ਜਾਣੋ, ਪੰਜਾਬ ਦੇ ਇਤਿਹਾਸ ’ਚ ਕਿੰਨੇ ਕੁ ਸਫ਼ਲ ਰਹੇ ਆਗੂਆਂ ਦੇ ‘ਮਰਨ ਵਰਤ’
ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਤ ਨੇ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਐ,, ਹਾਲਾਂਕਿ ਅਜੇ ਸਰਕਾਰ ਮੰਗਾਂ ਪੂਰੀਆਂ ਕਰਨ ਦੀ ਥਾਂ ਸਿਰਫ਼ ਇਹੀ ਕੋਸ਼ਿਸ਼ਾਂ ਵਿਚ ਲੱਗੀ ਹੋਈ ਐ ਕਿ ਡੱਲੇਵਾਲ ਦਾ ਮਰਨ ਵਰਤ ਕਿਵੇਂ ਤੁੜਵਾਇਆ ਜਾਵੇ। ਪੰਜਾਬ ਵਿਚ ਇਸ ਤੋਂ ਪਹਿਲਾਂ ਵੀ ਕਈ ਆਗੂਆਂ ਵੱਲੋਂ ਮਰਨ ਵਰਤ ਕੀਤੇ ਗਏ।
By : Makhan shah
ਚੰਡੀਗੜ੍ਹ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਕੇਂਦਰ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ ਨੇ, ਉਨ੍ਹਾਂ ਦਾ ਮਰਨ ਵਰਤ 25ਵੇਂ ਦਿਨ ਵਿਚ ਪਹੁੰਚ ਗਿਆ ਏ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਨੀ ਸ਼ੁਰੂ ਹੋ ਗਈ ਐ। ਦਰਅਸਲ ਡੱਲੇਵਾਲ ਦੇ ਮਰਨ ਵਰਤ ਦਾ ਮਕਸਦ ਉਨ੍ਹਾਂ ਦੀ ਕੋਈ ਨਿੱਜੀ ਮੰਗ ਨਹੀਂ ਬਲਕਿ ਉਨ੍ਹਾਂ ਨੇ ਦੇਸ਼ ਦੇ ਸਮੁੱਚੇ ਕਿਸਾਨਾਂ ਦੇ ਲਈ ਹੀ ਆਪਣੀ ਜ਼ਿੰਦਗੀ ਦਾਅ ’ਤੇ ਲਗਾਈ ਹੋਈ ਐ। ਉਂਝ ਡੱਲੇਵਾਲ ਪੰਜਾਬ ਦੇ ਕੋਈ ਪਹਿਲੇ ਆਗੂ ਨਹੀਂ, ਜੋ ਅਜਿਹੀ ਭੁੱਖ ਹੜਤਾਲ ’ਤੇ ਬੈਠੇ ਹੋਣ, ਪੰਜਾਬ ਦੇ ਇਤਿਹਾਸ ਵਿਚ ਅਜਿਹਾ ਮਰਨ ਵਰਤ ਕਈ ਆਗੂ ਕਰ ਚੁੱਕੇ ਨੇ, ਜਿਨ੍ਹਾਂ ਦਾ ਅਸਰ ਬਹੁਤ ਘੱਟ ਹੀ ਦੇਖਣ ਨੂੰ ਮਿਲਿਆ। ਸੋ ਆਓ ਤੁਹਾਨੂੰ ਅਜਿਹੀਆਂ ਕੁੱਝ ਭੁੱਖ ਹੜਤਾਲਾਂ ਬਾਰੇ ਦੱਸਦੇ ਆਂ, ਜੋ ਪੰਜਾਬ ਦੇ ਇਤਿਹਾਸ ਵਿਚ ਹੋਈਆਂ।
ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਤ ਨੇ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਐ,, ਹਾਲਾਂਕਿ ਅਜੇ ਸਰਕਾਰ ਮੰਗਾਂ ਪੂਰੀਆਂ ਕਰਨ ਦੀ ਥਾਂ ਸਿਰਫ਼ ਇਹੀ ਕੋਸ਼ਿਸ਼ਾਂ ਵਿਚ ਲੱਗੀ ਹੋਈ ਐ ਕਿ ਡੱਲੇਵਾਲ ਦਾ ਮਰਨ ਵਰਤ ਕਿਵੇਂ ਤੁੜਵਾਇਆ ਜਾਵੇ। ਪੰਜਾਬ ਵਿਚ ਇਸ ਤੋਂ ਪਹਿਲਾਂ ਵੀ ਕਈ ਆਗੂਆਂ ਵੱਲੋਂ ਮਰਨ ਵਰਤ ਕੀਤੇ ਗਏ।
ਪੰਜਾਬ ਦੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਤਾਂ ਆਜ਼ਾਦੀ ਅੰਦੋਲਨ ਦੌਰਾਨ ਸਭ ਤੋਂ ਚਰਚਿਤ ਭੁੱਖ ਹੜਤਾਲ ਆਜ਼ਾਦੀ ਘੁਲਾਟੀਏ ਭਗਤ ਸਿੰਘ ਹੁਰਾਂ ਵੱਲੋਂ ਸੰਨ 1929 ਵਿਚ ਕੀਤੀ ਗਈ ਸੀ, ਜਦੋਂ ਉਹ ਲਾਹੌਰ ਦੀ ਮੀਆਂਵਾਲੀ ਜੇਲ੍ਹ ਵਿਚ ਕੈਦ ਸਨ। ਉਨ੍ਹਾਂ ਵੱਲੋਂ ਇਹ ਹੜਤਾਲ ਸਿਆਸੀ ਕੈਦੀਆਂ ਨਾਲ ਕੀਤੇ ਜਾਂਦੇ ਮਾੜੇ ਸਲੂਕ ਦੇ ਵਿਰੋਧ ਵਿਚ ਕੀਤੀ ਗਈ ਸੀ,,,ਪਰ ਉਨ੍ਹਾਂ ਨੇ 5 ਅਕਤੂਬਰ ਨੂੰ ਆਪਣੇ ਪਿਤਾ ਦੀ ਬੇਨਤੀ ’ਤੇ 116 ਦਿਨਾਂ ਦੀ ਭੁੱਖ ਹੜਤਾਲ ਨੂੰ ਖ਼ਤਮ ਕਰ ਦਿੱਤਾ ਸੀ। ਹਾਲਾਂਕਿ ਇਸ ਦਾ ਅੰਗਰੇਜ਼ ਹਕੂਮਤ ’ਤੇ ਕੋਈ ਜ਼ਿਆਦਾ ਅਸਰ ਨਹੀਂ ਹੋਇਆ, ਕੁੱਝ ਸਮਾਂ ਜ਼ੁਲਮ ਬੰਦ ਕਰਕੇ ਉਨ੍ਹਾਂ ਨੇ ਫਿਰ ਤੋਂ ਉਹੀ ਵਤੀਰਾ ਸ਼ੁਰੂ ਕਰ ਦਿੱਤਾ ਸੀ।
ਦੂਜੇ ਨੰਬਰ ’ਤੇ ਐ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੀ ਭੁੱਖ ਹੜਤਾਲ ,,, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਸੰਨ 1961 ਵਿਚ ਪੰਜਾਬੀ ਭਾਸ਼ੀ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਉਨ੍ਹਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਮਰਨ ਵਰਤ ਤੋਂ ਨਹੀਂ ਉਠਣਗੇ। ਉਨ੍ਹਾਂ ਦੇ ਇਸ ਐਲਾਨ ਨੇ ਵੀ ਕੇਂਦਰ ਨੂੰ ਭਾਜੜਾਂ ਪਾ ਦਿੱਤੀਆਂ ਸੀ,
ਜਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਇਕ ਚਿੱਠੀ ਲਿਖ ਕੇ ਉਨ੍ਹਾਂ ਵੱਲੋਂ ਉਠਾਏ ਜਾਂਦੇ ਮਾਮਲੇ ਨੂੰ ਘੋਖਣ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਆਗੂ ਸੰਤ ਫਤਿਹ ਸਿੰਘ ਦੇ ਹੱਥੋਂ ਜੂਸ ਦਾ ਗਿਲਾਸ ਪੀ ਕੇ 48 ਦਿਨਾਂ ਮਗਰੋਂ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਸੀ,, ਪਰ ਅਕਾਲੀ ਦਲ ਨਾਲ ਜੁੜੇ ਜ਼ਿਆਦਾਤਰ ਲੋਕ ਇਸ ਫ਼ੈਸਲੇ ਤੋਂ ਨਾਰਾਜ਼ ਹੋ ਗਏ ਸੀ। ਹੁਣ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਲਓ ਕਿ ਤਤਕਾਲੀ ਪੀਐਮ ਨਹਿਰੂ ਨੇ ਬਾਅਦ ਵਿਚ ਕਿੰਨੀ ਕੁ ਉਨ੍ਹਾਂ ਦੀ ਮੰਗ ਪੂਰੀ ਕਰ ਦਿੱਤੀ?
