HDFC ਬੈਂਕ ’ਚ ਦਿਨ ਦਿਹਾੜੇ ਲੁੱਟ, ਪੈਸਿਆਂ ਦੇ ਬੈਗ ਭਰ ਕੇ ਫ਼ਰਾਰ ਹੋਏ ਲੁਟੇਰੇ
ਫਗਵਾੜਾ-ਹੁਸ਼ਿਆਰਪੁਰ ਰੋਡ ਸਥਿਤ ਇਕ ਪ੍ਰਾਈਵੇਟ ਬੈਂਕ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਕੁੱਝ ਕਾਰ ਸਵਾਰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਬੈਂਕ ਵਿਚ ਵੱਡੀ ਲੁੱਟ ਕਰ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਬੈਂਕ ਮੁਲਾਜ਼ਮਾਂ ਵਿਚ ਖ਼ੌਫ਼ ਦਾ ਮਾਹੌਲ ਪਾਇਆ ਜਾ ਰਿਹਾ ਏ।

ਫਗਵਾੜਾ : ਫਗਵਾੜਾ-ਹੁਸ਼ਿਆਰਪੁਰ ਰੋਡ ਸਥਿਤ ਇਕ ਪ੍ਰਾਈਵੇਟ ਬੈਂਕ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਕੁੱਝ ਕਾਰ ਸਵਾਰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਬੈਂਕ ਵਿਚ ਵੱਡੀ ਲੁੱਟ ਕਰ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਬੈਂਕ ਮੁਲਾਜ਼ਮਾਂ ਵਿਚ ਖ਼ੌਫ਼ ਦਾ ਮਾਹੌਲ ਪਾਇਆ ਜਾ ਰਿਹਾ ਏ।
ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਹਰਿਆਣਾ ਜੱਟਾਂ ਨੇੜੇ ਡੁਮੇਲੀ ਰੋਡ ਸਥਿਤ ਐਚਡੀਐਫਸੀ ਬੈਂਕ ਵਿਚ ਦਿਨ ਦਿਹਾੜੇ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਲੁੱਟ ਦੀ ਇਹ ਘਟਨਾ ਸਾਢੇ ਤਿੰਨ ਵਜੇ ਦੇ ਕਰੀਬ ਵਾਪਰੀ ਜਦੋਂ ਕਾਰ ਸਵਾਰ ਲੁਟੇਰੇ ਬੈਂਕ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਗੰਨ ਪੁਆਇੰਟ ’ਤੇ ਬੈਂਕ ਵਿਚੋਂ 30 ਤੋਂ 35 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ ਅਤੇ ਰਫ਼ੂ ਚੱਕਰ ਹੋ ਗਏ। ਜਿਵੇਂ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ ’ਤੇ ਜਾਣਕਾਰੀ ਦਿੰਦਿਆਂ ਪਿੰਡ ਹਰਿਆਣਾ ਜੱਟਾਂ ਦੇ ਸਰਪੰਚ ਗੁਰਸ਼ਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਵਿਚ ਲੁੱਟ ਹੋਣ ਬਾਰੇ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਲੁੱਟ ਕਰਨ ਵਾਲੇ ਕਾਰ ਵਿਚ ਆਏ ਸੀ ਅਤੇ ਤਿੰਨ ਲੋਕ ਦੱਸੇ ਜਾ ਰਹੇ ਨੇ ਜੋ ਜਾਂਦੇ ਸਮੇਂ ਗਾਹਕਾਂ ਦੇ ਫ਼ੋਨ ਵੀ ਨਾਲ ਲੈ ਗਏ ਸੀ।
ਉਧਰ ਜਦੋਂ ਮੌਕੇ ’ਤੇ ਪੁੱਜੇ ਐਸਐਸਪੀ ਗੌਰਵ ਤੂਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਟੀਮ ਤੁਰੰਤ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ। ਉਨ੍ਹਾਂ ਆਖਿਆ ਕਿ ਲੁਟੇਰਿਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦਈਏ ਕਿ ਪੁਲਿਸ ਵੱਲੋਂ ਲੁਟੇਰਿਆਂ ਨੂੰ ਫੜਨ ਲਈ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਅਤੇ ਆਸਪਾਸ ਤੋਂ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਐ।