Begin typing your search above and press return to search.

SPL : ਚੌਟਾਲਾ ਦੇ ਸਿਆਸਤ ’ਚ ਆਉਂਦੇ ਹੀ ਛਿੜਿਆ ਸੀ ਵੱਡਾ ਕਲੇਸ਼!

ਦੋ ਦਸੰਬਰ 1989 ਨੂੰ ਓਮ ਪ੍ਰਕਾਸ਼ ਚੌਟਾਲਾ ਪਹਿਲੀ ਵਾਰ ਹਰਿਆਣੇ ਦੇ ਮੁੱਖ ਮੰਤਰੀ ਬਣੇ, ਉਦੋਂ ਉਹ ਰਾਜ ਸਭਾ ਮੈਂਬਰ ਸਨ। ਸੀਐਮ ਬਣੇ ਰਹਿਣ ਲਈ ਉਨ੍ਹਾਂ ਦਾ 6 ਮਹੀਨੇ ਦੇ ਅੰਦਰ ਅੰਦਰ ਵਿਧਾਇਕ ਬਣਨਾ ਜ਼ਰੂਰੀ ਸੀ, ਇਸ ਲਈ ਦੇਵੀ ਲਾਲ ਨੇ ਉਨ੍ਹਾਂ ਨੂੰ ਆਪਣੀ ਰਵਾਇਤੀ ਸੀਟ ਮਹਿਮ ਤੋਂ ਚੋਣ ਲੜਾਈ ਪਰ ਖਾਪ ਪੰਚਾਇਤਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਜੋ ਕਾਫ਼ੀ ਜ਼ਿਆਦਾ ਵਧ ਗਿਆ।

SPL : ਚੌਟਾਲਾ ਦੇ ਸਿਆਸਤ ’ਚ ਆਉਂਦੇ ਹੀ ਛਿੜਿਆ ਸੀ ਵੱਡਾ ਕਲੇਸ਼!
X

Makhan shahBy : Makhan shah

  |  20 Dec 2024 2:35 PM IST

  • whatsapp
  • Telegram

ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ਹੋ ਗਿਆ। 89 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣੇ ਗੁਰੂਗ੍ਰਾਮ ਸਥਿਤ ਘਰ ਵਿਚ ਆਖ਼ਰੀ ਸਾਹ ਲਏ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਪਰ ਕਰੀਬ ਦੁਪਹਿਰ ਦੇ 12 ਵਜੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੂੰ ਹਰਿਆਣਾ ਦਾ ਪੰਜ ਵਾਰ ਮੁੱਖ ਮੰਤਰੀ ਰਹਿਣ ਦਾ ਮਾਣ ਹਾਸਲ ਹੋਇਆ। ਸੋ ਆਓ ਉਨ੍ਹਾਂ ਦੇ ਸਿਆਸੀ ਜੀਵਨ ’ਤੇ ਇਕ ਝਾਤ ਮਾਰਦੇ ਆਂ।


ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ ਹੋ ਗਿਆ। ਉਹ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਸੀ। ਓਮ ਪ੍ਰਕਾਸ਼ ਚੌਟਾਲਾ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੰਜ ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦਾ ਜਨਮ ਇਕ ਜਨਵਰੀ 1935 ਨੂੰ ਹੋਇਆ। ਸ਼ੁਰੂਆਤੀ ਸਿੱਖਿਆ ਤੋਂ ਬਾਅਦ ਹੀ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ। ਸਾਲ 2013 ਵਿਚ ਜਦੋਂ ਉਹ ਅਧਿਆਪਕ ਭਰਤੀ ਘੋਟਾਲਾ ਮਾਮਲੇ ਵਿਚ ਜੇਲ੍ਹ ਵਿਚ ਬੰਦ ਸਨ, ਉਦੋਂ ਉਨ੍ਹਾਂ ਨੇ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ, ਉਸ ਸਮੇਂ ਉਨ੍ਹਾਂ ਦੀ ਉਮਰ 82 ਸਾਲ ਸੀ।


ਓਪੀ ਚੌਟਾਲਾ ਦੀ ਚੋਣ ਰਾਜਨੀਤੀ ਦੀ ਸ਼ੁਰੂਆਤ ਸਾਲ 1968 ਵਿਚ ਹੋਈ, ਜਦੋਂ ਉਨ੍ਹਾਂ ਨੇ ਪਹਿਲੀ ਚੋਣ ਆਪਣੇ ਪਿਤਾ ਦੇਵੀ ਲਾਲ ਦੀ ਰਵਾਇਤੀ ਸੀਟ ਐਲਨਾਬਾਦ ਤੋਂ ਚੋਣ ਲੜੀ। ਉਨ੍ਹਾਂ ਦੇ ਮੁਕਾਬਲੇ ਸਾਬਕਾ ਸੀਐਮ ਰਾਓ ਬੀਰੇਂਦਰ ਸਿੰਘ ਦੀ ਵਿਸ਼ਾਲ ਹਰਿਆਣਾ ਪਾਰਟੀ ਤੋਂ ਲਾਲ ਚੰਦ ਖੋੜ ਨੇ ਚੋਣ ਲੜੀ ਸੀ ਅਤੇ ਇਸ ਚੋਣ ਵਿਚ ਚੌਟਾਲਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹਾਲਾਂਕਿ ਹਾਰ ਤੋ ਬਾਅਦ ਵੀ ਉਹ ਸ਼ਾਂਤ ਨਹੀਂ ਬੈਠੇ। ਉਨ੍ਹਾਂ ਨੇ ਚੋਣਾਂ ਵਿਚ ਗੜਬੜੀ ਹੋਣ ਦਾ ਦੋਸ਼ ਲਗਾਇਆ ਅਤੇ ਹਾਈਕੋਰਟ ਵਿਚ ਕੇਸ ਦਾਇਰ ਕਰ ਦਿੱਤਾ। ਇਕ ਸਾਲ ਚੱਲੀ ਸੁਣਾਈ ਤੋਂ ਬਾਅਦ ਅਦਾਲਤ ਨੇ ਲਾਲ ਚੰਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ। ਜਦੋਂ 1970 ਵਿਚ ਉਪ ਚੋਣ ਹੋਈ ਤਾਂ ਚੌਟਾਲਾ ਜਨਤਾ ਦਲ ਦੀ ਟਿਕਟ ’ਤੇ ਚੋਣ ਲੜੇ ਅਤੇ ਜਿੱਤ ਹਾਸਲ ਕਰਕੇ ਵਿਧਾਇਕ ਬਣੇ।


ਇਸ ਤੋਂ ਬਾਅਦ ਸਾਲ 1987 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਦਲ ਨੂੰ 90 ਸੀਟਾਂ ਵਿਚੋਂ 60 ਸੀਟਾਂ ’ਤੇ ਜਿੱਤ ਹਾਸਲ ਹੋਈ। ਓਪੀ ਚੌਟਾਲਾ ਦੇ ਪਿਤਾ ਦੇਵੀ ਲਾਲ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ। ਇਸ ਤੋਂ ਦੋ ਸਾਲ ਬਾਅਦ ਲੋਕ ਸਭਾ ਚੋਣਾਂ ਹੋਈਆਂ, ਜਿਸ ਦੌਰਾਨ ਕੇਂਦਰ ਵਿਚ ਜਨਤਾ ਦਲ ਦੀ ਸਰਕਾਰ ਬਣ ਗਈ, ਜਿਸ ਵਿਚ ਵੀਪੀ ਸਿੰਘ ਪ੍ਰਧਾਨ ਮੰਤਰੀ ਬਣੇ। ਦੇਵੀ ਲਾਲ ਵੀ ਇਸ ਸਰਕਾਰ ਦਾ ਹਿੱਸਾ ਬਣੇ, ਉਨ੍ਹਾਂ ਨੂੰ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ।