ਇਸੇ ਤਰ੍ਹਾਂ ਅਕਾਲੀ ਆਗੂ ਸੰਤ ਫਤਿਹ ਸਿੰਘ ਵੱਲੋਂ ਵੀ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਨਵੇਂ ਬਣੇ ਪੰਜਾਬ ਵਿਚ ਸ਼ਾਮਲ ਕਰਵਾਉਣ ਲਈ 17 ਦਸੰਬਰ 1966 ਨੂੰ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ,,, ਪਰ ਮਰਨ ਵਰਤ ਦੇ 10 ਦਿਨ ਮਗਰੋਂ ਉਨ੍ਹਾਂ ਕੇਂਦਰ ਸਰਕਾਰ ਨੂੰ ਧਮਕੀ ਦੇ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਆਤਮਦਾਹ ਕਰ ਲੈਣਗੇ। ਉਨ੍ਹਾਂ ਦੇ ਇਸ ਸਖ਼ਤੀ ਭਰੇ ਰੁਖ਼ ਨੇ ਕੇਂਦਰ ਸਰਕਾਰ ਦੀ ਨੀਂਦ ਉਡਾ ਦਿੱਤੀ, ਜਿਸ ਤੋਂ ਬਾਅਦ 27 ਦਸੰਬਰ 1966 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਮਾਮਲੇ ਵਿਚ ਦਖ਼ਲ ਦਿੰਦÇਆਂ ਸੰਤ ਫਤਿਹ ਸਿੰਘ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ,, ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰ ਦੇਣ। ਪ੍ਰਧਾਨ ਮੰਤਰੀ ਦੇ ਭਰੋਸੇ ਤੋਂ ਬਾਅਦ 55 ਸਾਲਾਂ ਦੇ ਸੰਤ ਸਿੰਘ ਫਤਿਹ ਸਿੰਘ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਸੀ ਪਰ ਬਾਅਦ ਵਿਚ ਉਨ੍ਹਾਂ ਦੀਆਂ ਮੰਗਾਂ ’ਤੇ ਕੇਂਦਰ ਸਰਕਾਰ ਨੇ ਕੋਈ ਗੌਰ ਨਹੀਂ ਕੀਤੀ।
ਪੰਜਾਬ ਦੇ ਇਤਿਹਾਸ ਵਿਚ ਸਿੱਖ ਆਗੂ ਅਤੇ ਆਜ਼ਾਦੀ ਘੁਲਾਟੀਏ ਦਰਸ਼ਨ ਸਿੰਘ ਫੇਰੂਮਾਨ ਦੀ ਭੁੱਖ ਹੜਤਾਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਐ,,, ਦਰਸ਼ਨ ਸਿੰਘ ਫੇਰੂਮਾਨ ਨੇ ਸੰਤ ਫਤਿਹ ਸਿੰਘ ’ਤੇ ਮਰਨ ਵਰਤ ਰੱਖਣ ਦੀ ਆਪਣੀ ਅਰਦਾਸ ਤੋੜ ਕੇ ਸਿੱਖ ਧਰਮ ਦੀ ਮਰਿਆਦਾ ਨੂੰ ਘਟਾਉਣ ਦਾ ਦੋਸ਼ ਲਗਾਇਆ,,,ਇਸ ਤੋਂ ਬਾਅਦ ਉਨ੍ਹਾਂ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਪੰਜਾਬੀ ਬੋਲਦੇ ਇਲਾਕਿਆਂ ਨੂੰ ਹਰਿਆਣਾ ਤੋਂ ਪੰਜਾਬ ਵਿਚ ਤਬਦੀਲ ਕਰਨ ਦੀਆਂ ਮੰਗਾਂ ਲਈ ਮਰਨ ਵਰਤ ਕਰਨਗੇ,,
