ਕੈਬਨਿਟ ਮੰਤਰੀ ਜੌੜਾਮਾਜਰਾ ਨੇ 237 ਲਾਭਪਾਤਰੀਆਂ ਨੂੰ ਕੱਚੇ ਘਰ ਪੱਕੇ ਕਰਨ ਲਈ ਗ੍ਰਾਂਟਾਂ ਵੰਡੀਆਂ
ਕੈਬਨਿਟ ਮੰਤਰੀ ਜੌੜਾਮਾਜਰਾ ਨੇ 237 ਲਾਭਪਾਤਰੀਆਂ ਨੂੰ ਕੱਚੇ ਘਰ ਪੱਕੇ ਕਰਨ ਲਈ ਗ੍ਰਾਂਟਾਂ ਵੰਡੀਆਂ
By : Deep
ਸਮਾਣਾ, 15 ਸਤੰਬਰ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਸਮਾਣਾ ਹਲਕੇ ਦੇ 237 ਲਾਭਪਾਤਰੀਆਂ ਨੂੰ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਦਿੱਤੀ ਗ੍ਰਾਂਟ ਦੀ ਪਹਿਲੀ ਕਿਸ਼ਤ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਜਾਣ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੀ ਸੱਚੀ ਹਮਦਰਦ ਹੈ।
ਮੰਤਰੀ ਜੌੜਮਾਜਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਲੋੜਵੰਦ ਲਾਭਪਾਤਰੀਆਂ ਦੀ ਚੋਣ ਬਿਨ੍ਹਾਂ ਕਿਸੇ ਸਿਫ਼ਾਰਿਸ਼ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ਤਾਂ ਕਿ ਅਸਲ ਲਾਭਪਾਤਰੀਆਂ ਨੂੰ ਸਰਕਾਰ ਦੀ ਇਸ ਸਕੀਮ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚ ਸਕੇ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਖਨਣ ਤੇ ਭੂ-ਵਿਗਿਆਨ, ਜਲ ਸਰੋਤ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਲਾਭ ਬਿਨ੍ਹਾਂ ਕਿਸੇ ਦੇਰੀ ਤੋਂ ਪਹੁੰਚਾਉਣਾ ਯਕੀਨੀ ਬਣਾਉਣ ਅਤੇ ਇਸ ਸਕੀਮ ਦੀ ਦੂਜੀ ਅਤੇ ਤੀਸਰੀ ਕਿਸ਼ਤ ਵੀ ਜਲਦੀ ਹੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਵੀ ਪਾ ਦਿੱਤੀ ਜਾਵੇ।
ਚੇਤਨ ਸਿੰਘ ਜੌੜਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਲੋੜਵੰਦਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਪਹੁੰਚਾਇਆ ਜਾਵੇ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਵੀ ਕਿਹਾ ਕਿ ਤੁਹਾਡਾ ਅੱਜ ਪੱਕੇ ਮਕਾਨ 'ਚ ਰਹਿਣ ਦਾ ਸੁਪਨਾ ਪੂਰਾ ਹੋਇਆ ਹੈ ਤੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪਹਿਲਕਦਮੀ ਹੈ।
ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਗੁਲਜ਼ਾਰ ਸਿੰਘ, ਸੁਰਜੀਤ ਸਿੰਘ ਫੌਜੀ, ਜਤਿੰਦਰ ਝੰਡ, ਸੁਖਚੈਨ ਸਿੰਘ, ਬੀ.ਡੀ.ਪੀ.ਓ. ਅਮਰਦੀਪ ਸਿੰਘ, ਐਸ.ਈ.ਪੀ.ਓ. ਗੁਰਤੇਜ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।