ਹੁਣ ਨਹੀਂ ਬਣੇਗਾ ਅਨੰਦਪੁਰ ਸਾਹਿਬ ਦਾ ਹੈਰਿਟੇਜ ਸਟ੍ਰੀਟ ਪ੍ਰੋਜੈਕਟ !
ਸ੍ਰੀ ਅਨੰਦਪੁਰ ਸਾਹਿਬਪੰਜਾਬ ਟੂਰਿਜ਼ਮ ਵਿਭਾਗ ਨੇ ਅਨੰਦਪੁਰ ਸਾਹਿਬ ਵਿਚ ਤਿਆਰ ਹੋ ਰਹੇ ਹੈਰਿਟੇਜ ਸਟ੍ਰੀਟ ਪ੍ਰੋਜੈਕਟ ਨੂੰ ਹਾਲ ਦੀ ਘੜੀ ਪਿੱਛੇ ਪਾ ਦਿੱਤਾ ਹੈ। ਇਸ ਦਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ...

By : Mehtab-Ud-Din
ਸਰਕਾਰ ਤੇ SGPC ਦੀ ਆਪਸੀ ਖਿੱਚੋਤਾਣ ਦੀ ਭੇਟ ਚੜ੍ਹਿਆ ਪ੍ਰੋਜੈਕਟ
ਹੁਣ ਕੋਈ ਹੋਰ ਥਾਂ ਲੱਭ ਲਈ ਪੰਜਾਬ ਸਰਕਾਰ
ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬਪੰਜਾਬ ਟੂਰਿਜ਼ਮ ਵਿਭਾਗ ਨੇ ਅਨੰਦਪੁਰ ਸਾਹਿਬ ਵਿਚ ਤਿਆਰ ਹੋ ਰਹੇ ਹੈਰਿਟੇਜ ਸਟ੍ਰੀਟ ਪ੍ਰੋਜੈਕਟ ਨੂੰ ਹਾਲ ਦੀ ਘੜੀ ਪਿੱਛੇ ਪਾ ਦਿੱਤਾ ਹੈ। ਇਸ ਦਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਮੰਗੀਆਂ ਗਈਆਂ ਵੱਡੀਆਂ ਤਬਦੀਲੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ SGPC ਅਧਿਕਾਰੀਆਂ ਨੇ ਪ੍ਰੋਜੈਕਟ ਵਿਚ ਬਣਨ ਵਾਲੇ ਗੇਟ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੇਟ ਕਾਰਨ ਮੁੱਖ ਸੜਕ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਿਸਣਾ ਹਟ ਜਾਵੇਗਾ। ਉਨ੍ਹਾਂ ਨੇ ਤਖ਼ਤ ਵੱਲ ਜਾਣ ਵਾਲੀ ਸੜਕ ਉੱਤੇ ਸੰਗਮਰਮਰ ਲਗਾਉਣ ਦਾ ਵੀ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਇਹ ਸੜਕ ਪੂਰੀ ਤਰ੍ਹਾਂ ਵਾਹਨਾਂ ਲਈ ਖੁੱਲ੍ਹੀ ਰਹੇ।
ਟੂਰਿਜ਼ਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ SGPC ਵੱਲੋਂ ਸੁਝਾਈਆਂ ਤਬਦੀਲੀਆਂ ਨਾਲ ਪ੍ਰੋਜੈਕਟ ਦਾ ਲਗਭਗ 90 ਫੀਸਦੀ ਹਿੱਸਾ ਬਦਲਣਾ ਪੈ ਜਾਵੇਗਾ। ਇਸ ਤਰ੍ਹਾਂ ਪ੍ਰੋਜੈਕਟ ਹ ਮੂਲ ਰੂਪ ਖਤਮ ਹੋ ਜਾਵੇਗਾ। ਇਸ ਲਈ ਵਿਭਾਗ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਲੈ ਲਿਆ ਹੈ।
ਪੰਜਾਬ ਦੇ ਟੂਰਿਜ਼ਮ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੈਰੀਟੇਜ ਸਟ੍ਰੀਟ ਪ੍ਰੋਜੈਕਟ ਆਪਣੇ ਮੂਲ ਰੂਪ ਵਿਚ ਰੱਦ ਹੋ ਗਿਆ ਹੈ। ਹੁਣ ਵਿਭਾਗ ਅਨੰਦਪੁਰ ਸਾਹਿਬ ਵਿਚ ਹੀ ਕੋਈ ਬਦਲਵੀਂ ਥਾਂ ਤਲਾਸ਼ ਰਿਹਾ ਹੈ। ਇਸ ਲਈ ਸੰਭਾਵੀ ਥਾਂ ਕੇਸਗੜ੍ਹ ਸਾਹਿਬ ਤੋਂ ਸੀਸਗੰਜ ਸਾਹਿਬ ਗੁਰਦੁਆਰੇ ਵੱਲ ਜਾਣ ਵਾਲੀ ਸਰਕਾਰੀ ਸੜਕ ਹੋ ਸਕਦੀ ਹੈ।