ਬਸ ਉਨ੍ਹਾਂ ਦੇ ਐਲਾਨ ਕਰਨ ਦੀ ਦੇਰ ਸੀ ਕਿ 12 ਅਗਸਤ 1969 ਨੂੰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ,, ਪਰ ਦਰਸ਼ਨ ਸਿੰਘ ਫੇਰੂਮਾਨ ਆਪਣੀ ਕਹਿਣੀ ਅਤੇ ਕਥਨੀ ਦੇ ਪੱਕੇ ਨਿਕਲੇ, ਉਨ੍ਹਾਂ ਨੇ ਗ੍ਰਿਫ਼ਤਾਰੀ ਦੇ ਤੀਜੇ ਦਿਨ 15 ਅਗਸਤ 1969 ਨੂੰ ਅੰਮ੍ਰਿਤਸਰ ਜੇਲ੍ਹ ਦੇ ਅੰਦਰ ਹੀ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। 27 ਅਗਸਤ ਨੂੰ ਉਨ੍ਹਾਂ ਨੂੰ ਜ਼ਬਰੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ,, ਪਰ ਉਨ੍ਹਾਂ ਨੇ ਇਲਾਜ ਦੇ ਨਾਲ ਨਾਲ ਖਾਣ ਪੀਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਆਖ਼ਰਕਾਰ ਭੁੱਖ ਹੜਤਾਲ ਦੇ 74ਵੇਂ ਦਿਨ 27 ਅਕਤੂਬਰ 1969 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਸ ਤੋਂ ਇਲਾਵਾ ਸੂਰਤ ਸਿੰਘ ਖ਼ਾਲਸਾ ਦੇ ਮਰਨ ਵਰਤ ਵੀ ਕਾਫ਼ੀ ਚਰਚਾ ਵਿਚ ਛਾਇਆ ਰਿਹਾ। ਉਨ੍ਹਾਂ ਦਾ ਮਰਨ ਵਰਤ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਲੰਬਾ ਮਰਨ ਵਰਤ ਕਿਹਾ ਜਾ ਸਕਦਾ ਏ ਕਿਉਂਕਿ ਉਨ੍ਹਾਂ ਨੇ 16 ਜਨਵਰੀ 2015 ਨੂੰ 82 ਸਾਲ ਦੀ ਉਮਰ ਵਿਚ ਮਰਨ ਵਰਤ ਸ਼ੁਰੂ ਕੀਤਾ ਸੀ ਅਤੇ 14 ਜਨਵਰੀ 2023 ਨੂੰ ਇਹ ਮਰਨ ਵਰਤ ਤੋੜਿਆ। ਇਸ ਦੌਰਾਨ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਨੱਕ ਰਾਹੀਂ ਭੋਜਨ ਦਿੱਤਾ ਜਾਂਦਾ ਸੀ। ਦਰਅਸਲ ਉਨ੍ਹਾਂ ਨੇ ਆਪਣਾ ਮਰਨ ਵਰਤ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਕੀਤਾ ਸੀ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਡੱਕੇ ਹੋਏ ਸਨ।
ਬਾਪੂ ਸੂਰਤ ਸਿੰਘ ਖ਼ਾਲਸਾ ਨੇ ਆਪਣਾ ਮਰਨ ਵਰਤ ਲੁਧਿਆਣਾ ਜ਼ਿਲ੍ਹੇ ਦੇ ਆਪਣੇ ਪਿੰਡ ਹਸਨਪੁਰ ਤੋਂ ਸ਼ੁਰੂ ਕੀਤਾ ਸੀ ਪਰ ਇਸ ਤੋਂ ਬਾਅਦ ਉਹ ਜ਼ਿਆਦਾ ਸਮਾਂ ਲੁਧਿਆਣਾ ਦੇ ਦਇਆਨੰਦ ਮੈਡੀਕਲ ਕਾਲਜ ਵਿਚ ਹੀ ਰਹੇ। ਕਥਿਤ ਤੌਰ ’ਤੇ ਸਿੱਖ ਕੈਦੀ ਜਗਤਾਰ ਸਿੰਘ ਹਵਾਰਾ ਦੀ ਅਪੀਲ ’ਤੇ ਉਨ੍ਹਾਂ ਨੇ ਆਪਣੇ 90ਵੇਂ ਜਨਮ ਦਿਨ ਤੋਂ ਕੁੱਝ ਦਿਨ ਪਹਿਲਾਂ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਸੀ।