ਇਸੇ ਦੌਰਾਨ ਲੋਕ ਦਲ ਦੇ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ਵਿਚ ਓਪੀ ਚੌਟਾਲਾ ਨੂੰ ਹਰਿਆਣਾ ਦੇ ਸੀਐਮ ਚੁਣ ਲਿਆ ਗਿਆ। ਦੋ ਦਸੰਬਰ 1989 ਨੂੰ ਓਮ ਪ੍ਰਕਾਸ਼ ਚੌਟਾਲਾ ਪਹਿਲੀ ਵਾਰ ਹਰਿਆਣੇ ਦੇ ਮੁੱਖ ਮੰਤਰੀ ਬਣੇ, ਉਦੋਂ ਉਹ ਰਾਜ ਸਭਾ ਮੈਂਬਰ ਸਨ। ਸੀਐਮ ਬਣੇ ਰਹਿਣ ਲਈ ਉਨ੍ਹਾਂ ਦਾ 6 ਮਹੀਨੇ ਦੇ ਅੰਦਰ ਅੰਦਰ ਵਿਧਾਇਕ ਬਣਨਾ ਜ਼ਰੂਰੀ ਸੀ, ਇਸ ਲਈ ਦੇਵੀ ਲਾਲ ਨੇ ਉਨ੍ਹਾਂ ਨੂੰ ਆਪਣੀ ਰਵਾਇਤੀ ਸੀਟ ਮਹਿਮ ਤੋਂ ਚੋਣ ਲੜਾਈ ਪਰ ਖਾਪ ਪੰਚਾਇਤਾਂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਜੋ ਕਾਫ਼ੀ ਜ਼ਿਆਦਾ ਵਧ ਗਿਆ।

27 ਫਰਵਰੀ 1990 ਨੂੰ ਮਹਿਮ ਵਿਚ ਵੋਟਿੰਗ ਹੋਈ ਜੋ ਹਿੰਸਾ ਅਤੇ ਬੂਥ ਕੈਪਚਰਿੰਗ ਦੀ ਭੇਂਟ ਚੜ੍ਹ ਗਈ। ਚੋਣ ਕਮਿਸ਼ਨ ਨੇ 8 ਬੂਥਾਂ ’ਤੇ ਦੁਬਾਰਾ ਵੋਟਿੰਗ ਕਰਵਾਉਣ ਦੇ ਆਦੇਸ਼ ਦਿੱਤੇ,, ਪਰ ਜਦੋਂ ਦੁਬਾਰਾ ਵੋਟਿੰਗ ਹੋਈ ਤਾਂ ਹਿੰਸਾ ਭੜਕ ਉਠੀ। ਜਿਸ ਦੇ ਚਲਦਿਆਂ ਚੋਣ ਕਮਿਸ਼ਨ ਨੇ ਫਿਰ ਤੋਂ ਚੋਣ ਰੱਦ ਕਰ ਦਿੱਤੀ। ਇਸ ਤੋਂ ਕਰੀਬ ਤਿੰਨ ਮਹੀਨੇ ਬਾਅਦ 27 ਮਈ ਨੂੰ ਫਿਰ ਤੋਂ ਚੋਣ ਦੀ ਤਾਰੀਕ ਤੈਅ ਕੀਤੀ ਗਈ ਪਰ ਵੋਟਿੰਗ ਤੋਂ ਕੁੱਝ ਦਿਨ ਪਹਿਲਾਂ ਆਜ਼ਾਦ ਉਮੀਦਵਾਰ ਅਮੀਰ ਸਿੰਘ ਦੀ ਹੱਤਿਆ ਹੋ ਗਈ।

ਚੌਟਾਲਾ ਨੇ ਦਾਂਗੀ ਦੇ ਵੋਟ ਕੱਟਣ ਲਈ ਅਮੀਰ ਸਿੰਘ ਨੂੰ ਡੰਮੀ ਉਮੀਦਵਾਰ ਬਣਾਇਆ ਸੀ। ਅਮੀਰ ਸਿੰਘ ਅਤੇ ਦਾਂਗੀ ਇਕੋ ਹੀ ਪਿੰਡ ਮਦੀਨਾ ਦੇ ਰਹਿਣ ਵਾਲੇ ਸੀ। ਹੱਤਿਆ ਦਾ ਦੋਸ਼ ਵੀ ਦਾਂਗੀ ’ਤੇ ਲੱਗਿਆ,,, ਪਰ ਜਦੋਂ ਪੁਲਿਸ ਦਾਂਗੀ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਘਰ ਪੁੱਜੀ ਤਾਂ ਉਨ੍ਹਾਂ ਦੇ ਸਮਰਥਕ ਭੜਕ ਗਏ, ਜਿਸ ਤੋਂ ਬਾਅਦ ਪੁਲਿਸ ਨੇ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ 10 ਲੋਕਾਂ ਦੀ ਮੌਤ ਹੋ ਗਈ।

ਹਲਕਾ ਮਹਿਮ ਵਿਚ ਹੋਈ ਇਸ ਹਿੰਸਾ ਦਾ ਸੇਕ ਸੰਸਦ ਤੱਕ ਵੀ ਪਹੁੰਚ ਗਿਆ। ਪ੍ਰਧਾਨ ਮੰਤਰੀ ਵੀਪੀ ਸਿੰਘ ਅਤੇ ਗਠਜੋੜ ਦੇ ਦਬਾਅ ਵਿਚ ਤਤਕਾਲੀਨ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਨੂੰ ਝੁਕਣਾ ਪਿਆ। ਪਹਿਲੀ ਵਾਰ ਮੁੱਖ ਮੰਤਰੀ ਬਣਨ ਦੇ ਸਾਢੇ 5 ਮਹੀਨੇ ਬਾਅਦ ਹੀ ਓਮ ਪ੍ਰਕਾਸ਼ ਚੌਟਾਲਾ ਨੂੰ ਅਸਤੀਫ਼ਾ ਦੇਣਾ ਪਿਆ। ਉਨ੍ਹਾਂ ਦੀ ਥਾਂ ’ਤੇ ਬਨਾਰਸੀ ਦਾਸ ਗੁਪਤਾ ਨੂੰ ਸੀਐਮ ਬਣਾਇਆ ਗਿਆ। ਕੁੱਝ ਦਿਨਾਂ ਮਗਰੋਂ ਚੌਟਾਲਾ ਦੜਬਾ ਸੀਟ ਤੋਂ ਉਪ ਚੋਣ ਜਿੱਤ ਗਏ। ਬਨਾਰਸੀ ਦਾਸ ਗੁਪਤਾ ਨੂੰ 51 ਦਿਨਾਂ ਮਗਰੋਂ ਹੀ ਅਹੁਦੇ ਤੋਂ ਹਟਾ ਕੇ ਚੌਟਾਲਾ ਨੂੰ ਦੂਜੀ ਵਾਰ ਸੀਐਮ ਬਣਾ ਦਿੱਤਾ ਗਿਆ,, ਪਰ ਮਹਿਮ ਹਲਕੇ ਵਿਚ ਚੱਲ ਰਹੀ ਹਿੰਸਾ ਹਾਲੇ ਵੀ ਠੰਡੀ ਨਹੀਂ ਸੀ ਹੋਈ।

ਦਰਅਸਲ ਪ੍ਰਧਾਨ ਮੰਤਰੀ ਵੀਪੀ ਸਿੰਘ ਚਾਹੁੰਦੇ ਸੀ ਕਿ ਜਦੋਂ ਤੱਕ ਚੌਟਾਲਾ ’ਤੇ ਕੇਸ ਚੱਲ ਰਿਹਾ ਏ, ਉਹ ਸੀਐਮ ਨਾ ਬਣਨ। ਮਜ਼ਬੂਰਨ 5 ਦਿਨ ਬਾਅਦ ਹੀ ਚੌਟਾਲਾ ਨੂੰ ਫਿਰ ਤੋਂ ਅਹੁਦਾ ਛੱਡਣਾ ਪਿਆ,,, ਪਰ ਇਸ ਵਾਰ ਬਨਾਰਸੀ ਦਾਸ ਗੁਪਤਾ ਨੂੰ ਨਹੀਂ ਬਲਕਿ ਮਾਸਟਰ ਹੁਕੁਮ ਸਿੰਘ ਫੋਗਾਟ ਨੂੰ ਸੀਐਮ ਬਣਾਇਆ ਗਿਆ।


ਇਸੇ ਦੌਰਾਨ ਸਾਲ 1990 ਤੋਂ ਬਾਅਦ ਪ੍ਰਧਾਨ ਮੰਤਰੀ ਵੀਪੀ ਸਿੰਘ ਦੀ ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇ ਰਹੀ ਭਾਜਪਾ ਨੇ ਰਾਮ ਮੰਦਰ ਬਣਾਉਣ ਲਈ ਰਥ ਯਾਤਰਾ ਕੱਢਣ ਦਾ ਫ਼ੈਸਲਾ ਕੀਤਾ। ਵੀਪੀ ਸਿੰਘ ਨੇ ਅਡਵਾਨੀ ਨੂੰ ਰਥ ਯਾਤਰਾ ਨਾ ਕੱਢਣ ਲਈ ਆਖਿਆ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਅਡਵਾਨੀ ਨੂੰ ਬਿਹਾਰ ਦੇ ਸਮਸਤੀਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਨਾਰਾਜ਼ ਭਾਜਪਾ ਨੇ ਵੀਪੀ ਸਿੰਘ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ, ਜਿਸ ਦੇ ਚਲਦਿਆਂ 7 ਨਵੰਬਰ 1990 ਨੂੰ ਵੀਪੀ ਸਿੰਘ ਦੀ ਸਰਕਾਰ ਡਿੱਗ ਗਈ। ਇਸ ਤੋਂ ਬਾਅਦ ਚੰਦਰ ਸ਼ੇਖ਼ਰ ਪ੍ਰਧਾਨ ਮੰਤਰੀ ਬਣੇ ਅਤੇ ਦੇਵੀ ਲਾਲ ਨੂੰ ਫਿਰ ਉਪ ਪ੍ਰਧਾਨ ਮੰਤਰੀ ਬਣਾ ਦਿੱਤਾ।

ਉਧਰ ਹਰਿਆਣੇ ਵਿਚ ਚਾਰ ਮਹੀਨੇ ਬਾਅਦ ਹੀ ਯਾਨੀ ਮਾਰਚ 1991 ਵਿਚ ਦੇਵੀ ਲਾਲ ਨੇ ਹੁਕਮ ਸਿੰਘ ਨੂੰ ਹਟਾ ਕੇ ਓਮ ਪ੍ਰਕਾਸ਼ ਚੌਟਾਲਾ ਨੂੰ ਤੀਜੀ ਵਾਰ ਹਰਿਆਣੇ ਦਾ ਮੁੱਖ ਮੰਤਰੀ ਬਣਵਾ ਦਿੱਤਾ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਕਈ ਪਾਰਟੀ ਵਿਧਾਇਕ ਨਾਰਾਜ਼ ਹੋ ਗਏ। ਕੁੱਝ ਵਿਧਾਇਕਾਂ ਨੇ ਪਾਰਟੀ ਤੱਕ ਛੱਡ ਦਿੱਤੀ। ਜਿਸ ਦਾ ਨਤੀਜਾ ਇਹ ਹੋਇਆ ਕਿ 15 ਦਿਨਾਂ ਦੇ ਅੰਦਰ ਹੀ ਹਰਿਆਣੇ ਦੀ ਸਰਕਾਰ ਡਿੱਗ ਗਈ ਅਤੇ ਸੂਬੇ ਵਿਚ ਰਾਸ਼ਟਰਪਤੀ ਸਾਸ਼ਨ ਲੱਗ ਗਿਆ। 15 ਮਹੀਨੇ ਦੇ ਅੰਦਰ ਅੰਦਰ ਚੌਟਾਲਾ ਨੂੰ ਤਿੰਨ ਵਾਰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਉਨ੍ਹਾਂ ਦੀ ਕਾਫ਼ੀ ਜ਼ਿਆਦਾ ਨੇੜਤਾ ਸੀ। ਦੋਵੇਂ ਆਗੂ ਇਕ ਦੂਜੇ ਦੇ ਨਾਲ ਪਰਿਵਾਰਕ ਸਬੰਧਾਂ ਦੀ ਤਰ੍ਹਾਂ ਵਰਤਦੇ ਰਹੇ।


ਦੱਸ ਦਈਏ ਕਿ ਓਮ ਪ੍ਰਕਾਸ਼ ਚੌਟਾਲਾ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਚੌਟਾਲਾ ਵਿਖੇ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦਾ ਪਿੰਡ ਵਿਚ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਚੌਟਾਲਾ ਵਿਖੇ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦਾ ਪਿੰਡ ਵਿਚ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।

Next Story
ਤਾਜ਼ਾ ਖਬਰਾਂ
Share it