ਕਿਸਾਨਾਂ ’ਤੇ ਸਖ਼ਤੀ ਕਰਕੇ ਐਮਰਜੈਂਸੀ ਵਰਗੇ ਹਲਾਤ ਬਣਾ ਰਹੀ ਕੇਂਦਰ ਸਰਕਾਰ : ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਦੇਰ ਸ਼ਾਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਲੀਡਰਸ਼ਿਪ ਨੂੰ ਲਾਈ ਗਈ ਧਾਰਮਿਕ ਸਜ਼ਾ ਤਹਿਤ ਲਗਾਈ ਗਈ ਸੇਵਾ ਦਾ...
By : Makhan shah
ਸ਼੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਦੇਰ ਸ਼ਾਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਹਨੀ ਫੱਤਣਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਲੀਡਰਸ਼ਿਪ ਨੂੰ ਲਾਈ ਗਈ ਧਾਰਮਿਕ ਸਜ਼ਾ ਤਹਿਤ ਲਗਾਈ ਗਈ ਸੇਵਾ ਦਾ ਆਖਰੀ ਪੜਾਅ ਸ਼੍ਰੀ ਮੁਕਤਸਰ ਸਾਹਿਬ ਵਿਖੇ 12 ਦਸੰਬਰ ਨੂੰ ਮੁਕੰਮਲ ਹੋਵੇਗਾ ਅਤੇ 13 ਦਸੰਬਰ ਨੂੰ ਸ਼੍ਰੀ ਅਕਾਲੀ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਅਰਦਾਸ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਗੋਲੀ ਚੱਲਣਾ ਬਹੁਤ ਚਿੰਤਾਜਨਕ ਹੈ ਅਤੇ ਰੂਹਾਨੀਅਤ ਦੇ ਵਾਤਾਵਰਨ ਨੂੰ ਖਰਾਬ ਕਰਨਾ ਘੋਰ ਪਾਪ ਹੈ। ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਇੱਕ ਸਵਾਲ ਦੇ ਜਵਾਬ ਵਿੱਚ ਡਾ. ਚੀਮਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦਾ ਰਵੱਈਆ ਬਹੁਤ ਮਾੜਾ ਹੈ। ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਦਿੱਲੀ ਵੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੈਦਲ ਵੀ ਨਹੀਂ ਦਿੱਤਾ ਜਾ ਰਿਹਾ।
ਇਸ ਤੋਂ ਸਾਬਿਤ ਹੁੰਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ’ਤੇ ਸਖ਼ਤੀ ਕਰਕੇ ਐਮਰਜੈਂਸੀ ਵਰਗੇ ਹਲਾਤ ਪੈਦਾ ਕਰ ਰਹੀ ਹੈ। ਭਾਵੇਂ ਕੋਈ ਕਿਸਾਨ ਜੱਥੇਬੰਦੀ ਹੋਵੇ, ਮੁਲਾਜ਼ਮ ਜਥੇਬੰਦੀ ਜਾਂ ਸਿਆਸੀ ਜਮਾਨ ਹੋਵੇ, ਉਸ ਨੂੰ ਆਪਣੀ ਅਵਾਜ਼ ਬੁਲੰਦ ਕਰਨ ਦਾ ਅਧਿਕਾਰੀ ਹੈ। ਜਦੋਂ ਹੁਣ ਕੇਂਦਰ ਸਰਕਾਰ ਆਵਾਜ਼ ਦਬਾਉਣ ’ਤੇ ਲੱਗੀ ਹੋਈ ਹੈ ਤਾਂ ਇਸ ਸਮੇਂ ਸਭ ਨੂੰ ਇਕਮੁੱਠ ਹੋ ਕੇ ਕੇਂਦਰ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ।
ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਫਰੀਦਕੋਟ ਮਨਜੀਤ ਸਿੰਘ ਫੱਤਣਵਾਲਾ, ਸਾਬਕਾ ਕੌਮੀ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ, ਚਰਨਜੀਤ ਸਿੰਘ ਸੱਕਾਂਵਾਲੀ ਸਾਬਕਾ ਸਰਪੰਚ ਹਾਜ਼ਰ ਸਨ।