ਗਿੱਦੜਬਾਹਾ ’ਚ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਚੋਣ ਮੈਦਾਨ ’ਚ ਕੁੱਦਿਆ
ਵਾਰਿਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਉਪ ਚੋਣ ਲੜਨਗੇ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਆਪਣੇ ਗਿੱਦੜਬਾਹਾ ਦੌਰੇ ਦੌਰਾਨ ਮਨਦੀਪ ਸਿੱਧੂ ਨੂੰ ਪੰਥਕ ਉਮੀਦਵਾਰ ਐਲਾਨ ਕੀਤਾ ਗਿਆ ਏ
By : Makhan shah
ਗਿੱਦੜਬਾਹਾ : ਵਾਰਿਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਉਪ ਚੋਣ ਲੜਨਗੇ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਆਪਣੇ ਗਿੱਦੜਬਾਹਾ ਦੌਰੇ ਦੌਰਾਨ ਮਨਦੀਪ ਸਿੱਧੂ ਨੂੰ ਪੰਥਕ ਉਮੀਦਵਾਰ ਐਲਾਨ ਕੀਤਾ ਗਿਆ ਏ ਪਰ ਉਧਰ ਬਰਗਾੜੀ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ।
ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਪੰਥਕ ਉਮੀਦਵਾਰ ਹੋਣਗੇ। ਇਹ ਐਲਾਨ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਕੀਤਾ ਗਿਆ ਏ। ਮਨਦੀਪ ਸਿੱਧੂ ਵੱਲੋਂ ਪਿੱਛਲੇ ਕਾਫ਼ੀ ਦਿਨਾਂ ਤੋਂ ਗਿੱਦੜਬਾਹਾ ਵਿਚ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਏ ਅਤੇ ਵੱਖ ਵੱਖ ਥਾਵਾਂ ’ਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਆਪਣੇ ਗਿੱਦੜਬਾਹਾ ਦੌਰੇ ਦੌਰਾਨ ਜਿੱਥੇ ਲੋਕਾਂ ਦਾ ਉਨ੍ਹਾਂ ਨੂੰ ਜਿਤਾਉਣ ਦੇ ਲਈ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਮਨਦੀਪ ਸਿੱਧੂ ਨਾਲ ਵੀ ਲੋਕਾਂ ਦੀ ਜਾਣ ਪਛਾਣ ਕਰਵਾਈ ਅਤੇ ਉਪ ਚੋਣ ਵਿਚ ਮਨਦੀਪ ਸਿੱਧੂ ਨੂੰ ਭਾਰੀ ਫ਼ਰਕ ਨਾਲ ਜਿੱਤ ਦਿਵਾਉਣ ਦੀ ਅਪੀਲ ਕੀਤੀ।
ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਆਖਿਆ ਕਿ ਦੀਪ ਸਿੱਧੂ ਵੱਲੋਂ ਲੰਬੇ ਸਮੇਂ ਤੱਕ ਸਿੱਖਾਂ ਦੀ ਆਵਾਜ਼ ਬੁਲੰਦ ਕੀਤੀ ਗਈ, ਉਨ੍ਹਾਂ ਦੱਸਿਆ ਸੀ ਕਿ ਸਰਕਾਰ ਸਿੱਖਾਂ ਦੇ ਨਾਲ ਕਿਸ ਤਰ੍ਹਾਂ ਵਿਤਕਰੇਬਾਜ਼ੀ ਕਰਨ ਲੱਗੀ ਹੋਈ ਐ। ਉਨ੍ਹਾਂ ਆਖਿਆ ਕਿ ਮਨਦੀਪ ਸਿੱਧੂ ਵੀ ਦੀਪ ਸਿੱਧੂ ਦੀ ਤਰ੍ਹਾਂ ਸਮਝਦਾਰ ਐ ਅਤੇ ਜੇਕਰ ਉਹ ਗਿੱਦੜਬਾਹਾ ਤੋਂ ਜਿੱਤਦੇ ਨੇ ਤਾਂ ਲੋਕਾਂ ਦੀ ਆਵਾਜ਼ ਬਣਨਗੇ। ਇਹ ਵੀ ਕਿਹਾ ਜਾ ਰਿਹਾ ਏ ਕਿ ਬਾਬਾ ਬਕਾਲਾ ਵਿਖੇ ਹੋਏ ਪੰਥਕ ਇਕੱਠ ਵਿਚ ਹੀ ਮਨਦੀਪ ਸਿੰਘ ਸਿੱਧੂ ਨੂੰ ਗਿੱਦੜਬਾਹਾ ਤੋਂ ਚੋਣ ਲੜਾਉਣ ਦਾ ਥਾਪੜਾ ਦੇ ਦਿੱਤਾ ਗਿਆ ਸੀ, ਉਸੇ ਤੋਂ ਬਾਅਦ ਉਹ ਲਗਾਤਾਰ ਗਿੱਦੜਬਾਹਾ ਵਿਚ ਆਪਣੀ ਚੋਣ ਮੁਹਿੰਮ ਚਲਾ ਰਹੇ ਨੇ।