ਇਹ ਪ੍ਰੋਜੈਕਟ ਆਨੰਦਪੁਰ ਸਾਹਿਬ ਵਿਚ ਪਹਿਲੀ ਵਾਰ ਤਿਆਰ ਹੋਣ ਵਾਲਾ ਸੀ। ਇਸ ਵਿਚ ਪੂਰੀ ਸੜਕ ਸੰਗਮਰਮਰ ਨਾਲ ਬਣਾਈ ਜਾਣੀ ਸੀ ਤਾਂ ਜੋ ਧਾਰਮਿਕ ਮਾਹੌਲ ਹੋਰ ਵਧੀਆ ਬਣੇ ਅਤੇ ਯਾਤਰੂਆਂ ਨੂੰ ਆਰਾਮਦਾਇਕ ਅਨੁਭਵ ਹੋਵੇ। ਟੂਰਿਜ਼ਮ ਅਧਿਕਾਰੀ ਇਸ ਨੂੰ ਅੰਮ੍ਰਿਤਸਰ ਵਾਲੀ ਹੈਰੀਟੇਜ ਸਟ੍ਰੀਟ ਨਾਲ ਤੁਲਨਾ ਕਰ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਸਥਾਨਕ ਟੂਰਿਜ਼ਮ ਨੂੰ ਵੱਡਾ ਲਾਭ ਹੋਵੇਗਾ।
SGPC ਨੇ ਕਿਹਾ ਸੀ ਕਿ ਇਸ ਪ੍ਰੋਜੈਕਟ ਨਾਲ ਯਾਤਰੂਆਂ ਨੂੰ ਤਕਲੀਫ ਹੋਵੇਗੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੇ ਪਿਛਲੇ ਵਰ੍ਹੇ 22 ਦਸੰਬਰ ਨੂੰ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਕੰਮ ਸ਼ੁਰੂ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਯਾਤਰੂਆਂ ਦੀ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਗੇਟ ਵਾਲੀ ਗੱਲ ਉੱਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਤਖ਼ਤ ਦਾ ਸਿੱਧਾ ਨਜ਼ਾਰਾ ਰੁੱਕ ਜਾਵੇਗਾ ਅਤੇ ਇਹ ਸਿੱਖ ਭਾਵਨਾਵਾਂ ਨਾਲ ਜੁੜੀ ਗੱਲ ਹੈ।
ਸਰਕਾਰ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਪਹਿਲਾਂ SGPC ਵੱਲੋਂ ਮਨਜ਼ੂਰੀ ਮਿਲੀ ਹੋਈ ਸੀ। ਹੁਣ ਵਿਰੋਧ ਨੂੰ ਰਾਜਨੀਤਿਕ ਮੰਨਿਆ ਜਾ ਰਿਹਾ ਹੈ। ਇਸ ਵੇਲੇ SGPC ਅਤੇ ਆਪ ਸਰਕਾਰ ਵਿਚਾਲੇ ਰਿਸ਼ਤੇ ਤਣਾਅ ਭਰੇ ਹਨ। ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਬਰਸੀ ਮੌਕੇ ਨਵੰਬਰ ਵਿਚ ਵੀ ਵਿਵਾਦ ਹੋਇਆ ਸੀ। SGPC ਨੇ ਸਰਕਾਰ ਨੂੰ ਆਪਣੀਆਂ ਸਰਾਵਾਂ ਵਿਚ ਦਾਖਲ ਨਹੀਂ ਹੋਣ ਦਿੱਤਾ ਅਤੇ ਸਰਕਾਰ ਵੱਲੋਂ ਆਯੋਜਿਤ ਸਮਾਗਮਾਂ ਦਾ ਵੀ ਵਿਰੋਧ ਕੀਤਾ ਸੀ।
ਪ੍ਰੋਜੈਕਟ ਲਈ ਸਰਕਾਰ ਨੇ 25 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਪਰ SGPC ਅਤੇ ਸਰਕਾਰ ਵਿਚਕਾਰ ਇਸ ਤਣਾਅ ਕਾਰਨ ਇਹ ਧਰਮ, ਵਿਰਸਾ ਅਤੇ ਟੂਰਿਜ਼ਮ ਨੂੰ ਜੋੜਨ ਵਾਲਾ ਪ੍ਰੋਜੈਕਟ ਰਾਜਨੀਤੀ ਵਿਚ ਫਸ ਗਿਆ ਹੈ।
ਹੁਣ ਟੂਰਿਜ਼ਮ ਵਿਭਾਗ ਨਵੀਂ ਥਾਂ ਤੇ ਨਵਾਂ ਪ੍ਰੋਜੈਕਟ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਆਨੰਦਪੁਰ ਸਾਹਿਬ ਦੇ ਯਾਤਰੂਆਂ ਅਤੇ ਟੂਰਿਜ਼ਮ ਨੂੰ ਫਾਇਦਾ ਹੋ ਸਕੇ। ਇਸ ਫੈਸਲੇ ਨਾਲ SGPC ਅਤੇ ਸਰਕਾਰ ਵਿਚਕਾਰ ਚੱਲ ਰਹੀ ਸਿਆਸੀ ਖਿੱਚੋਤਾਣ ਫਿਰ ਤੋਂ ਚਰਚਾ ਵਿਚ ਆ ਗਈ ਹੈ।