ਹੁਣ ਮੌਜੂਦਾ ਸਮੇਂ 70 ਸਾਲਾ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ 26 ਨਵੰਬਰ ਤੋਂ ਮਰਨ ਸ਼ੁਰੂ ਕੀਤਾ ਹੋਇਆ ਏ। ਉਨ੍ਹਾਂ ਨੇ 26 ਦਿਨਾਂ ਤੋਂ ਅੰਨ ਦਾ ਇਕ ਦਾਣਾ ਆਪਣੇ ਸੰਘ ਤੋਂ ਹੇਠਾਂ ਨਹੀਂ ਉਤਾਰਿਆ, ਉਹ ਸਿਰਫ਼ ਪਾਣੀ ਪੀ ਰਹੇ ਨੇ। ਡੱਲੇਵਾਲ ਆਪਣੀ ਜਾਨ ਤਲੀ ’ਤੇ ਰੱਖ ਕੇ ਹੀ ਮਰਨ ਵਰਤ ’ਤੇ ਬੈਠੇ ਨੇ,, ਇਸੇ ਲਈ ਉਨ੍ਹਾਂ ਨੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੀ 17 ਏਕੜ ਜ਼ਮੀਨ ਆਪਣੇ ਪੁੱਤਰ, ਨੂੰਹ ਅਤੇ ਪੋਤੇ ਦੇ ਨਾਂਅ ਕਰਵਾ ਦਿੱਤੀ।
ਹਾਲਾਂਕਿ ਉਨ੍ਹਾਂ ਦੇ ਮਰਨ ਵਰਤ ਦੇ ਨਾਲ ਕੇਂਦਰ ਵਿਚ ਕੁੱਝ ਹਲਚਲ ਤਾਂ ਜ਼ਰੂਰ ਹੋਈ ਐ,, ਪਰ ਉਹ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਨਹੀਂ, ਬਲਕਿ ਡੱਲੇਵਾਲ ਦੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਐ। ਮੌਜੂਦਾ ਸਮੇਂ ਉਨ੍ਹਾਂ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਹੋ ਚੁੱਕੀ ਐ,,, ਕਿਸੇ ਸਮੇਂ ਵੀ ਕੋਈ ਭਾਣਾ ਵਰਤ ਸਕਦਾ ਏ,, ਪਰ ਇਸ ਦੇ ਬਾਵਜੂਦ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਦੇ ਕੰਨ ’ਤੇ ਹਾਲੇ ਤੱਕ ਕੋਈ ਜੂੰ ਨਹੀਂ ਸਰਕੀ। ਜੇਕਰ ਕਿਸਾਨ ਆਗੂ ਡੱਲੇਵਾਲ ਨੂੰ ਕੁੱਝ ਹੋ ਗਿਆ ਤਾਂ ਕੇਂਦਰ ਸਰਕਾਰ ਦੇ ਲਈ ਵੱਡੀ ਮੁਸੀਬਤ ਬਣ ਸਕਦੀ ਐ,, ਅਜਿਹੀ ਸ਼ੰਕਾ ਕਈ ਸਿਆਸੀ ਆਗੂ ਜਤਾ ਚੁੱਕੇ ਨੇ,,, ਪਰ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਦੋਂ ਕਿਸਾਨਾਂ ਦੀਆਂ ਮੰਗਾਂ ਨੂੰ ਸੰਜ਼ੀਦਗੀ ਦਿਖਾਏਗੀ।
ਸੋ ਤੁਹਾਡਾ ਇਸ ਮਾਮਲੇ ਵਿਚ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