ਉਧਰ ਦੂਜੇ ਪਾਸੇ ਬਹਿਬਲ ਕਲਾਂ ਗੋਲੀਬਾਰੀ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਏ। ਉਨ੍ਹਾਂ ਦੇ ਪਿਤਾ ਨੂੰ 14 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਬੇਅਦਬੀ ਦੀ ਘਟਨਾ ਦੇ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸੁਖਰਾਜ ਸਿੰਘ ਦਾ ਕਹਿਣਾ ਏ ਕਿ ਉਹ ਪਿਛਲੇ ਨੌਂ ਸਾਲਾਂ ਤੋਂ ਇਨਸਾਫ਼ ਦਾ ਇੰਤਜ਼ਾਰ ਕਰ ਰਹੇ ਨੇ। ਉਨ੍ਹਾਂ ਦੇ ਪਿਤਾ ਦੀ ਹੱਤਿਆ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਕੀਤੀ ਗਈ ਸੀ ਪਰ ਤਿੰਨ ਸਰਕਾਰਾਂ ਨੇ ਕੋਈ ਇਨਸਾਫ਼ ਨਹੀਂ ਦਿਵਾਇਆ।
ਉਨ੍ਹਾਂ ਕਿਹਾ ਕਿ ਅਸੀਂ ਪ੍ਰਦਰਸ਼ਨ ਦੇ ਜ਼ਰੀਏ ਨੇਤਾਵਾਂ ਨੂੰ ਸਵਾਲ ਪੁੱਛਦੇ ਰਹੇ ਆਂ ਪਰ ਜੋ ਵੀ ਸਰਕਾਰ ਵਿਚ ਆਉਂਦਾ ਏ, ਉਹ ਝੂਠੇ ਵਾਅਦੇ ਕਰਕੇ ਭੱਜ ਜਾਂਦਾ ਏ, ਪਰ ਹੁਣ ਉਹ ਨੇਤਾਵਾਂ ’ਤੇ ਨਿਰਭਰ ਰਹਿਣ ਦੀ ਬਜਾਏ ਸਿੱਧੇ ਵਿਧਾਨ ਸਭਾ ਵਿਚ ਸਰਕਾਰ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ ਅਤੇ ਵਿਧਾਨ ਸਭਾ ਵਿਚ ਆ ਕੇ ਉਨ੍ਹਾਂ ਦਾ ਮੁਕਾਬਲਾ ਕਰਾਂਗੇ। ਉਨ੍ਹਾਂ ਆਖਿਆ ਕਿ ਹੁਣ ਚੋਣ ਜ਼ਰੀਏ ਵਿਧਾਨ ਸਭਾ ਵਿਚ ਜਾਣਾ ਹੀ ਇਕ ਅਜਿਹਾ ਹੱਲ ਐ, ਜਿਸ ਦੇ ਜ਼ਰੀਏ ਸਰਕਾਰ ਨੂੰ ਇਨਸਾਫ਼ ਦੇ ਲਈ ਸਿੱਧਾ ਸਵਾਲ ਕੀਤਾ ਜਾ ਸਕੇਗਾ।
ਸੁਖਰਾਜ ਸਿੰਘ ਨਿਆਮੀਵਾਲਾ ਦੇ ਐਲਾਨ ਤੋਂ ਲਗਦਾ ਏ ਕਿ ਉਹ ਪਿੱਛੇ ਹਟਣ ਵਾਲੇ ਨਹੀਂ ਪਰ ਜੇਕਰ ਗਿੱਦੜਬਾਹਾ ਤੋਂ ਮਨਦੀਪ ਸਿੰਘ ਸਿੱਧੂ ਅਤੇ ਸੁਖਰਾਜ ਸਿੰਘ ਨਿਆਮੀ ਵਾਲਾ ਦੋਵੇਂ ਚੋਣ ਲੜਨਗੇ ਤਾਂ ਪੰਥਕ ਉਮੀਦਵਾਰਾਂ ਵਿਚ ਭੰਬਲਭੂਸਾ ਪੈਦਾ ਹੋ ਜਾਵੇਗਾ ਕਿ ਉਹ ਵੋਟ ਕਿਸ ਨੂੰ ਪਾਉਣ? ਇਸ ਨਾਲ ਵੋਟਾਂ ਵੰਡੀਆਂ ਜਾਣਗੀਆਂ, ਜਿਸ ਦਾ ਫ਼ਾਇਦਾ ਦੂਜੇ ਉਮੀਦਵਾਰਾਂ ਨੂੰ ਹੋਵੇਗਾ।
ਭਾਵੇਂ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਉਹ ਸਾਰਿਆਂ ਨੂੰ ਭਰੋਸੇ ਵਿਚ ਲੈ ਕੇ ਹੀ ਐਲਾਨ ਕਰਨਗੇ ਪਰ ਮਨਦੀਪ ਸਿੱਧੂ ਦੇ ਨਾਮ ਦਾ ਐਲਾਨ ਕੀਤੇ ਜਾਣ ਤੋਂ ਇੰਝ ਜਾਪਦਾ ਏ ਕਿ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਕੋਈ ਸਹਿਮਤੀ ਨਹੀਂ ਬਣ ਸਕੀ ਹੋਵੇਗੀ। ਉਧਰ ਜਿੱਥੇ ਕਾਂਗਰਸ ਪਾਰਟੀ ਆਪਣੀ ਇਸ ਸੀਟ ਨੂੰ ਬਚਾਉਣ ਲਈ ਤਿਆਰੀਆਂ ਕਰ ਰਹੀ ਐ, ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਵਾਰ ਇਸ ਸੀਟ ’ਤੇ ਕਬਜ਼ੇ ਦੀ ਤਿਆਰੀ ਕੀਤੀ ਜਾ ਰਹੀ ਐ,, ਖ਼ੈਰ,, ਜੋ ਵੀ ਹੋਵੇ ਪਰ ਗਿੱਦੜਬਾਹਾ ਦੀ ਜ਼ਿਮਨੀ ਚੋਣ ਇਸ ਵਾਰ ਕਾਫ਼ੀ ਦਿਲਚਸਪ ਹੋਣ ਵਾਲੀ ਐ।