ਚਰਨਜੀਤ ਬਰਾੜ ਨੇ ਫਿਰ ਕੱਢੀ ਸੁਖਬੀਰ ਬਾਦਲ ’ਤੇ ਭੜਾਸ
ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਇਆ ਕਲੇਸ਼ ਹਾਲੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਫਿਰ ਸੁਖਬੀਰ ਬਾਦਲ ਵਿਰੁੱਧ ਬਗ਼ਾਵਤ ਕਰਨ ਵਾਲੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਵੱਲੋਂ ਆਪਣੇ ਸੋਸ਼ਲ ਮੀਡੀਆ ’ਤੇ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਐ, ਜਿਸ ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ...
By : Makhan shah
ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਇਆ ਕਲੇਸ਼ ਹਾਲੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਫਿਰ ਸੁਖਬੀਰ ਬਾਦਲ ਵਿਰੁੱਧ ਬਗ਼ਾਵਤ ਕਰਨ ਵਾਲੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਵੱਲੋਂ ਆਪਣੇ ਸੋਸ਼ਲ ਮੀਡੀਆ ’ਤੇ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਐ, ਜਿਸ ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਵੱਲੋਂ ਉਨ੍ਹਾਂ ’ਤੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ। ਉਨ੍ਹਾਂ ਆਖਿਆ ਕਿ ਉਹ ਕਿਸੇ ਟਿਕਟ ਦੀ ਵਜ੍ਹਾ ਕਰਕੇ ਗੁੱਸੇ ਨਹੀਂ ਹੋਏ,, ਇਹ ਗਲਤ ਪ੍ਰਾਪੇਗੰਡਾ ਫੈਲਾਇਆ ਜਾ ਰਿਹਾ ਏ।
ਸੁਖਬੀਰ ਬਾਦਲ ਵਿਰੁੱਧ ਬਗ਼ਾਵਤ ਕਰਨ ਵਾਲੇ ਚਰਨਜੀਤ ਸਿੰਘ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ‘‘ਪਿਛਲੇ ਕਈ ਦਿਨਾ ਤੋਂ ਉਹ ਪਤਨੀ ਦੇ ਇਲਾਜ ਲਈ ਹਸਪਤਾਲ ਵਿਚ ਨੇ, ਪਰ ਉਨ੍ਹਾਂ ਨੂੰ ਪਤਾ ਚੱਲਿਆ ਏ ਕਿ ਅਕਾਲੀ ਦਲ ਦੇ ਕਈ ਬੁਲਾਰੇ ਅਤੇ ਲੀਡਰ ਅਸਲ ਏਜੰਡੇ ਵਾਲੀ ਮੰਗ ਭਟਕਾਉਣ ਲਈ ਕਈ ਤਰ੍ਹਾਂ ਦੇ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਨੇ। ਚਰਨਜੀਤ ਬਰਾੜ ਵੱਲੋਂ ਕੁੱਝ ਕੁੱਝ ਸਵਾਲ ਲਿਖੇ ਗਏ ਅਤੇ ਫਿਰ ਉਨ੍ਹਾਂ ਦਾ ਜਵਾਬ ਦਿੱਤਾ ਗਿਆ ਜੋ ਇਸ ਪ੍ਰਕਾਰ ਨੇ।
1. ਕਿ ਉਸ ਨੂੰ ਪਟਿਆਲਾ ਦੀ ਟਿਕਟ ਨਹੀਂ ਮਿਲੀ ਤਾਂ ਗੁੱਸੇ ਹੋਇਆ ਜੋ ਸਰਾਸਰ ਝੂਠਾ ਤੇ ਗਲਤ ਪ੍ਰਾਪੇਗੰਡਾ ਹੈ।
2. ਕਹਿੰਦੇ ਨੇ ਉਹ ਨਵਾਂ ਸ਼ਹਿਰ ਮੰਗਦਾ ਸੀ।
3. ਕਹਿੰਦੇ ਹਨ ਕੇ ਉਸ ਨੇ ਰਾਜਪੁਰਾ ਖੁਦ ਮੰਗ ਕੇ ਲਿਆ ਸੀ।
4. ਰਾਜ ਸਭਾ ਦੀ ਸੀਟ ਮੰਗਦਾ ਸੀ।
5. ਪਾਰਟੀ ਦਾ ਸਕੱਤਰ ਲੱਗਣਾ ਚਾਹੁੰਦਾ ਸੀ।
6. ਕਹਿੰਦੇ ਹਨ ਕਿ ਉਹ ਆਪਣੇ ਵਿੱਚ ਵੀ ਕਲੀਅਰ ਨਹੀਂ ਕਿ ਕੀ ਕਰਨਾ ਚਾਹੁੰਦਾ ਹੈ।
ਫਿਰ ਉਨ੍ਹਾਂ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਲਿਖਿਆ :
1. ਨਵਾਂ ਸ਼ਹਿਰ ਤਾਂ 2011 ਵਿੱਚ ਜਦ ਸੁਖਬੀਰ ਸਿੰਘ ਬਾਦਲ ਨਾਲ ਆਇਆ ਸੀ ਪਹਿਲੇ ਦਿਨ ਮੰਗੀ ਸੀ ਤੇ ਉਹਨਾਂ ਵਾਅਦਾ ਵੀ ਕੀਤਾ ਸੀ ਤੇ ਜੋ 2012, 2017 ਅਤੇ 2022 ਵਿਚ ਵੀ ਨਹੀ ਦਿੱਤੀ।
ਨਾ ਮੈਂ 2012 ਵਿਚ ਰੁੱਸਿਆ, ਨਾ ਮੈਂ 2017 ਵਿਚ ਰੁੱਸਿਆ ਤੇ ਨਾ ਹੀ ਮੈਂ 2022 ਵਿੱਚ ਜਦ ਬੀਐਸਪੀ ਨੂੰ ਦੇ ਦਿੱਤੀ ਉਸ ਵਕਤ ਵੀ ਨਹੀਂ ਰੁੱਸਿਆ।
