ਸੀਐਮ ਮਾਨ ਨੇ ਨਵੇਂ ਘਰ ’ਚ ਕੀਤਾ ਗ੍ਰਹਿ ਪ੍ਰਵੇਸ਼, ਜਲੰਧਰ ਉਪ ਚੋਣ ਜਿੱਤਣ ਦਾ ਟੀਚਾ
ਸੀਐਮ ਮਾਨ ਨੇ ਨਵੇਂ ਘਰ ’ਚ ਕੀਤਾ ਗ੍ਰਹਿ ਪ੍ਰਵੇਸ਼, ਜਲੰਧਰ ਉਪ ਚੋਣ ਜਿੱਤਣ ਦਾ ਟੀਚਾ
By : Makhan shah
ਜਲੰਧਰ : ਜਲੰਧਰ ਵੈਸਟ ਵਿਧਾਨ ਸਭਾ ਖੇਤਰ ਵਿਚ ਹੋਣ ਵਾਲੀ ਉਪ ਚੋਣ ਦੇ ਲਈ ਸੀਐਮ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ਵਿਚ ਇਕ ਮਕਾਨ ਕਿਰਾਏ ’ਤੇ ਲੈ ਲਿਆ ਏ, ਅੱਜ ਉਨ੍ਹਾਂ ਵੱਲੋਂ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਬੇਟੀ ਦੇ ਨਾਲ ਗ੍ਰਹਿ ਪ੍ਰਵੇਸ਼ ਕੀਤਾ ਗਿਆ। ਇਸ ਮੌਕੇ ਜਲੰਧਰ ਦੇ ਦੀਪ ਨਗਰ ਇਲਾਕੇ ਵਿਚ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵੈਸਟ ਦੀ ਉਪ ਚੋਣ ਵਾਸਤੇ ਕਮਾਨ ਸੰਭਾਲ ਲਈ ਐ, ਜਿਸ ਦੇ ਚਲਦਿਆਂ ਉਨ੍ਹਾਂ ਨੇ ਇੱਥੋਂ ਦੇ ਦੀਪ ਨਗਰ ਇਲਾਕੇ ਵਿਚ ਇਕ ਮਕਾਨ ਕਿਰਾਏ ’ਤੇ ਲੈ ਲਿਆ ਏ, ਜਿਸ ਵਿਚ ਉਨ੍ਹਾਂ ਵੱਲੋਂ ਅੱਜ ਗ੍ਰਹਿ ਪ੍ਰਵੇਸ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਬੇਟੀ ਵੀ ਮੌਜੂਦ ਸਨ। ਸੀਐਮ ਮਾਨ ਦੇ ਗ੍ਰਹਿ ਪ੍ਰਵੇਸ਼ ਦੇ ਚਲਦਿਆਂ ਪੁਲਿਸ ਨੇ ਪਹਿਲਾਂ ਹੀ ਜਲੰਧਰ ਦੇ ਦੀਪ ਨਗਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸੀ। ਹੁਣ ਸੀਐਮ ਭਗਵੰਤ ਮਾਨ ਇੱਥੇ ਰਹਿ ਕੇ ਜਲੰਧਰ ਵੈਸਟ ਦੀ ਉਪ ਚੋਣ ’ਤੇ ਪੂਰਾ ਧਿਆਨ ਦੇਣਗੇ।
ਸੀਐਮ ਭਗਵੰਤ ਮਾਨ ਇਸ ਮਕਾਨ ਵਿਚ ਸਿਰਫ਼ ਉਪ ਚੋਣਾਂ ਤੱਕ ਨਹੀਂ ਬਲਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹਿਣਗੇ। ਜਾਣਕਾਰੀ ਅਨੁਸਾਰ ਸੀਐਮ ਮਾਨ ਹਫ਼ਤੇ ਵਿਚ ਦੋ ਦਿਨ ਇਸੇ ਘਰ ਵਿਚ ਰਹਿਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਏ ਕਿਉਂਕਿ ਇਸ ਨਾਲ ਦੁਆਬਾ ਅਤੇ ਮਾਝਾ ਖੇਤਰ ਦੇ ਨੇਤਾਵਾਂ ਅਤੇ ਲੋਕਾਂ ਦੇ ਨਾਲ ਨੇੜਿਓਂ ਸੰਪਰਕ ਬਣਿਆ ਰਹੇਗਾ, ਜਿਸ ਨਾਲ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਨੂੰ ਵੀ ਬੜ੍ਹਾਵਾ ਮਿਲੇਗਾ। ਸੀਐਮ ਭਗਵੰਤ ਮਾਨ ਵੱਲੋਂ ਕਿਰਾਏ ’ਤੇ ਲਿਆ ਗਿਆ ਨਵਾਂ ਮਕਾਨ 131 ਮਰਲੇ ਵਿਚ ਬਣਿਆ ਹੋਇਆ ਏ, ਜਿਸ ਵਿਚ ਪਿਛਲੇ ਇਕ ਮਹੀਨੇ ਤੋਂ ਪੇਂਟਿੰਗ ਅਤੇ ਹੋਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਪਹਿਲਾਂ ਚਰਚਾ ਇਹ ਚੱਲ ਰਹੀ ਸੀ ਕਿ ਸੀਐਮ ਮਾਨ ਸੋਮਵਾਰ ਨੂੰ ਗ੍ਰਹਿ ਪ੍ਰਵੇਸ਼ ਕਰਨਗੇ ਪਰ ਅਜਿਹਾ ਨਹੀਂ ਹੋਇਆ, ਉਨ੍ਹਾਂ ਨੇ ਗ੍ਰਹਿ ਪ੍ਰਵੇਸ਼ ਲਈ ਬੁੱਧਵਾਰ ਦਾ ਦਿਨ ਚੁਣਿਆ।
ਦੱਸ ਦਈਏ ਕਿ ਪਹਿਲਾਂ ਵਾਲੀ ਲੋਕ ਸਭਾ ਉਪ ਚੋਣ ਦੌਰਾਨ ਸੀਐਮ ਮਾਨ ਅਤੇ ਉਨ੍ਹਾਂ ਦੀ ਟੀਮ ਨੂੰ ਹੋਟਲਾਂ ਵਿਚ ਰੁਕਣਾ ਪਿਆ ਸੀ, ਇਸੇ ਕਰਕੇ ਇਸ ਵਾਰ ਉਪ ਚੋਣ ਦੇ ਲਈ ਸੀਐਮ ਮਾਨ ਨੇ ਜਲੰਧਰ ਵਿਚ ਘਰ ਕਿਰਾਏ ’ਤੇ ਲੈਣ ਦਾ ਫ਼ੈਸਲਾ ਕੀਤਾ ਏ। ਜਲੰਧਰ ਵੈਸਟ ਤੋਂ ਉਪ ਚੋਣ ਵਿਚ ਆਮ ਆਦਮੀ ਪਾਰਟੀ ਨੇ ਮੋਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਏ।