ਬਰਨਾਲਾ ਜ਼ਿਮਨੀ ਚੋਣ : ਸਾਰੀਆਂ ਪਾਰਟੀਆਂ ’ਚ ਇਕ ਅਨਾਰ ਸੌ ਬਿਮਾਰ ਵਾਲੀ ਹਾਲਤ
ਬਰਨਾਲਾ ਦੀ ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਨੇ ਕਰਮਕੱਸੇ ਕਰ ਲਏ ਹਨ ਅਤੇ ਚੋਣ ਲੜਨ ਦੇ ਇੱਛੁੱਕਾਂ ਵਿਚ ਦੌੜ ਲੱਗ ਗਈ ਹੈ, ਹਰ ਪਾਰਟੀ ਚ ਇੱਕ ਅਨਾਰ ਸੌ ਬਿਮਾਰ ਵਾਲੀ ਕਹਾਵਤ ਢੁੱਕ ਰਹੀ ਹੈ।
By : Makhan shah
ਬਰਨਾਲਾ : ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ 13-0 ਦਾ ਨਾਅਰਾ ਲੋਕ ਸਭਾ ਚੋਣਾਂ ਵਿਚ ਪੂਰਾ ਨਹੀ ਹੋ ਸਕਿਆ, ਪਾਰਟੀ ਨੂੰ ਸਿਰਫ ਤਿੰਨ ਸੀਟਾਂ ਹੀ ਆਈਆਂ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਲਈ ਲੋਕ ਸਭਾ ਸੀਟ ਸੰਗਰੂਰ ਆਪਣੇ ਵੱਕਾਰ ਦਾ ਸਵਾਲ ਬਣੀ ਹੋਈ ਸੀ ਕਿੳਂਕਿ ਲੋਕ ਸਭਾ ਹਲਕਾ ਸੰਗਰੂਰ ਸੀਟ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ, ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਤ ਹੇਅਰ ਭਾਰੀ ਗਿਣਤੀ ਵਿਚ ਵੋਟਾਂ ਨਾਲ ਚੋਣ ਜਿੱਤ ਗਏ ਹਨ ਅਤੇ ਭਗਵੰਤ ਮਾਨ ਦਾ ਸਿਆਸੀ ਵੱਕਾਰ ਬਚ ਗਿਆ।
ਸੀਐਮ ਭਗਵੰਤ ਮਾਨ ਬੜੇ ਫਖਰ ਨਾਲ ਕਹਿੰਦੇ ਹਨ ਕਿ ਲੋਕ ਸਭਾ ਹਲਕਾ ਸੰਗਰੂਰ ਸੀਟ, ਜਿਸ ਤੋਂ ਪਹਿਲਾਂ ਸਿਮਰਨਜੀਤ ਮਾਨ ਜਿੱਤ ਗਏ ਸਨ, ਮੁੜ ਉਨ੍ਹਾਂ ਦੀ ਝੋਲੀ ਪੈ ਗਈ ਹੈ। ਹੁਣ ਭਗਵੰਤ ਮਾਨ ਲਈ ਇੱਕ ਹੋਰ ਇਮਤਿਹਾਨ ਦੀ ਘੜੀ ਆ ਗਈ ਹੈ ਕਿੳਂੁਕਿ ਬਰਨਾਲਾ ਦੀ ਜਿਮਣੀ ਚੋਣ ਵੀ ਲੋਕ ਸਭਾ ਹਲਕਾ ਸੰਗਰੂਰ ਵਿਚ ਹੀ ਪੈਂਦੀ ਹੈ। ਬਰਨਾਲਾ ਦੀ ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਨੇ ਕਰਮਕੱਸੇ ਕਰ ਲਏ ਹਨ ਅਤੇ ਚੋਣ ਲੜਨ ਦੇ ਇੱਛੁੱਕਾਂ ਵਿਚ ਦੌੜ ਲੱਗ ਗਈ ਹੈ, ਹਰ ਪਾਰਟੀ ਚ ਇੱਕ ਅਨਾਰ ਸੌ ਬਿਮਾਰ ਵਾਲੀ ਕਹਾਵਤ ਢੁੱਕ ਰਹੀ ਹੈ।
ਆਮ ਆਦਮੀ ਪਾਰਟੀ : ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਬਰਨਾਲਾ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਦੇ ਸਲਾਹਕਾਰ ਬਲਤੇਜ ਪੰਨੂੰ, ਲੋਕ ਸਭਾ ਚੋਣਾਂ ਵੇਲੇ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਦਲਵੀਰ ਗੋਲਡੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਬਾਠ, ਕੈਬਨਿਟ ਮੰਤਰੀ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਰਦਵਾਜ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਪੀਏ ਰੋਹਿਤ ਸ਼ਰਮਾ ਨੇ ਜ਼ਿਮਨੀ ਚੋਣ ਲੜਨ ਲਈ ਕਮਰਕੱਸੇ ਕਰ ਲਏ ਹਨ।
ਕਾਂਗਰਸ ਪਾਰਟੀ : ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇਸ ਪਾਰਟੀ ’ਤੇ ਵੀ ਇੱਕ ਅਨਾਰ ਸੌ ਬਿਮਾਰ ਵਾਲੀ ਕਹਾਵਤ ਢੁੱਕਦੀ ਹੈ, ਕਾਂਗਰਸ ਪਾਰਟੀ ਵੱਲੋ ਜਿਮਣੀ ਚੋਣ ਲੜਨ ਲਈ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਜ਼ਿਮਨੀ ਚੋਣ ਲੜਨ ਦੀ ਦੌੜ ਵਿੱਚ ਹਨ।
ਭਾਰਤੀ ਜਨਤਾ ਪਾਰਟੀ : ਭਾਰਤੀ ਜਨਤਾ ਪਾਰਟੀ ਵੱਲੋਂ ਵੀ ਬਰਨਾਲਾ ਦੀ ਜ਼ਿਮਨੀ ਚੋਣ ਲੜਨ ਲਈ ਅੱਧੀ ਦਰਜਨ ਤੋਂ ਉਪਰ ਭਾਜਪਾ ਨੇਤਾ ਦੌੜ ਵਿੱਚ ਹਨ, ਜਿਨਾਂ ਵਿਚ ਭਾਜਪਾ ਦੇ ਕੌਮੀ ਨੇਤਾ ਹਰਜੀਤ ਸਿੰਘ ਗਰੇਵਾਲ, ਸੂਬਾ ਨੇਤਾ ਦਰਸਨ ਸਿੰਘ ਨੈਣੇਵਾਲੀਆ, ਸੁਖਵੰਤ ਸਿੰਘ ਧਨੌਲਾ, ਗੁਰਜਿੰਦਰ ਸਿੰਘ ਸਿੱਧੂ, ਹਲਕਾ ਇੰਚਾਰਜ ਧੀਰਜ ਕੁਮਾਰ ਦੱਧਾਹੂਰ, ਜਿਲਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ, ਸਾਬਕਾ ਜਿਲਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਆਦਿ ਦੌੜ ਵਿੱਚ ਹਨ।
ਸ਼੍ਰੋਮਣੀ ਅਕਾਲੀ ਦਲ ਬਾਦਲ : ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਬਰਨਾਲਾ ਦੀ ਜ਼ਿਮਨੀ ਚੋਣ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ, ਸੁਖਬੀਰ ਬਾਦਲ ਦੇ ਅਤੀ ਨਜਦੀਕੀ ਆਗੂ ਦਵਿੰਦਰ ਬੀਹਲਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਕੁਮਾਰ ਮੰਟੀ ਸ਼ੌਰੀ ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਜ਼ੋਰ ਅਜ਼ਮਾਈ ਚੱਲ ਰਹੀ ਹੈ। ਇਸ ਤਰਾਂ ਬਰਨਾਲਾ ਜਿਮਣੀ ਚੋਣ ਲਈ ਹਰ ਪਾਰਟੀ ਵਿਚ ਇੱਕ ਅਨਾਰ ਸੌ ਬਿਮਾਰ ਵਾਲੀ ਕਹਾਵਤ ਢੁੱਕ ਰਹੀ ਹੈ ਪਰ ਦੇਖਣਾ ਹੋਵੇਗਾ ਕਿ ਇਹ ਰਾਜਨੀਤਕ ਪਾਰਟੀਆਂ ਕਿਹੜੇ ਕਿਹੜੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਨਗੀਆਂ।