DIG Harcharan Bhullar: ਕਿਵੇਂ ਇੱਕ ਕਬਾੜ ਦਾ ਕੰਮ ਕਰਨ ਵਾਲੇ ਨੇ DIG ਹਰਚਰਨ ਭੁੱਲਰ ਦਾ ਕਰੀਅਰ ਕੀਤਾ ਬਰਬਾਦ, ਜਾਣੋ
ਕਬਾੜ ਵਪਾਰੀ ਤੋਂ ਮੰਗੀ ਸੀ 8 ਲੱਖ ਰਿਸ਼ਵਤ ਤੇ ਹਰ ਮਹੀਨੇ 7 ਲੱਖ

By : Annie Khokhar
DIG Harcharan Bhullar: ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਹੈ, ਭੁੱਲਰ ਤੇ ਦੋਸ਼ ਸੀ ਕਿ ਉਸਨੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਹੀ ਨਹੀਂ ਉਸਨੇ ਕਬਾੜ ਦੇ ਕਾਰੋਬਾਰੀ ਕੋਲੋਂ ਹਰ ਮਹੀਨੇ 7 ਲੱਖ ਰੁਪਏ ਦੀ ਵੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਬਾੜ ਵਪਾਰੀ ਆਕਾਸ਼ ਬੱਤਾ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਅਤੇ ਇਸ ਤਰ੍ਹਾਂ ਇੱਕ ਕਬਾੜ ਦਾ ਕੰਮ ਕਰਨ ਵਾਲੇ ਨੇ DIG ਭੁੱਲਰ ਦੀ ਸਾਲਾਂ ਦੀ ਕਮਾਈ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ।
ਕਬਾੜ ਦਾ ਕੰਮ ਕਰਨ ਵਾਲੇ ਨੇ ਬਰਬਾਦ ਕੀਤਾ ਕਰੀਅਰ
ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਕਬਾੜ ਵਪਾਰੀ ਆਕਾਸ਼ ਬੱਤਾ ਨੇ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ। ਉਸਨੇ ਦੋਸ਼ ਲਗਾਇਆ ਕਿ ਡੀਆਈਜੀ ਭੁੱਲਰ, ਕ੍ਰਿਸ਼ਨੂ ਸ਼ਾਰਦਾ ਨਾਮ ਦੇ ਇੱਕ ਵਿਚੋਲੇ ਰਾਹੀਂ, ਆਪਣੇ ਕਾਰੋਬਾਰ ਨੂੰ ਪੁਲਿਸ ਦਖਲਅੰਦਾਜ਼ੀ ਤੋਂ ਬਚਾਉਣ ਲਈ ਹਰ ਮਹੀਨੇ "ਸੇਵਾ-ਪਾਣੀ" ਦੀ ਮੰਗ ਕੀਤੀ ਸੀ।
ਬੱਤਾ ਨੇ ਦਾਅਵਾ ਕੀਤਾ ਕਿ 2023 ਵਿੱਚ ਸਰਹਿੰਦ ਵਿੱਚ ਉਸਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਸਨੇ ਆਪਣੇ ਕਾਰੋਬਾਰ ਵਿੱਚ ਜਾਅਲੀ ਬਿੱਲਾਂ ਦੀ ਵਰਤੋਂ ਕੀਤੀ ਸੀ। ਉਸਦੇ ਅਨੁਸਾਰ, ਦੋਸ਼ ਝੂਠੇ ਸਨ ਅਤੇ ਪੈਸੇ ਵਸੂਲਣ ਲਈ ਵਰਤੇ ਜਾ ਰਹੇ ਸਨ।
ਐਫਆਈਆਰ ਰੱਦ ਕਰਨ ਲਈ ਮੰਗੇ ਸੀ 8 ਲੱਖ ਰੁਪਏ
