾ ਨਾਲ ਸਮੀਖਿਆ ਕਰਨ ਦੀ ਲੋੜ ਹੈ ਕਿ ਆਖ਼ਰਕਾਰ ਪੰਥਕ ਲਹਿਰ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਤੱਕ ਨਹੀਂ ਬਚਾ ਸਕੇ ਜਦਕਿ ਉਹੀ ਪਾਰਟੀ ਦੇ ਉਮੀਦਵਾਰ ਸਭ ਤੋਂ ਜ਼ਿਆਦਾ ਜਿੱਤੇ, ਜਿਸ ਦੇ ਖ਼ਿਲਾਫ਼ ਅਕਾਲੀ ਦਲ ਵੱਲੋਂ ਜਮ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ।

Next Story
ਤਾਜ਼ਾ ਖਬਰਾਂ
Share it