ਮੈਨੂੰ ਸੰਸਦ ’ਚ ਬੋਲਣ ਨਹੀਂ ਦਿੱਤਾ ਜਾ ਰਿਹਾ : ਸਰਬਜੀਤ ਖ਼ਾਲਸਾ
ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤ ਦੀ ਸਰਕਾਰ ਸਾਡੇ ਨਾਲ ਇਥੇ ਤੱਕ ਗਲਤ ਵਰਤਾਅ ਕਰਨ ਦੇ ’ਤੇ ਉਤਰ ਗਈ ਹੈ ਕਿ ਸਾਨੂੰ ਆਪਣੇ ਜਮਹੂਰੀ ਅਧਿਕਾਰ ਵੀ ਨਹੀਂ ਦਿੱਤੇ ਜਾ ਰਹੇ ਨੇ। ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਮੁੱਦੇ ’ਤੇ ਬੋਲਣ ਨਹੀਂ ਦਿੱਤਾ ਜਾ ਰਿਹਾ।
By : Makhan shah
ਜਲੰਧਰ : ਜਲੰਧਰ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਮਾਡਲ ਟਾਊਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਹਲਕਾ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਪ੍ਰੈਸ ਕਾਨਫਰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੱਖੜ ਪੁੰਨਿਆਂ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਇੱਕ ਪੰਥਕ ਇਕੱਠ ਕੀਤਾ ਜਾਵੇਗਾ। ਜਿੱਥੇ ਉਹਨਾਂ ਵੱਲੋਂ ਲੋਕਾਂ ਤੋਂ ਇਹ ਰਾਇ ਲਿਆ ਜਾਵੇਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮੁੱਦਿਆਂ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਾਵੇ ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਹੀ ਐਸਜੀਪੀਸੀ ਦੀਆਂ ਹੋਣ ਵਾਲੀ ਚੋਣਾਂ ਦੇ ਵਿੱਚ ਵੱਡੇ ਇਕੱਠ ਦੇ ਨਾਲ ਚੋਣਾਂ ਵਿਚ ਹਿੱਸਾ ਲਵਾਂਗੇ।
ਉੱਥੇ ਹੀ ਮੌਜੂਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਰੱਖੜ ਪੁੰਨਿਆਂ ਵਾਲੇ ਦਿਨ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਤਾਂ ਕਰਾਂਗੇ ਪਰ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ’ਚੋਂ ਬਾਹਰ ਕੱਢਣ ਦੇ ਲਈ ਮੁਹਿੰਮ ਚਲਾ ਰਿਹਾ ਸੀ ਉਸ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਐਨਐਸਏ ਤਹਿਤ ਅੰਦਰ ਕੀਤਾ ਉਸਦੀ ਰਿਹਾਈ ਦੀ ਵੀ ਗੱਲ ਕੀਤੀ ਜਾਵੇਗੀ, ਉਥੇ ਹੀ ਉਹਨਾਂ ਨੇ ਕਿਹਾ ਕਿ ਜੋ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਗਲਤ ਕਹਿੰਦੇ ਨੇ ਉਹ ਪਹਿਲਾਂ ਆਪਣਾ ਅਕਸ ਦੇਖ ਲੈਣ।
ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਲੋਕ ਅਜਿਹੇ ਨੇ ਜੋ ਇਹ ਗੱਲਾਂ ਫੈਲਾਅ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹਲਕਾ ਖਡੂਰ ਸਾਹਿਬ ਦੇ ਲੋਕ ਉਹਨਾਂ ਨੂੰ ਜਿਤਾ ਕੇ ਪਛਤਾ ਰਹੇ ਨੇ, ਉਹ ਗੱਲ ਸਰਾਸਰ ਝੂਠ ਹੈ ਕਿਉਂਕਿ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਇੱਕ ਵੋਟ ਪਾ ਕੇ ਜਤਾਇਆ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਲੋਕਾਂ ਦੇ ਮੁੱਦਿਆਂ ਨੂੰ ਸੁਣ ਰਹੇ ਹਾਂ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਉੱਥੇ ਹੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤ ਦੀ ਸਰਕਾਰ ਸਾਡੇ ਨਾਲ ਇਥੇ ਤੱਕ ਗਲਤ ਵਰਤਾਅ ਕਰਨ ਦੇ ’ਤੇ ਉਤਰ ਗਈ ਹੈ ਕਿ ਸਾਨੂੰ ਆਪਣੇ ਜਮਹੂਰੀ ਅਧਿਕਾਰ ਵੀ ਨਹੀਂ ਦਿੱਤੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੇਰੇ ਹਲਕੇ ਦੇ ਵਿੱਚ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਉਹ ਨਿੰਦਣਯੋਗ ਹੈ। ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਮੁੱਦੇ ’ਤੇ ਬੋਲਣ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਲੋਕ ਸਭਾ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਵਾਲੇ ਮੁੱਦੇ ’ਤੇ ਬੋਲਣ ਦੀ ਵੀ ਅਪੀਲ ਕੀਤੀ ਸੀ ਪਰ ਮੇਰੀ ਇਸ ਅਪੀਲ ਨੂੰ ਲੋਕ ਸਭਾ ਦੇ ਵਿੱਚ ਖਾਰਜ ਕੀਤੀ ਗਈ। ਉਹਨਾਂ ਕਿਹਾ ਕਿ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਨਹੀਂ ਬੋਲ ਸਕਦੇ। ਉਹਨਾਂ ਨੇ ਮੈਨੂੰ ਇਸ ਲਈ ਨਾਂਹ ਕੀਤੀ ਕਿਉਕਿ ਉਹਨਾਂ ਨੇ ਕਿਹਾ ਕਿ ਇਹਨਾਂ ਮੁੱਦਿਆਂ ਦੇ ਉੱਪਰ ਮਾਹੌਲ ਗਰਮ ਹੋ ਜਾਂਦਾ ਹੈ।