ਸ਼ਿਕਾਇਤ ਦੇ ਅਨੁਸਾਰ, ਡੀਆਈਜੀ ਭੁੱਲਰ ਨੇ ਕਥਿਤ ਤੌਰ 'ਤੇ ਐਫਆਈਆਰ ਰੱਦ ਕਰਨ ਲਈ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਬੱਤਾ ਨੂੰ ਬਿਨਾਂ ਕਿਸੇ ਪੁਲਿਸ ਪਰੇਸ਼ਾਨੀ ਦੇ ਆਪਣਾ ਕਾਰੋਬਾਰ ਚਲਾਉਣ ਦੀ ਆਗਿਆ ਦੇਣ ਲਈ ਹਰ ਮਹੀਨੇ ਸੇਵਾ ਪਾਣੀ ਯਾਨੀ ਰਿਸ਼ਵਤ ਮੰਗਿਆ ਸੀ।
ਸੀਬੀਆਈ ਨੇ ਇਨ੍ਹਾਂ ਦਾਅਵਿਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ, ਜਿਸ ਦੌਰਾਨ ਇੱਕ ਕਥਿਤ ਵਿਚੋਲਾ ਭੁੱਲਰ ਦੀ ਤਰਫੋਂ ਪੈਸੇ ਲੈਂਦੇ ਫੜਿਆ ਗਿਆ।
ਗ੍ਰਿਫ਼ਤਾਰੀ ਅਤੇ ਛਾਪੇਮਾਰੀ
ਸਬੂਤਾਂ ਦੇ ਆਧਾਰ 'ਤੇ, ਸੀਬੀਆਈ ਨੇ ਡੀਆਈਜੀ ਭੁੱਲਰ ਨੂੰ ਉਨ੍ਹਾਂ ਦੇ ਮੋਹਾਲੀ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਕਥਿਤ ਵਿਚੋਲੇ ਕ੍ਰਿਸ਼ਨੂ ਨੂੰ ਵੀ ਹਿਰਾਸਤ ਵਿੱਚ ਲੈ ਲਿਆ।
DIG ਹਰਚਰਨ ਭੁੱਲਰ ਦੇ ਘਰੋਂ ਮਿਲਿਆ ਕਰੋੜਾਂ ਦਾ ਸਾਮਾਨ
ਭੁੱਲਰ ਦੇ ਚੰਡੀਗੜ੍ਹ ਘਰ ਤੋਂ ₹7.50 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ।
₹2.5 ਕਿਲੋ ਸੋਨੇ ਦੇ ਗਹਿਣੇ
26 ਲਗਜ਼ਰੀ ਘੜੀਆਂ, ਜਿਸ ਵਿੱਚ ਇੱਕ ਰੋਲੈਕਸ ਅਤੇ ਰਾਡੋ ਵਰਗੇ ਬ੍ਰਾਂਡ ਸ਼ਾਮਲ ਹਨ।
50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼।
ਹਥਿਆਰ, ਲਗਜ਼ਰੀ ਕਾਰਾਂ ਦੀਆਂ ਚਾਬੀਆਂ, ਮਹਿੰਗੀ ਸ਼ਰਾਬ ਅਤੇ ਲਾਕਰ ਦੀਆਂ ਚਾਬੀਆਂ।
ਸਮਰਾਲਾ ਸਥਿਤ ਭੁੱਲਰ ਦੇ ਫਾਰਮ ਹਾਊਸ ਤੋਂ ਹੋਰ ਨਕਦੀ, ਸ਼ਰਾਬ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ, ਅਤੇ ਵਿਚੋਲੇ ਕ੍ਰਿਸ਼ਨੂ ਤੋਂ 21 ਲੱਖ ਰੁਪਏ ਜ਼ਬਤ ਕੀਤੇ ਗਏ ਹਨ।
14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹੈ DIG ਭੁੱਲਰ
ਭੁੱਲਰ ਅਤੇ ਕ੍ਰਿਸ਼ਨੂ ਦੋਵਾਂ ਨੂੰ ਸ਼ੁੱਕਰਵਾਰ ਨੂੰ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਭੁੱਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਦੇ ਇਨਸਾਫ਼ ਤੇ ਵਿਸ਼ਵਾਸ ਹੈ।


