ਗੁਰਦੁਆਰਾ ਭੱਠਾ ਸਾਹਿਬ ਵਿਖੇ ਨਤਮਸਤਕ ਹੋਏ ਸੀਐਮ ਮਾਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਨਾਲ ਜ਼ਿਲ੍ਹਾ ਰੂਪਨਗਰ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਜਿੱਥੇ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ, ਉਥੇ ਹੀ ਦਰਬਾਰ ਸਾਹਿਬ ਵਿਚ ਬੈਠ ਕੇ ਕੀਰਤਨ ਵੀ ਸਰਵਣ ਕੀਤਾ।
By : Makhan shah
ਰੂਪਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਉੱਪਰ ਚੱਲਦਿਆਂ ਨਵੇਂ ਜੋਸ਼, ਲਗਨ, ਸਮਰਪਣ ਅਤੇ ਵਚਨਬੱਧਤਾ ਨਾਲ ਸੂਬੇ ਦੀ ਸੇਵਾ ਕਰਨ ਦਾ ਪ੍ਰਣ ਲਿਆ। ਅੱਜ ਇਥੇ ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੁੱਖ ਮੰਤਰੀ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਾਨ ਸਿੱਖ ਗੁਰੂ ਨੇ ਸਾਨੂੰ ਜਬਰ-ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਦਾ ਉਪਦੇਸ਼ ਦਿੱਤਾ ਸੀ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ 'ਤੇ ਸਾਨੂੰ ਸਾਰਿਆਂ ਨੂੰ ਲੋਕਾਂ ਦੀ ਸੇਵਾ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਜੀਵਨ ਅਤੇ ਫ਼ਲਸਫ਼ਾ ਮਾਨਵਤਾ ਨੂੰ ਇਕਜੁਟ ਹੋ ਕੇ ਰਹਿਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਾਂਤੀ, ਮਾਨਵਤਾ, ਪਿਆਰ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਅਜੋਕੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾ ਰਹੀ ਹੈ।
ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਡੇ ਗੁਰੂ ਸਾਹਿਬਾਨ ਦਾ ਮਹਾਨ ਇਤਿਹਾਸ ਐ, ਜਿਨ੍ਹਾਂ ਨੇ ਕੌਮ ਦੇ ਲਈ ਲੜਾਈਆਂ ਲੜੀਆਂ। ਉਨ੍ਹਾਂ ਆਖਿਆ ਕਿ ਲੜਾਈਆਂ ਵੀ ਅਜਿਹੀਆਂ ਸੀ, ਜਿਸ ਵਿਚ ਇਕ ਪਾਸੇ ਲੱਖਾਂ ਦੀ ਫ਼ੌਜ ਹੁੰਦੀ ਅਤੇ ਦੂਜੇ ਪਾਸੇ ਸਵਾ ਲੱਖ ਨਾਲ ਇਕ ਲੜਾਉਣ ਦੀ ਸੋਚ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੇ ਇਤਿਹਾਸ ਨੂੰ ਪੜ੍ਹਨ ਦੇ ਨਾਲ ਸਾਨੂੰ ਜੋਸ਼ ਮਿਲਦਾ ਏ।
ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਇਹ ਵੀ ਅਰਦਾਸ ਕੀਤੀ ਕਿ ਸੂਬੇ ਵਿੱਚ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਆਏ ਦਿਨ ਹੋਰ ਮਜ਼ਬੂਤ ਹੋਣ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸ਼ਰਧਾ ਭਾਵਨਾ ਅਤੇ ਤਨਦੇਹੀ ਨਾਲ ਮਨਾਉਣ ਦਾ ਸੱਦਾ ਦਿੱਤਾ।