ਭਾਸ਼ਾ ਵਿਭਾਗ ਪੰਜਾਬ ਵੱਲੋਂ ਡੋਗਰੀ ਪੰਜਾਬੀ ਕੋਸ਼ ਲੋਕ ਅਰਪਨ
ਭਾਸ਼ਾ ਵਿਭਾਗ ਪੰਜਾਬ ਵੱਲੋਂ ਡੋਗਰੀ ਪੰਜਾਬੀ ਕੋਸ਼ ਲੋਕ ਅਰਪਨ
By : Deep
ਪਟਿਆਲਾ 9 ਸਤੰਬਰ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਨਵੇਂ ਉਪਰਾਲਿਆਂ ਤਹਿਤ ਵਿਭਾਗ ਦੇ ਨਵ ਨਿਯੁਕਤ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਵੱਲੋਂ ਵਿਭਾਗ ਦੀ ਨਵੀਂ ਕ੍ਰਿਤ ਡੋਗਰੀ ਪੰਜਾਬੀ ਕੋਸ਼ ਉੱਘੀ ਵਿਦਵਾਨ ਸ਼੍ਰੀਮਤੀ ਚੰਦਨ ਨੇਗੀ ਦੇ ਜਲੰਧਰ ਵਿਖੇ ਨਿਵਾਸ ਅਸਥਾਨ ’ਤੇ ਪਹੁੰਚ ਕੇ ਲੋਕ ਅਰਪਨ ਕੀਤਾ। ਉਹਨਾਂ ਇਸ ਦੀ ਪਹਿਲੀ ਕਾਪੀ ਸ਼੍ਰੀਮਤੀ ਨੇਗੀ ਨੂੰ ਭੇਂਟ ਕੀਤੀ ਅਤੇ ਉਹਨਾਂ ਦੀ ਇਸ ਮਿਹਨਤ ਭਰੇ ਕਾਰਜ ਲਈ ਪ੍ਰਸੰਸਾ ਕੀਤੀ ਤੇ ਇਸ ਦੀ ਤਿਆਰੀ ਵਿੱਚ ਹੋਈ ਅਸਾਧਾਰਨ ਦੇਰੀ ਲਈ ਖਿਮਾ ਜਾਚਨਾ ਕੀਤੀ। ਦੱਸਣਯੋਗ ਹੈ ਕਿ ਸੰਨ 2003 ਵਿੱਚ ਡੋਗਰੀ ਨੂੰ ਭਾਰਤ ਦੀਆਂ ਕੌਮੀ ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਤੋਂ ਪਹਿਲਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀਮਤੀ ਚੰਦਨ ਨੇਗੀ ਤੋਂ ਡੋਗਰੀ ਪੰਜਾਬੀ ਸ਼ਬਦ ਕੋਸ਼ ਤਿਆਰ ਕਰਵਾਇਆ ਗਿਆ ਸੀ। ਪਰੰਤੂ ਇਸ ਸ਼ਬਦਕੋਸ਼ ਦਾ ਖਰੜਾ ਪਿਛਲੇ 28 ਸਾਲ ਤੋਂ ਆਪਣੀ ਛਪਾਈ ਦੀ ਉਡੀਕ ਕਰ ਰਿਹਾ ਸੀ। ਹਾਲ ਹੀ ਵਿੱਚ ਇਹ ਸ਼ਬਦਕੋਸ਼ ਪ੍ਰਕਾਸ਼ਿਤ ਹੋਇਆ ਹੈ।
ਇਸ ਖੁਸ਼ੀ ਭਰੇ ਮੌਕੇ ’ਤੇ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਬੋਲੀਆਂ ਦੇ ਵਿਕਾਸ ਲਈ ਇਹਨਾਂ ਦੇ ਆਪਣੀ ਗੁਆਂਢ ਦੀਆਂ ਬੋਲੀਆਂ ਨਾਲ ਸਾਂਝ ਸਹਿਯੋਗ ਬਹੁਤ ਮਹੱਤਵਪੂਰਨ ਹੁੰਦਾ ਹੈ। ਪੰਜਾਬੀ ਅਤੇ ਡੋਗਰੀ ਦੀਆਂ ਜਿੱਥੇ ਆਪੋ ਆਪਣੀਆਂ ਵਿਸ਼ੇਸ਼ਤਾਈਆਂ ਹਨ ਉਥੇ ਦੋਹਾਂ ਵਿੱਚ ਬਹੁਤ ਮਹੱਤਵਪੂਰਨ ਸਾਂਝਾ ਹਨ। ਦੋਵਾਂ ਦੀ ਬਹੁਤ ਸਾਰੀ ਸ਼ਬਦਾਵਲੀ ਅਤੇ ਵਿਆਕਰਣ ਮਿਲਦੀ ਹੈ। ਇਸ ਕੋਸ਼ ਵਿੱਚ ਉਹ ਸ਼ਬਦ ਹੀ ਸ਼ਾਮਿਲ ਕੀਤੇ ਗਏ ਹਨ ਜੋ ਠੇਠ ਡੋਗਰੀ ਦੇ ਅਤੇ ਦੋਨਾਂ ਭਾਸ਼ਾਵਾਂ ਵਿੱਚ ਵੱਖਰੇ ਵੱਖਰੇ ਹਨ। ਕਦੀ ਪੰਜਾਬੀ ਦੀ ਹੀ ਉਪਭਾਖਾ ਮੰਨੀ ਜਾਂਦੀ ਡੋਗਰੀ ਹੁਣ ਸੁਤੰਤਰ ਭਾਸ਼ਾ ਦਾ ਦਰਜਾ ਹਾਸਲ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਕੋਸ਼ ਨੂੰ ਅਗਲੇ ਕੁਝ ਦਿਨਾਂ ਅੰਦਰ ਵਿਭਾਗ ਦੀ ਵੈਬਸਾਈਟ ’ਤੇ ਇੰਟਰਨੈਟ ਰਾਹੀਂ ਵੀ ਉਪਲਬਧ ਕਰਾ ਦਿੱਤਾ ਜਾਵੇਗਾ।
ਵਿਸ਼ੇਸ਼ ਗੱਲ ਇਹ ਹੈ ਕਿ ਭਾਸ਼ਾ ਵਿਭਾਗ, ਪੰਜਾਬ ਨੇ ਪੰਜਾਬੀ ਕੋਸ਼ਕਾਰੀ ਦਾ ਮੁੱਢਲਾ ਤੇ ਬੁਨਿਆਦੀ ਕਾਰਜ ਕੀਤਾ ਹੈ। ਵਿਭਾਗ ਨੇ ਪੰਜਾਬੀ ਕੋਸ਼ ਤਿਆਰ ਕਰਨ ਦਾ ਮਹੱਤਵਪੂਰਣ ਕਾਰਜ ਕੀਤਾ। ਵਿਭਾਗ ਵੱਲੋਂ ਪਹਿਲਾਂ ਛਪੇ ਕੋਸ਼ਾਂ ਦੀ ਸੋਧ-ਸੁਧਾਈ ਕਰਨ ਦੇ ਨਾਲ-ਨਾਲ ਨਵੇਂ ਕੋਸ਼ਾਂ ਦੀ ਸਿਰਜਣਾ ਦਾ ਕਾਰਜ ਵੀ ਚੱਲਦਾ ਰਹਿੰਦਾ ਹੈ। ਡੋਗਰੀ ਦਾ ਪੰਜਾਬੀ ਨਾਲ ਗਹਿਰਾ ਸਬੰਧ ਹੋਣ ਕਰਕੇ ਡੋਗਰੀ-ਪੰਜਾਬੀ ਕੋਸ਼ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਸੀ। ਇਹ ਕੋਸ਼ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਵੇਗਾ। ਉਪ-ਭਾਸ਼ਾਈ ਖੋਜਾਰਥੀਆਂ ਅਤੇ ਅਨੁਵਾਦਕਾਂ ਲਈ ਵੀ ਇਹ ਕੋਸ਼ ਸਹਾਈ ਸਿੱਧ ਹੋਵੇਗਾ। ਡੋਗਰੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ। ਇਸ ਲਈ ਇਸਦਾ ਕ੍ਰਮ ਦੇਵਨਾਗਰੀ ਲਿਪੀ ਵਾਲਾ ਰੱਖਿਆ ਗਿਆ ਹੈ। ਇਸ ਦੀ ਤਰਤੀਬ ਵਿੱਚ ਪਹਿਲਾਂ ਡੋਗਰੀ ਸ਼ਬਦ ਦੇਵਨਾਗਰੀ ਰੂਪ ਵਿੱਚ, ਫਿਰ ਪੰਜਾਬੀ ਉਚਾਰਣ ਗੁਰਮੁਖੀ ਲਿਪੀ ਵਿੱਚ, ਫਿਰ ਵਿਆਕਰਣ ਅਤੇ ਅਰਥ ਦਿੱਤੇ ਗਏ ਹਨ।
ਇਸ ਮੌਕੇ ਸ੍ਰੀਮਤੀ ਚੰਦਨ ਨੇਗੀ ਦੇ ਪਰਿਵਾਰ ਤੋਂ ਡਾ. ਉਪਿੰਦਰ ਸਿੰਘ ਘਈ, ਡਾ. ਅਰਵਿੰਦਰ ਕੌਰ ਘਈ, ਡਾ. ਹਰਮਨਪ੍ਰੀਤ ਭੂਟਾਨੀ, ਡਾ. ਸੰਗਲੀ ਘਈ ਮੌਜੂਦ ਸਨ। ਭਾਸ਼ਾ ਵਿਭਾਗ ਵੱਲੋਂ ਸ਼ਬਦ ਕੋਸ਼ ਵਿੰਗ ਦੇ ਇੰਚਾਰਜ ਅਤੇ ਸਹਾਇਕ ਡਾਇਰੈਕਟਰ ਸ਼੍ਰੀ ਆਲੋਕ ਚਾਵਲਾ, ਖੋਜ ਅਫ਼ਸਰ ਡਾ. ਸਤਪਾਲ ਸਿੰਘ ਚਹਿਲ, ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀਮਤੀ ਨਵਨੀਤ ਰਾਏ, ਇੰਸਟਰਕਟਰ ਰਜਵੰਤ ਕੌਰ ਅਤੇ ਗਗਨਦੀਪ ਸਿੰਘ ਹਾਜ਼ਰ ਸਨ।