"ਸਿੱਖ ਕੌਮ ਦੀ ਚੁੱਪ ਅਤੇ ਹਲੀਮੀ ਦਾ ਇਮਤਿਹਾਨ ਨਾ ਲਵੇ ਸੁਖਬੀਰ ਧੜਾ"
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਜਸਵੰਤ ਸਿੰਘ ਪੁੜੈਣ, ਪਰਮਜੀਤ ਸਿੰਘ ਰਾਏਪੁਰ ਅਤੇ ਐਸਜੀਪੀਸੀ ਮੈਂਬਰਾਂ ਜਥੇ: ਸੁਰਿੰਦਰ ਸਿੰਘ ਭੁਲੇਵਾਲ, ਭਾਈ ਮਨਜੀਤ ਸਿੰਘ, ਕਰਨੈਲ ਸਿੰਘ ਪੰਜੋਲੀ, ਸਤਵਿੰਦਰ ਸਿੰਘ ਟੌਹੜਾ ਅਤੇ ਅਮਰੀਕ ਸਿੰਘ ਸ਼ਾਹਪੁੱਰ ਵਲੋ ਜਾਰੀ ਆਪਣੇ ਸਾਂਝੇ ਬਿਆਨ ਵਿਚ...
By : Makhan shah
ਚੰਡੀਗੜ੍ਹ : ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਜਸਵੰਤ ਸਿੰਘ ਪੁੜੈਣ, ਪਰਮਜੀਤ ਸਿੰਘ ਰਾਏਪੁਰ ਅਤੇ ਐਸਜੀਪੀਸੀ ਮੈਂਬਰਾਂ ਜਥੇ: ਸੁਰਿੰਦਰ ਸਿੰਘ ਭੁਲੇਵਾਲ, ਭਾਈ ਮਨਜੀਤ ਸਿੰਘ, ਕਰਨੈਲ ਸਿੰਘ ਪੰਜੋਲੀ, ਸਤਵਿੰਦਰ ਸਿੰਘ ਟੌਹੜਾ ਅਤੇ ਅਮਰੀਕ ਸਿੰਘ ਸ਼ਾਹਪੁੱਰ ਵਲੋ ਜਾਰੀ ਆਪਣੇ ਸਾਂਝੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧੜੇ ਨੂੰ ਸਲਾਹ ਦਿੰਦਿਆਂ ਕਿਹਾ ਕਿ, ਹੁਕਮਨਾਮਿਆਂ ਤੋਂ ਭਗੌੜੇ ਹੋਣ ਦੀ ਸਥਿਤੀ ਵਿਚ ਅਸਤੀਫ਼ੇ ਦੇ ਚੁੱਕੀ ਲੀਡਰਸ਼ਿਪ ਵਾਰ ਵਾਰ ਦਫ਼ਤਰੀ ਮੀਟਿੰਗਾਂ ਕਰਕੇ ਸਿੱਖ ਕੌਮ ਦੀ ਚੁੱਪ ਅਤੇ ਹਲੀਮੀ ਦਾ ਇਮਤਿਹਾਨ ਨਾ ਲਵੇ, ਜਿਸ ਦੇ ਨਤੀਜੇ ਅਤਿ ਮਾੜੇ ਅਤੇ ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਮਾੜੇ ਹੋ ਸਕਦੇ ਹਨ।
ਜਾਰੀ ਬਿਆਨ ਵਿਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਇਸ ਵੇਲੇ ਪੰਥ ਅਤੇ ਪਾਰਟੀ ਵਿੱਚ ਦੁਬਿਧਾ ਖੜੀ ਕਰਨ ਲਈ ਮੁੱਖ ਤੌਰ ਤੇ ਜਿੰਮੇਵਾਰ ਡਾ: ਦਲਜੀਤ ਚੀਮਾ ਜਾਣਬੁੱਝ ਕੇ ਪਾਰਟੀ ਨੂੰ ਅਕਾਲ ਤਖ਼ਤ ਨਾਲ ਟਕਰਾਅ ਵਾਲੀ ਸਥਿਤੀ ਵਿੱਚ ਪਾ ਰਹੇ ਹਨ, ਜਿਸ ਤੋਂ ਓਹਨਾ ਨੂੰ ਬਾਝ ਆਉਣਾ ਚਾਹੀਦਾ ਹੈ । ਜਦੋਂ ਤੱਕ ਸੁਖਬੀਰ ਬਾਦਲ ਸਮੇਤ ਵੱਖ ਵੱਖ ਆਗੂਆਂ ਵਲੋਂ ਦਿੱਤੇ ਅਸਤੀਫਿਆਂ ਤੇ ਵਰਕਿੰਗ ਕਮੇਟੀ ਕੋਈ ਫੈਸਲਾ ਨਹੀ ਲੈ ਲੈਂਦੀ,ਉਸ ਸਮੇਂ ਤੱਕ ਅਸਤੀਫ਼ਾ ਦੇ ਚੁੱਕੇ ਆਗੂਆਂ ਨੂੰ ਪਾਰਟੀ ਦਫਤਰ ਆਪਣੀ ਅਗਵਾਈ ਹੇਠ ਮੀਟਿੰਗ ਕਰਨਾ ਜਾਂ ਕਰਵਾਉਣਾ ਸਿਧਮ ਸਿੱਧਾ ਹੁਕਮਨਾਮੇ ਦੀ ਉਲੰਘਣਾ ਹੀ ਨਹੀ ਚੁਣੌਤੀ ਦੇਣ ਬਰਾਬਰ ਹੈ।
ਇਸ ਤੋਂ ਇਲਾਵਾ ਐਸਜੀਪੀਸੀ ਮੈਂਬਰਾਂ ਨੇ ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੁਣ ਤੱਕ ਵੱਖ-ਵੱਖ ਸਮੇ ਜਾਰੀ ਹੁਕਮਨਾਮਿਆਂ ਨੂੰ ਲਾਗੂ ਨਾ ਕਰਵਾਉਣ ਨੂੰ ਲੈਕੇ ਵੀ ਸਵਾਲ ਕੀਤਾ। ਮੈਬਰਾਂ ਨੇ ਕਿਹਾ ਕਿ ਸੀਏ ਐੱਸਐੱਸ ਕੋਹਲੀ ਤੋਂ ਲਗਭਗ 12 ਕ੍ਰੋੜ ਰੁਪਏ ਵਸੂਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਐਸਜੀਪੀਸੀ ਨੂੰ ਗੁਰਬਾਣੀ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਨੂੰ ਸੰਗਤ ਤੱਕ ਪਹੁੰਚਾਉਣ ਲਈ ਕਮੇਟੀ ਨੂੰ ਅਪਣਾ ਟੀਵੀ ਚੈਨਲ ਬਣਾਉਣ ਲਈ ਹੁਕਮ ਕੀਤਾ ਗਿਆ ਸੀ, ਪਰ ਬਾਦਲ ਪ੍ਰੀਵਾਰ ਦੀ ਸਰਪਰਸਤੀ ਵਾਲੇ ਪੀਟੀਸੀ ਨੂੰ ਬਚਾਉਣ ਲਈ ਧਾਮੀ ਸਾਹਿਬ ਵਲੋ ਪਹਿਰਾ ਦਿੱਤਾ ਜਾ ਰਿਹਾ ਹੈ। ਹੁੱਣ 2 ਦਸੰਬਰ ਵਾਲੇ ਹੁਕਮਨਾਮੇ ਦੀ ਪਾਲਣਾ ਕਰਨ ਲਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨਾ ਬੁਲਾ ਕੇ ਉਲੰਘਣਾਂ ਕਰ ਰਹੇ ਹਨ। ਜਥੇ: ਧਾਮੀ ਪੰਥ ਨੂੰ ਜਵਾਬ ਦੇਣ ਹੁਕਮਨਾਮੇ ਕਿਉਂ ਨਹੀਂ ਲਾਗੂ ਕਰ ਰਹੇ।
ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉੱਨਾਂ ਨੂੰ ਮਿਲਣ ਸਮੇਂ ਕਿਹਾ ਕਿ ਸੁਖਬੀਰ ਬਾਦਲ ਧੜੇ ਨੇ ਕੋਈ ਟਾਈਮ ਨਹੀ ਲਿਆ ਜਾਂ ਟਾਈਮ ਮੰਗਿਆ ਗਿਆ। ਜਿਸ ਕਾਰਨ ਉਹ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਹਨ। ਮੈਂਬਰਾਂ ਵੱਲੋਂ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਅਤੇ ਟਕਰਾਅ ਪੈਦਾ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਇਸ ਲਈ ਸੰਗਤ ਇਹਨਾ ਗੁਰੂ ਤੋ ਬੇਮੁੱਖ ਹੋਏ ਆਗੂਆਂ ਖਿਲਾਫ ਸਖਤ ਲਾਮਬੰਦੀ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਨੂੰ ਪੇਸ਼ ਕਰਦੇ ਹੋਏ ਜਵਾਬ ਦੇਣ ਲਈ ਸਾਰੀਆਂ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮੱਰਪਿੱਤ ਮਤੇ ਪਾ ਕੇ ਭੇਜੇ।