Election Result : ਸੱਚ ਸਾਬਤ ਹੋਈ ‘ਹਮਦਰਦ ਟੀਵੀ’ ਦੀ ਭਵਿੱਖਬਾਣੀ
ਹਮਦਰਦ ਟੀਵੀ ਦਾ ਐਗਜ਼ਿਟ ਪੋਲ ਵੀ ਸਹੀ ਸਾਬਤ ਹੋਇਆ, ਜਿਸ ਵਿਚ ਦੋ ਦਿਨ ਪਹਿਲਾਂ ਹੀ ਇਨ੍ਹਾਂ ਤਿੰਨ ਸੀਟ ਆਪ ਦੇ ਖਾਤੇ ਜਾਣ ਅਤੇ ਬਰਨਾਲਾ ਸੀਟ ਤੋਂ ਹਾਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ। ਪੰਜਾਬ ਦੀਆਂ ਚਾਰ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਵਿਚ ਇਕ ਵਾਰ ਆਮ ਆਦਮੀ ਪਾਰਟੀ ਨੇ ਆਪਣਾ ਦਮ ਦਿਖਾਉਂਦਿਆਂ ਤਿੰਨ ਸੀਟਾਂ ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਐ, ਜਦਕਿ ਆਪ ਨੂੰ ਬਰਨਾਲਾ ਤੋਂ ਹਾਰ ਦਾ ਮੂੰਹ ਦੇਖਣਾ ਪਿਆ।
By : Makhan shah
ਚੰਡੀਗੜ੍ਹ : ਪੰਜਾਬ ਦੀਆਂ ਚਾਰ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਵਿਚ ਇਕ ਵਾਰ ਆਮ ਆਦਮੀ ਪਾਰਟੀ ਨੇ ਆਪਣਾ ਦਮ ਦਿਖਾਉਂਦਿਆਂ ਤਿੰਨ ਸੀਟਾਂ ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਐ, ਜਦਕਿ ਆਪਣੇ ਹੀ ਬਾਗ਼ੀ ਉਮੀਦਵਾਰ ਗੁਰਦੀਪ ਬਾਠ ਦੀ ਵਜ੍ਹਾ ਕਰਕੇ ਆਪ ਨੂੰ ਬਰਨਾਲਾ ਦੀ ਸੀਟ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਹਮਦਰਦ ਟੀਵੀ ਦਾ ਐਗਜ਼ਿਟ ਪੋਲ ਵੀ ਸਹੀ ਸਾਬਤ ਹੋਇਆ, ਜਿਸ ਵਿਚ ਦੋ ਦਿਨ ਪਹਿਲਾਂ ਹੀ ਇਨ੍ਹਾਂ ਤਿੰਨ ਸੀਟ ਆਪ ਦੇ ਖਾਤੇ ਜਾਣ ਅਤੇ ਬਰਨਾਲਾ ਸੀਟ ਤੋਂ ਹਾਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ।
ਦੇਖੋ, ਇਹ ਪੂਰੀ ਰਿਪੋਰਟ।
ਪੰਜਾਬ ਵਿਚ ਹੋਈ ਜ਼ਿਮਨੀ ਚੋਣ ਦੌਰਾਨ ਚਾਰ ਸੀਟਾਂ ਵਿਚੋਂ ਤਿੰਨ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਬੁਲੰਦ ਕਰ ਦਿੱਤਾ ਏ, ਜਿਸ ਨੂੰ ਲੈ ਕੇ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਏ। ਸਿਆਸੀ ਮਾਹਿਰਾਂ ਵੱਲੋਂ ਇਨ੍ਹਾਂ ਚੋਣਾਂ ਨੂੰ ਇਕ ਤਰ੍ਹਾਂ ਨਾਲ 2027 ਦਾ ਸੈਮੀਫਾਈਨਲ ਦੱਸਿਆ ਜਾ ਰਿਹਾ ਸੀ। ਇਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਚੱਬੇਵਾਲ ਨੇ 28690 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਉਮੀਦਵਾਰ ਡਾ. ਰਣਜੀਤ ਕੁਮਾਰ ਨੂੰ ਕਰਾਰੀ ਮਾਤ ਦਿੱਤੀ।
ਇਸ਼ਾਂਕ ਚੱਬੇਵਾਲ ਹੁਸ਼ਿਆਰਪੁਰ ਤੋਂ ਲੋਕ ਸਭਾ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦੇ ਸਪੁੱਤਰ ਨੇ। ਇਸ਼ਾਂਕ ਨੂੰ ਕੁੱਲ 51904 ਵੋਟਾਂ ਪਈਆਂ, ਜਦਕਿ ਡਾ. ਰਣਜੀਤ ਕੁਮਾਰ 23214 ਵੋਟਾਂ ਪਈਆਂ। ਇਸੇ ਤਰ੍ਹਾਂ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ 8692 ਵੋਟਾਂ ’ਤੇ ਹੀ ਸਬਰ ਕਰਨਾ ਪਿਆ। ਸ਼ੁਰੂਆਤੀ ਰੁਝਾਨ ਤੋਂ ਹੀ ਇਸ਼ਾਂਕ ਚੱਬੇਵਾਲ ਕਾਫ਼ੀ ਅੱਗੇ ਚਲਦੇ ਰਹੇ, ਆਖ਼ਰ ਤੱਕ ਉਨ੍ਹਾਂ ਨੇ ਆਪਣੀ ਲੀਡ ਨਹੀਂ ਟੁੱਟਣ ਦਿੱਤੀ ਬਲਕਿ ਲੀਡ ਹੋਰ ਜ਼ਿਆਦਾ ਵਧਦੀ ਚਲੀ ਗਈ। ਆਪਣੀ ਹਾਰ ਹੁੰਦੀ ਦੇਖ ਕਾਂਗਰਸੀ ਉਮੀਦਵਾਰ ਡਾ. ਰਣਜੀਤ ਕੁਮਾਰ ਪਹਿਲਾਂ ਹੀ ਵੋਟਿੰਗ ਕੇਂਦਰ ਛੱਡ ਕੇ ਚਲੇ ਗਏ ਸੀ।
ਇਸੇ ਤਰ੍ਹਾਂ ਸਭ ਤੋਂ ਹੌਟ ਸੀਟ ਮੰਨੇ ਜਾਂਦੇ ਗਿੱਦੜਬਾਹਾ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੀ ਜਿੱਤ ਦਰਜ ਕੀਤੀ। ਉਹ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੀ। ਪਹਿਲਾਂ ਅਕਾਲੀ ਦਲ ਦੀ ਟਿਕਟ ’ਤੇ ਦੋ ਵਾਰ ਚੋਣ ਹਾਰ ਚੁੱਕੇ ਨੇ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਉਨ੍ਹਾਂ ਨੂੰ ਵੱਡੀ ਜਿੱਤ ਹਾਸਲ ਹੋਈ, ਜਦਕਿ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣੇ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਉਮੀਦਵਾਰ ਬਣਾਇਆ ਸੀ ਜੋ ਇਹ ਚੋਣ ਹਾਰ ਗਏ। ਡਿੰਪੀ ਢਿੱਲੋਂ ਨੂੰ ਕੁੱਲ 71198 ਵੋਟਾਂ ਪਈਆਂ, ਜਦਕਿ ਅੰਮ੍ਰਿਤਾ ਵੜਿੰਗ ਨੂੰ 49397 ਪਈਆਂ। ਇਸੇ ਤਰ੍ਹਾਂ ਭਾਜਪਾ ਦੇ ਮਨਪ੍ਰੀਤ ਬਾਦਲ ਤੀਜੇ ਨੰਬਰ ’ਤੇ ਰਹੇ, ਉਨ੍ਹਾਂ ਨੂੰ 12174 ਵੋਟਾਂ ਪਈਆਂ। ਮਾਨ ਦਲ ਵੱਲੋਂ ਸੁਖਰਾਜ ਸਿੰਘ ਨਿਆਮੀ ਵਾਲਾ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ਨੂੰ ਮਹਿਜ਼ 708 ਵੋਟਾਂ ’ਤੇ ਹੀ ਸਬਰ ਕਰਨਾ ਪਿਆ, ਜਦਕਿ ਉਨ੍ਹਾਂ ਤੋਂ ਵੱਧ 889 ਵੋਟਾਂ ਤਾਂ ਨੋਟਾ ਨੂੰ ਪੈ ਗਈਆਂ।
ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਦਾ ਝੰਡਾ ਬੁਲੰਦ ਕੀਤਾ। ਉਨ੍ਹਾਂ ਨੂੰ ਕੁੱਲ 54436 ਵੋਟਾਂ ਹਾਸਲ ਹੋਈਆਂ, ਜਦਕਿ ਕਾਂਗਰਸੀ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਡਿਪਟੀ ਸੀਐਮ ਅਤੇ ਗੁਰਦਾਸਪੁਰ ਤੋਂ ਮੌਜੂਦਾ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ 49490 ਵੋਟਾਂ ਹਾਸਲ ਹੋਈਆਂ। ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਤੀਜੇ ਨੰਬਰ ’ਤੇ ਰਹੇ, ਜਿਨ੍ਹਾਂ ਨੂੰ ਮਹਿਜ਼ 5936 ਵੋਟਾਂ ’ਤੇ ਹੀ ਸਬਰ ਕਰਨਾ ਪਿਆ। ਪਿਛਲੀਆਂ ਚੋਣਾਂ ਵਿਚ ਰਵੀਕਰਨ ਸਿੰਘ ਕਾਹਲੋਂ ਅਕਾਲੀ ਦਲ ਵੱਲੋਂ ਚੋਣ ਲੜੇ ਸੀ ਅਤੇ ਉਹ ਦੂਜੇ ਨੰਬਰ ’ਤੇ ਰਹੇ ਸੀ ਪਰ ਭਾਜਪਾ ਜੁਆਇਨ ਕਰਨ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਬਿਲਕੁਲ ਨਾਕਾਰ ਦਿੱਤਾ।
ਦੇਖੋ ਹਮਦਰਦ ਟੀਵੀ ਦਾ ਐਗਜ਼ਿਟ ਪੋਲ :
ਇਸੇ ਤਰ੍ਹਾਂ ਗੱਲ ਕਰਦੇ ਆਂ, ਬਰਨਾਲਾ ਸੀਟ ਦੀ, ਜਿੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਸੀਟ ’ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਵੱਲੋਂ ਸਾਂਸਦ ਮੀਤ ਹੇਅਰ ਕੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਚੋਣ ਮੈਦਾਨ ਵਿਚ ਸਨ ਜਦਕਿ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੇ ਇਹ ਚੋਣ ਲੜੀ। ਇਸ ਦੌਰਾਨ ਕਾਲਾ ਢਿੱਲੋਂ ਨੂੰ ਕੁੱਲ 28254 ਵੋਟਾਂ ਹਾਸਲ ਹੋਈਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26097 ਵੋਟਾਂ, ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ 17958 ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਹੇ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਬਗ਼ਾਵਤ ਕਰਕੇ ਆਜ਼ਾਦ ਚੋਣ ਲੜਨ ਵਾਲੇ ਗੁਰਦੀਪ ਸਿੰਘ ਬਾਠ ਨੂੰ 16899 ਵੋਟਾਂ ਪਈਆਂ ਜਦਕਿ ਮਾਨ ਦੇ ਉਮੀਦਵਾਰ ਅਤੇ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਨੂੰ ਮਹਿਜ਼ 7900 ਵੋਟਾਂ ਹੀ ਹਾਸਲ ਹੋ ਸਕੀਆਂ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਸੀਟ ਵੀ ਆਮ ਆਦਮੀ ਪਾਰਟੀ ਦੇ ਖਾਤੇ ਜਾ ਸਕਦੀ ਸੀ ਪਰ ਜੇਕਰ ਗੁਰਦੀਪ ਬਾਠ ਪਾਰਟੀ ਤੋਂ ਬਾਗ਼ੀ ਹੋ ਕੇ ਆਜ਼ਾਦ ਤੌਰ ’ਤੇ ਚੋਣ ਨਾ ਲੜਦਾ। ਯਾਨੀ ਕਿ ਗੁਰਦੀਪ ਬਾਠ ਨੇ ਹੀ ਆਪ ਉਮੀਦਵਾਰ ਦੀ ਸਾਰੀ ਖੇਡ ਵਿਗਾੜ ਕੇ ਰੱਖ ਦਿੱਤੀ। ਕਾਲਾ ਢਿੱਲੋੋਂ ਬਰਨਾਲਾ ਤੋਂ 2175 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ, ਚਾਰ ਸੀਟਾਂ ਵਿਚੋਂ ਇਕ ਬਰਨਾਲਾ ਵਾਲੀ ਸੀਟ ਹੀ ਕਾਂਗਰਸ ਦੇ ਖਾਤੇ ਜਾ ਸਕੀ ਐ।
ਦੱਸ ਦਈਏ ਕਿ ਜ਼ਿਆਦਾਤਰ ਸਿਆਸੀ ਮਾਹਿਰਾਂ ਵੱਲੋਂ ਇਨ੍ਹਾਂ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਕਿਹਾ ਜਾ ਰਿਹਾ ਸੀ, ਜਿਸ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਐ। ਦਰਅਸਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਾਲੇ ਕਰੀਬ ਢਾਈ ਸਾਲ ਬਾਕੀ ਪਏ ਹੋਏ ਨੇ, ਸਰਕਾਰ ਵੱਲੋਂ ਇਨ੍ਹਾਂ ਸਾਲਾਂ ਦੌਰਾਨ ਕਈ ਵੱਡੇ ਐਲਾਨ ਕੀਤੇ ਜਾਣਗੇ,, ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਕਾਸ ਰਥ ਇਸੇ ਤਰ੍ਹਾਂ ਜਾਰੀ ਰਿਹਾ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਫਿਰ ਤੋਂ ਜਿੱਤ ਦਾ ਝੰਡਾ ਬੁਲੰਦ ਕਰੇਗੀ।