2. ਰਾਜਪੁਰਾ ਬੀਜੇਪੀ ਕੋਲ ਰਹੀ ਸੀਟ ਸੀ ਮੈਂ ਕਦੇ ਵੀ ਨਹੀਂ ਮੰਗੀ ਸੀ। 2017 ਵਿੱਚ ਜਦ ਨਵਾਂ ਸ਼ਹਿਰ ਨਹੀਂ ਦਿੱਤੀ ਤਾਂ ਖੁਦ ਪ੍ਰਧਾਨ ਸਾਹਿਬ ਨੇ ਕਿਹਾ ਤੈਨੂੰ ਖਰੜ ਦੇ ਦਿੰਦਾ ਹਾਂ ਪਰ ਖਰੜ ਗਿੱਲ ਸਾਹਿਬ ਗਿਲਕੋ ਵਾਲੇ ਨੂੰ ਕਿਵੇਂ 2 ਘੰਟਿਆਂ ਵਿੱਚ ਦਿੱਤੀ ਉਹ ਵੀ ਦੱਸਾਂਗਾ। ਫਿਰ ਮੋਹਾਲੀ ਦਾ ਕਹਿ ਦਿੱਤਾ ਮੈਂ ਸੁਨੇਹੇ ਲਾਏ ਜਦ ਮੀਟਿੰਗ ਸ਼ੁਰੂ ਹੋਈ ਤਾਂ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਦੇ ਦਿੱਤੀ ਪਰ ਮੈਂ ਚੁੱਪਚਾਪ ਕੰਮ ਕਰਨ ਲੱਗ ਗਿਆ ਮੈਂ ਉਸ ਵਕਤ ਵੀ ਨਹੀਂ ਰੁੱਸਿਆ।
3. ਤੀਸਰੀ ਵਾਰ ਫਿਰ ਨਵਾਂ ਸ਼ਹਿਰ ਬੀਐਸਪੀ ਨੂੰ ਦੇ ਦਿੱਤੀ ਹਾਲਾਂਕਿ ਬੀਐਸਪੀ ਪ੍ਰਧਾਨ ਆਪਣੇ ਲਈ ਬਲਾਚੌਰ ਸੀਟ ਮੰਗਦਾ ਸੀ ਤੇ ਉੱਥੇ ਬੀਐਸਪੀ ਨੂੰ ਵੋਟ ਵੀ ਵੱਧ ਪਈ ਸੀ ਨਵਾਂ ਸ਼ਹਿਰ ਨਾਲੋਂ,,, ਪਰ ਉਸ ਦੀ ਵੀ ਨਹੀਂ ਮੰਨੀ ਤੇ ਮੇਰਾ ਗਲ਼ਾ ਫਿਰ ਤੀਜੀ ਵਾਰ ਕੱਟ ਦਿੱਤਾ। ਮੈਂ ਫਿਰ ਵੀ ਰੁੱਸਿਆ ਨਹੀਂ ਅਤੇ ਸਹਿਮਤੀ ਦੇ ਦਿੱਤੀ ਤੇ ਫਿਰੋਜ਼ਪੁਰ ਪ੍ਰਧਾਨ ਜੀ ਦੇ ਹਲਕੇ ਵਿਚ ਕੰਮ ਕਰਨ ਕਰਕੇ ਨਵਾਂ ਸ਼ਹਿਰ ਬੀਐਸਪੀ ਕੋਲ ਜਾਣ ਤੋਂ ਬਾਅਦ ਮੈਂ ਫਿਰੋਜ਼ਪੁਰ ਸੀਟ ਮੰਗ ਲਈ ਪਰ ਕੁਝ ਦਿਨਾਂ ਬਾਅਦ ਮਨਾ ਕਰਕੇ ਰਾਜਪੁਰਾ ਜਾਣ ਦਾ ਹੁਕਮ ਸੁਣਾ ਦਿੱਤਾ।
4. ਮੈਂ ਰੁੱਸਿਆ ਨਹੀਂ ਪਾਰਟੀ ਦਾ ਹੁਕਮ ਮੰਨਿਆ।
5. ਪਟਿਆਲਾ ਇਸ ਸ਼ਰਤ ’ਤੇ ਮੰਗ ਕੀਤੀ ਸੀ ਕਿ ਜੇਕਰ ਸੁਰਜੀਤ ਸਿੰਘ ਰੱਖੜਾ ਜਾਂ ਐਨ ਕੇ ਸ਼ਰਮਾਂ ਨਹੀਂ ਲੜਦੇ ਤਾਂ ਮੈਨੂੰ ਦਿਓ। ਮੈਂ ਸਭ ਤੋਂ ਵੱਧ ਮਿਹਨਤ ਕਰਾਂਗਾ ਤੇ ਪਟਿਆਲਾ ਲੋਕ ਸਭਾ ਹਲਕੇ ਦਾ ਕੋਆਰਡੀਨੇਟਰ ਤੌਰ ’ਤੇ ਕੰਮ ਕਰਦਿਆਂ ਹਰੇਕ ਸਰਕਲ ਪੱਧਰ ਤੱਕ ਕੰਮ ਕਰ ਚੁੱਕਾ ਸੀ। ਪੀਪੀਪੀ ਵੇਲੇ ਵੀ ਸਾਰੇ ਪਿੰਡਾਂ ਵਿੱਚ 45-45 ਮਿੰਟ ਹਰੇਕ ਪਿੰਡ ਪਿੰਡ ਬੋਲਿਆ ਸੀ, ਜਿਸ ਕਰਕੇ ਮੇਰੀ ਵਰਕਰ ਦੇ ਤੌਰ ’ਤੇ ਚੰਗਹੀ ਪਹਿਚਾਣ ਹੈ। ਇਸ ਲਈ ਮੰਗੀ ਸੀ ਪਰ ਪ੍ਰਧਾਨ ਜੀ ਨੇ ਟਿਕਟ ਸ਼ਰਮਾਂ ਜੀ ਨੂੰ ਦੇ ਦਿੱਤੀ ਪਰ ਮੈਂ ਪਹਿਲੇ ਦਿੱਨ ਤੋਂ ਹੀ ਸ਼ਰਮਾਂ ਜੀ ਨਾਲ ਚੱਲਿਆ ਤੇ ਹਲਕੇ ਵਿੱਚੋਂ ਆਪਣੀ ਵੋਟ ਲਗਭਗ 2022 ਜਿੰਨੀ ਕੱਢ ਕੇ ਦਿੱਤੀ। ਹਾਲਾਂਕਿ ਸ਼ਰਮਾ ਜੀ ਦਾ ਆਪਣੇ ਹਲਕਾ ਵਿਚ 2022 ਦੇ ਇਲੈਕਸ਼ਨ ਨਾਲੋਂ ਲਗਭਗ 14000 ਘੱਟ ਵੋਟਾਂ ਪਈਆਂ ਤੇ ਸਾਰੇ ਹਲਕੇ ਹੀ 2022 ਨਾਲੋਂ ਘਟੇ ਸਨ।
ਜੇਕਰ ਪਟਿਆਲਾ ਪਿੱਛੇ ਰੁੱਸਣਾ ਹੁੰਦਾ ਤਾਂ ਇਲੈਕਸ਼ਨ ਤੋਂ ਪਹਿਲਾਂ ਰੁੱਸਦਾ ਜਾਂ ਪਾਰਟੀ ਛੱਡਦਾ। ਅੱਜ ਵੀ ਮੇਰਾ ਕੋਈ ਨਿੱਜੀ ਕਾਰਨ ਨਹੀਂ ਰੁੱਸਣ ਦਾ,, ਸਿਰਫ ਪਾਰਟੀ ਪ੍ਰਤੀ ਫਿਕਰਮੰਦੀ ਹੈ।
6. ਸਾਡੀ ਪਾਰਟੀ ਕੋਲ ਰਿਕਸ਼ੇ ’ਤੇ ਚੱਲਣਯੋਗ ਤਾਂ ਤਿੰਨ ਐਮਐਲਏ ਨੇ,,, ਰਾਜ ਸਭਾ ਕੌਣ ਦੇ ਸਕਦਾ ਹੈ?
ਹਾਂ ਇਹ ਗੱਲ ਕਿਉਂ ਕਹੀ ਕਿਉਂਕਿ ਜਦੋਂ ਬੀਐਸਪੀ ਨਾਲ ਸਮਝੌਤਾ ਟੁੱਟਿਆ ਤਾਂ ਮੈਂ ਬਾਦਲ ਪਿੰਡ ਗਿਆ ਤੇ ਪ੍ਰਧਾਨ ਜੀ ਨੂੰ ਕਿਹਾ ਕਿ ਨਵਾਂ ਸ਼ਹਿਰ ਸੀਟ ਖਾਲੀ ਹੋ ਗਿਆ, ਮੈਨੂੰ ਦੇ ਦਿਉ ਪ੍ਰਧਾਨ ਜੀ ਨੇ ਕਿਹਾ ਮੇਰੀ ਮਜਬੂਰੀ ਹੈ, ਮੈਂ ਨਹੀਂ ਦੇ ਸਕਦਾ। ਫਿਰ ਮੈਂ ਕਿਹਾ ਮੈਂ ਐਲਾਨ ਕਰ ਦਿੰਦਾਂ ਹਾਂ ਕਿ ਮੈਂ ਜ਼ਿੰਦਗੀ ਵਿਚ ਕੋਈ ਇਲੈਕਸ਼ਨ ਨਹੀਂ ਲੜਦਾ ਤੇ ਸਿਰਫ਼ ਪਾਰਟੀ ਦਾ ਕੰਮ ਕਰਾਂਗਾ, ਤੁਸੀਂ ਮੈਨੂੰ ਪਾਰਟੀ ਸਕੱਤਰ ਲਗਾ ਦਿਓ, ਜਿਸ ’ਤੇ ਬਿਨਾ ਹੁਕਮਾਂ ਜਾਂ ਦਸਤਖ਼ਤ ਪਾਵਰਾਂ ਤੋਂ ਕੰਮ ਕਰ ਰਿਹਾਂ ਹਾਂ ਤੇ ਮੈਂ ਸਿਰਫ਼ ਪਾਰਟੀ ਦਾ ਕੰਮ ਕਰਾਂਗਾ। ਮੇਰੇ ਨਾਲ ਵਾਇਦਾ ਕਰੋ ਕਿ ਜਦੋਂ ਪਾਰਟੀ ਨੂੰ ਮੌਕਾ ਮਿਲੇ ਭਾਵੇਂ ਪੰਜ ਜਾਂ ਦਸ ਸਾਲ ਬਾਅਦ ਤਾਂ ਮੈਨੂੰ ਰਾਜ ਸਭਾ ਜਾਂ ਕੋਈ ਹੋਰ ਬਣਦਾ ਮਾਨ ਸਨਮਾਨ ਦੇ ਦੇਵਾਂਗੇ ਤਾਂ ਫਿਰ ਉਹੀ ਜਵਾਬ ਕਿ ਮੈਂ ਤੈਨੂੰ ਸਕੱਤਰ ਵੀ ਨਹੀਂ ਲਗਾ ਸਕਦਾ,, ਮੇਰੀ ਮਜਬੂਰੀ ਹੈ। ਪਿਛਲੇ 2017 ਤੋਂ ਇਹ ਅਹੁਦਾ ਖਾਲੀ ਹੈ, ਅਜਿਹੀ ਕਿਹੜੀ ਮਜਬੂਰੀ ਤੇ ਕਿਹੜੀ ਕਮਜ਼ੋਰੀ ਜੇਕਰ ਪਾਰਟੀ ਪ੍ਰਧਾਨ ਪਾਰਟੀ ਦਾ ਸਕੱਤਰ ਵੀ ਨਹੀਂ ਲਗਾ ਸਕਦੇ।
ਮੈਨੂੰ ਜਵਾਬ ਮਿਲਿਆ ਮੈਂ ਕੁੱਝ ਨਹੀਂ ਦੇ ਸਕਦਾ ਪਰ ਤੈਨੂੰ ਬੇਨਤੀ ਹੈ ਕਿ ਤੂੰ ਪਾਰਟੀ ਦਾ ਕੰਮ ਕਰ। ਮੈਂ ਆ ਕੇ ਫਿਰ ਉਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਨਹੀਂ ਰੁੱਸਿਆ। ਜੇਕਰ ਮੈਂ ਆਪਣੇ ਕਿਸੇ ਵੀ ਨਿੱਜੀ ਮੁਫ਼ਾਦ ਕਰਕੇ ਰੁੱਸਣਾ ਹੁੰਦਾ ਤਾਂ ਉਸੇ ਦਿਨ ਰੁੱਸਦਾ। ਸੋ ਮੇਰਾ ਰੋਸਾ ਪਾਰਟੀ ਵਿਚ ਆਈ ਵੱਡੀ ਖੜੋਤ ਕਰਕੇ ਸੀ। ਅਸੀਂ ਜੇਕਰ ਅਮਲ ਨਹੀਂ ਕਰਨਾ ਸੀ, ਕਿਉਂ ਝੂੰਦਾ ਕਮੇਟੀ ਬਣਾਈ ਸੀ। ਜੇਕਰ ਅਸੀਂ ਅਮਲ ਨਹੀ ਕਰਨਾ ਸੀ ਤਾਂ ਕਿਉਂ 13 ਨੁਕਾਤੀ ਪ੍ਰੋਗਰਾਮ ਕਿਉਂ ਜਾਰੀ ਕੀਤਾ ਸੀ। ਆਖ਼ਰ ਵਿਚ ਚਰਨਜੀਤ ਸਿੰਘ ਬਰਾੜ ਨੇ ਆਖਿਆ ਕਿ ਉਹ ਚਾਹੁੰਦੇ ਨੇ ਕਿ ਪਾਰਟੀ ਵਿਚ ਝੂੰਦਾ ਕਮੇਟੀ ਮੁਤਾਬਕ ਲੋੜੀਂਦੇ ਸੁਧਾਰ ਕਰੋ, ਚਰਨਜੀਤ ਭਾਵੇਂ ਪਾਰਟੀ ਵਿਚ ਹੋਵੇ ਜਾਂ ਨਾ,, ਇਹ ਕੋਈ ਜ਼ਰੂਰੀ ਨਹੀਂ।