SUSPEND DIG BHULLAR ਕੇਸ 'ਚ ਸੀਬੀਆਈ ਦਾ ਅਹਿਮ ਇੰਕਸ਼ਾਫ਼, ਅਦਾਲਤ 'ਚ ਕਿਹਾ– ਪੰਜਾਬ ਦੇ ਕਈ ਅਫ਼ਸਰ ਤੇ ਲੋਕ ਵੀ ਸ਼ਾਮਲ
ਸੀਬੀਆਈ (CBI) ਨੇ ਅੱਜ ਚੰਡੀਗੜ੍ਹ ਦੀ ਅਦਾਲਤ (COURT) 'ਚ ਇੰਕਸ਼ਾਫ਼ ਕੀਤਾ ਹੈ ਕਿ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ (DIG HARCHARAN SINGH BHULLAR) ਅਤੇ ਉਸ ਦੇ ਸਾਥੀ ਕ੍ਰਿਸ਼ਨੂੰ ਸ਼ਾਰਦਾ (KRISHNU SHARDA) ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੰਜਾਬ ਦੇ ਕਈ ਅਫ਼ਸਰ ਅਤੇ ਹੋਰ ਨਿੱਜੀ

By : Mehtab-Ud-Din
ਅਗਲੇ ਕੁਝ ਦਿਨਾਂ 'ਚ ਅਫ਼ਸਰਾਂ ਦੇ ਨਾਂਅ ਸਾਹਮਣੇ ਆਉਣ ਦੀ ਸੰਭਾਵਨਾ
ਚੰਡੀਗੜ੍ਹ: ਸੀਬੀਆਈ (CBI) ਨੇ ਅੱਜ ਚੰਡੀਗੜ੍ਹ ਦੀ ਅਦਾਲਤ (COURT) 'ਚ ਇੰਕਸ਼ਾਫ਼ ਕੀਤਾ ਹੈ ਕਿ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ (DIG HARCHARAN SINGH BHULLAR) ਅਤੇ ਉਸ ਦੇ ਸਾਥੀ ਕ੍ਰਿਸ਼ਨੂੰ ਸ਼ਾਰਦਾ (KRISHNU SHARDA) ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੰਜਾਬ ਦੇ ਕਈ ਅਫ਼ਸਰ ਅਤੇ ਹੋਰ ਨਿੱਜੀ ਵਿਅਕਤੀ ਵੀ ਸ਼ਾਮਲ ਹਨ। ਸੀਬੀਆਈ ਦੇ ਇਸ ਬਿਆਨ ਦੀ ਵੱਡੀ ਅਹਿਮੀਅਤ ਹੈ। ਹੁਣ ਹੋਰ ਬਹੁਤ ਸਾਰੇ ਅਫ਼ਸਰਾਂ ਤੇ ਆਮ ਵਿਅਕਤੀਆਂ ਦੇ ਫਸਣ ਦੀ ਸੰਭਾਵਨਾ ਬਣ ਗਈ ਹੈ। ਆਉਂਦੇ ਕੁਝ ਦਿਨਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਹੁਣ ਸਿਆਸਤ ਭਖੇਗੀ। ਸ਼ਾਇਦ ਅਗਲੇ ਕੁਝ ਦਿਨਾਂ 'ਚ ਕਥਿਤ ਭ੍ਰਿਸ਼ਟ ਅਫ਼ਸਰਾਂ ਤੇ ਹੋਰ ਆਮ ਲੋਕਾਂ ਦੇ ਨਾਂਅ ਵੀ ਸਾਹਮਣੇ ਆ ਸਕਦੇ ਹਨ।
ਅਦਾਲਤ 'ਚ ਸੀਬੀਆਈ ਦਾ ਇਹ ਕਹਿਣਾ ਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ ਦੀ ਵੀ ਭੂਮਿਕਾ ਸਸਪੈਂਡ ਡੀਆਈਜੀ ਭੁੱਲਰ ਨਾਲ਼ ਸਬੰਧਤ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਵਿੱਚ ਸਾਹਮਣੇ ਆਈ ਹੈ – ਆਪਣੇ–ਆਪ ਵਿੱਚ ਇੱਕ ਅਹਿਮ ਇੰਕਸ਼ਾਫ਼ ਹੈ।
ਸੀਬੀਆਈ ਨੇ ਅਦਾਲਤ ਵਿਚ ਉਹ ਅਰਜ਼ੀ ਦਾਇਰ ਕਰਦਿਆਂ ਇਹ ਗੱਲ ਆਖੀ ਹੈ, ਜਿਸ ਵਿਚ ਉਨ੍ਹਾਂ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਤੋਂ ਜ਼ਬਤ ਕੀਤੀਆਂ ਚੀਜ਼ਾਂ — ਦਸਤਾਵੇਜ਼, ਮੋਬਾਈਲ ਫੋਨ ਅਤੇ ਨਕਦ ਰੁਪਏ — ਆਪਣੇ ਕੋਲ ਰੱਖਣ ਦੀ ਇਜਾਜ਼ਤ ਮੰਗੀ ਹੈ।
ਸੀਬੀਆਈ ਅਨੁਸਾਰ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਵਿਚ ਬਹੁਤ ਸਾਰੇ ਅਪਰਾਧਕ ਸਬੂਤ ਮਿਲ਼ੇ ਹਨ। ਇਸ ਵਿਚ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਲੋਕਾਂ ਵਿਚਾਲੇ ਰਿਸ਼ਵਤ ਦੇ ਲੈਣ-ਦੇਣ ਦੀਆਂ ਗੱਲਾਂ ਸਾਫ਼ ਨਜ਼ਰ ਆ ਰਹੀਆਂ ਹਨ। ਡਿਜੀਟਲ ਜਾਂਚ ਅਤੇ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਭੁੱਲਰ ਅਤੇ ਸ਼ਾਰਦਾ ਨੇ ਰਿਸ਼ਵਤ ਲੈ ਕੇ ਉੱਚ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਫਾਇਦਾ ਪਹੁੰਚਾਇਆ ਹੈ।
ਸੀਬੀਆਈ ਨੇ ਕ੍ਰਿਸ਼ਨੂੰ ਸ਼ਾਰਦਾ ਦੇ ਘਰ ਤੋਂ ਮੋਬਾਈਲ ਫੋਨ, ਹੋਰ ਡਿਵਾਈਸਾਂ ਅਤੇ 21 ਲੱਖ ਰੁਪਏ ਨਕਦੀ ਬਰਾਮਦ ਕੀਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਸਭ ਚੀਜ਼ਾਂ ਜਾਂਚ ਨੂੰ ਅੱਗੇ ਵਧਾਉਣ ਲਈ ਬਹੁਤ ਜ਼ਰੂਰੀ ਹਨ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਭੁੱਲਰ ਵਿਰੁੱਧ ਮੁਕੱਦਮਾ ਚਲਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ।
ਇਹ ਪੂਰਾ ਮਾਮਲਾ ਅਕਤੂਬਰ 2025 ਵਿਚ ਸ਼ੁਰੂ ਹੋਇਆ ਸੀ। ਸੀਬੀਆਈ ਨੇ ਇੱਕ ਰਿਸ਼ਵਤਖੋਰੀ ਦੇ ਟ੍ਰੈਪ ਵਿਚ ਭੁੱਲਰ ਅਤੇ ਸ਼ਾਰਦਾ ਨੂੰ ਫੜਿਆ ਸੀ। ਇਸ ਵਿਚ ਲਗਭਗ 8 ਲੱਖ ਰੁਪਏ ਦੀ ਰਿਸ਼ਵਤ ਦਾ ਇਲਜ਼ਾਮ ਹੈ। ਸ਼ਾਰਦਾ ਨੂੰ ਇੱਕ ਸਕ੍ਰੈਪ ਡੀਲਰ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ ਅਤੇ ਉਸ ਨੇ ਕਥਿਤ ਤੌਰ ਉਤੇ ਭੁੱਲਰ ਦੇ ਇਸ਼ਾਰੇ ’ਤੇ ਇਹ ਕੰਮ ਕੀਤਾ ਸੀ। ਭੁੱਲਰ ਨੂੰ ਵੀ ਉਸੇ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਾਂਚ ਵਿਚ ਸੀਬੀਆਈ ਨੇ ਭੁੱਲਰ ਦੇ ਘਰ ਤੋਂ ਵੀ ਵੱਡੀ ਰਕਮ, ਸੋਨਾ, ਲਗਜ਼ਰੀ ਚੀਜ਼ਾਂ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਸੀ। ਬਾਅਦ ਵਿਚ ਸੀਬੀਆਈ ਨੇ ਅਦਾਲਤ ਵਿਚ ਚਾਰਜਸ਼ੀਟ ਵੀ ਦਾਇਰ ਕੀਤੀ ਅਤੇ ਇਸ ਵਿਚ ਲਗਭਗ 50 ਪੰਜਾਬੀ ਅਧਿਕਾਰੀਆਂ ਨਾਲ ਸ਼ਾਰਦਾ ਦੇ ਸਬੰਧਾਂ ਦਾ ਵੀ ਜ਼ਿਕਰ ਹੈ। ਮਾਰਚ 2026 ਵਿਚ ਅਦਾਲਤ ਨੇ ਇਸ ਮਾਮਲੇ ਵਿਚ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਇਹ ਜਾਂਚ ਵਿਚ ਵਧੇਰੇ ਲੋਕਾਂ ਦੀ ਭੂਮਿਕਾ ਉਜਾਗਰ ਹੋ ਰਹੀ ਹੈ।
ਇਸ ਘਟਨਾ ਨੇ ਪੰਜਾਬ ਪੁਲਿਸ ਵਿਚ ਵੱਡੀ ਚਰਚਾ ਛੇੜ ਦਿੱਤੀ ਹੈ। ਭੁੱਲਰ ਇੱਕ ਸੀਨੀਅਰ ਆਈਪੀਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਉੱਤੇ ਲੱਗੇ ਇਲਜ਼ਾਮਾਂ ਨੇ ਪੁਲਿਸ ਵਿਭਾਗ ਦੀ ਇੱਕਜੁੱਟਤਾ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸੀਬੀਆਈ ਨੇ ਇਸ ਜਾਂਚ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਇਸ ਵਿਚ ਹੋਰ ਵੀ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਵੇਗੀ।
ਅਦਾਲਤ ਵਿਚ ਇਸ ਅਰਜ਼ੀ ’ਤੇ ਅਗਲੀ ਸੁਣਵਾਈ ਛੇਤੀ ਹੀ ਹੋਵੇਗੀ। ਇਸ ਤੋਂ ਬਾਅਦ ਇਸ ਭ੍ਰਿਸ਼ਟਾਚਾਰ ਵਾਲੀ ਜਾਂਚ ਦਾ ਅਗਲਾ ਰੁਖ ਸਾਹਮਣੇ ਆਵੇਗਾ।


