33 ਦਿਨਾਂ ਮਗਰੋਂ ਇਟਲੀ ਤੋਂ ਪੰਜਾਬ ਪੁੱਜੀ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ
ਪੰਜਾਬ ਦੀ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਖਰਚ ਕਰਕੇ ਆਪਣਾ ਘਰ ਬਾਰ ਛੱਡ ਕੇ ਰੋਜ਼ੀ ਰੋਟੀ ਦੀ ਤਲਾਸ਼ ਅਤੇ ਸੁਨਹਿਰੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ਾਂ ਵਿੱਚ ਜਾ ਰਹੀ ਹੈ। ਵਿਦੇਸ਼ਾਂ ਵਿੱਚ ਹਰ ਰੋਜ਼ ਮੌਤ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।
By : Makhan shah
ਨਾਭਾ : ਪੰਜਾਬ ਦੀ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਖਰਚ ਕਰਕੇ ਆਪਣਾ ਘਰ ਬਾਰ ਛੱਡ ਕੇ ਰੋਜ਼ੀ ਰੋਟੀ ਦੀ ਤਲਾਸ਼ ਅਤੇ ਸੁਨਹਿਰੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ਾਂ ਵਿੱਚ ਜਾ ਰਹੀ ਹੈ। ਵਿਦੇਸ਼ਾਂ ਵਿੱਚ ਹਰ ਰੋਜ਼ ਮੌਤ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਹਸਨਪੁਰ ਦੇ ਰਹਿਣ ਵਾਲੇ 40 ਸਾਲਾਂ ਨਿਰਮਲ ਸਿੰਘ ਦੇ ਨਾਲ ਜਿੱਥੇ 20 ਸਾਲ ਪਹਿਲਾਂ ਇਟਲੀ ਵਿਖੇ ਗਿਆ ਸੀ ਉੱਥੇ ਹੀ ਬੜੀ ਮਿਹਨਤ ਦੇ ਨਾਲ ਆਪਣਾ ਕਰਿਆਨਾ ਸਟੋਰ ਚਲਾ ਰਿਹਾ ਸੀ ਅਤੇ ਉਥੇ ਆਪਣੇ ਘਰ ਵਿੱਚ ਜਦੋਂ ਰੋਟੀ ਪਕਾਉਣ ਲੱਗਾ ਤਾਂ ਸਿਲੰਡਰ ਬਲਾਸਟ ਹੋ ਗਿਆ ਅਤੇ ਕਈ ਦਿਨ ਜਿਦਗੀ ਅਤੇ ਮੌਤ ਨਾਲ ਲੜਦਾ ਰਿਹਾ, ਆਖਿਰਕਾਰ ਜਖਮਾਂ ਦੀ ਤਾਪ ਨਾ ਚੱਲਦੇ ਹੋਏ ਉਸ ਦੀ ਮੌਤ ਹੋ ਗਈ।
ਨਿਰਮਲ ਸਿੰਘ ਦੀ ਮ੍ਰਿਤਕ ਦੇਹ ਇਟਲੀ ਤੋਂ ਅੱਜ ਨਾਭਾ ਬਲਾਕ ਦੇ ਪਿੰਡ ਹਸਨਪੁਰ ਵਿਖੇ 33 ਦਿਨਾਂ ਬਾਅਦ ਘਰ ਪਹੁੰਚੀ। ਘਰ ਵਿੱਚ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜੇ ਸਰਕਾਰਾਂ ਇੱਥੇ ਕੰਮ ਕਾਰ ਨੌਜਵਾਨਾਂ ਨੂੰ ਦੇਣ ਤਾਂ ਉਹ ਵਿਦੇਸ਼ੀ ਧਰਤੀ ਤੇ ਕਿਉਂ ਜਾਣ।
ਇਟਲੀ ਤੋਂ 33 ਦਿਨਾਂ ਬਾਅਦ ਤਾਬੂਤ ਵਿੱਚ ਮ੍ਰਿਤਕ ਨਿਰਮਲ ਸਿੰਘ ਦੀ ਦੇਹ ਜਦੋਂ ਘਰ ਪਹੁੰਚਦੀ ਹੈ ਤਾਂ ਘਰ ਵਿੱਚ ਚੀਕ ਚਗਿਹਾੜਾ ਨਾਲ ਵਿਰਲਾਪ ਕਰ ਰਹੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀਆ ਦੀਆਂ ਵੀ ਅੱਖਾਂ ਨਮ ਹੋ ਗਈਆਂ। ਕਿਉਂਕਿ ਮ੍ਰਿਤਕ ਨਿਰਮਲ ਸਿੰਘ ਮਿਲਣ ਸਾਰ ਅਤੇ ਹਰ ਇੱਕ ਦੀ ਮਦਦ ਕਰਨ ਵਾਲਾ ਵਿਅਕਤੀ ਸੀ। ਪਰਿਵਾਰ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਰੋਦੇ ਕਰਲਾਉਂਦੇ ਛੱਡ ਜਾਵੇਗਾ।
ਘਰ ਵਿੱਚ ਜਿਵੇਂ ਹੀ ਤਬੂਤ ਦੇ ਨਾਲ ਬੰਦ ਮ੍ਰਿਤਕ ਦੇਹ ਪਹੁੰਚਦੀ ਹੈ ਤਾਂ ਪਰਿਵਾਰ ਨੂੰ ਅੰਤਿਮ ਰਸਮਾਂ ਨਿਭਾਉਣ ਦਾ ਸਮਾਂ ਵੀ ਨਹੀਂ ਮਿਲਿਆ ਕਿਉਂਕਿ ਮ੍ਰਿਤਕ ਨਿਰਮਲ ਸਿੰਘ ਅੱਗ ਨਾਲ ਜਲਿਆ ਹੋਇਆ ਸਰੀਰ ਨੂੰ ਸ਼ਮਸ਼ਾਨ ਘਾਟ ਵਿੱਚ ਹੀ ਤਾਬੂਤ ਨੂੰ ਖੋਲਿਆ ਜਾਂਦਾ ਹੈ। ਮ੍ਰਿਤਕ ਦੇ ਦੋ ਲੜਕੇ ਜਿਨਾਂ ਦੀ ਉਮਰ 8 ਸਾਲ ਅਤੇ 11 ਸਾਲ ਦੀ ਹੈ ਰੋਂਦੇ ਹੋਏ ਵੇਖੇ ਨਹੀਂ ਸੀ ਜਾ ਰਹੇ।
ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਸੁਰਿੰਦਰ ਸਿੰਘ ਵਿਰਕ, ਮ੍ਰਿਤਕ ਦਾ ਰਿਸ਼ਤੇਦਾਰ ਬੂਟਾ ਸਿੰਘ ਸ਼ਾਦੀਪੁਰ ਅਤੇ ਮ੍ਰਿਤਕ ਦੇ ਦੋਸਤ ਹਰਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ 20 ਸਾਲ ਪਹਿਲਾਂ ਇਟਲੀ ਵਿਖੇ ਕੰਮਕਾਰ ਦੀ ਤਲਾਸ਼ ਵਿੱਚ ਗਿਆ ਸੀ ਅਤੇ ਉਸਨੇ ਬਹੁਤ ਹੀ ਤਰੱਕੀ ਕੀਤੀ ਅਤੇ ਆਪਣਾ ਕਰਿਆਨਾ ਸਟੋਰ ਵੀ ਬਣਾ ਲਿਆ ਪਰ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਨਹੀਂ ਗਿਆ ਉਹ ਕਹਿੰਦਾ ਸੀ ਆਪਾਂ ਪੰਜਾਬ ਦੀ ਮਿੱਟੀ ਨਾਲ ਹੀ ਜੁੜ ਕੇ ਰਹਿਣਾ ਹੈ ਅਤੇ ਦੋ ਸਾਲ ਬਾਅਦ ਮੈਂ ਵੀ ਇੱਥੇ ਆ ਕੇ ਆਪਣਾ ਹੀ ਕੰਮ ਕਰਾਂਗਾ
ਪਰ ਇਟਲੀ ਵਿਖੇ ਜਦੋਂ ਆਪਣੇ ਘਰ ਰੋਟੀ ਪਕਾਉਣ ਲਈ ਸਿਲਡਰ ਚਲਾਉਣ ਲੱਗ ਗਿਆ ਤਾਂ ਉੱਥੇ ਬਲਾਸਟ ਹੋ ਗਿਆ ਅਤੇ ਕੁਝ ਦਿਨਾਂ ਬਾਅਦ ਉੱਥੇ ਹੀ ਉਸ ਦੀ ਮੌਤ ਹੋ ਗਈ। ਪਿੱਛੇ ਆਪਣੇ ਪਰਿਵਾਰ ਨੂੰ ਰੋਂਦੇ ਕਰਲਾਉਂਦੇ ਛੱਡ ਗਿਆ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇੱਥੇ ਕੰਮ ਕਾਰ ਦੇਵੇ ਤਾਂ ਵਿਦੇਸ਼ੀ ਧਰਤੀ ਤੇ ਨੌਜਵਾਨ ਪੀੜੀ ਦਾ ਇਹ ਹਸ਼ਰ ਨਾ ਹੋਵੇ। ਪਰ ਸਰਕਾਰਾਂ ਇਸ ਵੱਲ ਕੋਈ ਧਿਆਨ ਨਹੀਂ।