BBMB ਮਸਲੇ 'ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਖ਼ਤ ਵਿਰੋਧ
ਅਕਾਲੀ ਦਲ ਵਾਰਿਸ ਪੰਜਾਬ ਦੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਕੇਂਦਰੀ ਦਬਾਅ ਹੇਠ ਹਰਿਆਣੇ ਨੂੰ ਵਾਧੂ ਪਾਣੀ ਛੱਡਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਇਹ ਕੇਵਲ ਇਕ ਤਕਨੀਕੀ ਫੈਸਲਾ ਨਹੀਂ, ਸਗੋਂ ਪੰਜਾਬ ਦੇ ਹੱਕਾਂ ਉੱਤੇ ਕੀਤਾ ਗਿਆ ਕੇਂਦਰ ਦਾ ਸਿਆਸੀ ਹਮਲਾ ਹੈ।

ਅੰਮ੍ਰਿਤਸਰ,(ਸੁਖਵੀਰ ਸਿੰਘ ਸ਼ੇਰਗਿੱਲ) ਅਕਾਲੀ ਦਲ ਵਾਰਿਸ ਪੰਜਾਬ ਦੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਕੇਂਦਰੀ ਦਬਾਅ ਹੇਠ ਹਰਿਆਣੇ ਨੂੰ ਵਾਧੂ ਪਾਣੀ ਛੱਡਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਇਹ ਕੇਵਲ ਇਕ ਤਕਨੀਕੀ ਫੈਸਲਾ ਨਹੀਂ, ਸਗੋਂ ਪੰਜਾਬ ਦੇ ਹੱਕਾਂ ਉੱਤੇ ਕੀਤਾ ਗਿਆ ਕੇਂਦਰ ਦਾ ਸਿਆਸੀ ਹਮਲਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਪਿਤਾ ਬਾਪੂ ਤਰਸੇਮ ਸਿੰਘ ਜੀ ਨੇ ਇਕ ਪ੍ਰੈਸ ਨੋਟ ਰਾਹੀਂ ਕੀਤਾ। ਉਹਨਾਂ ਕਿਹਾ ਕਿ ਇੱਕ ਪਾਸੇ, ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਦੀ ਸਿੰਚਾਈ ਲਈ ਪਾਣੀ ਨੂੰ ਤਰਸ ਰਹੇ ਹਨ, ਜਿਣਸੀ ਖੇਤਰ ਸੁੱਕ ਰਹੇ ਹਨ, ਪਾਣੀ ਦਾ ਪੱਧਰ ਦਿਨ ਬ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਦੂਜੇ ਪਾਸੇ ਕੇਂਦਰ ਸਰਕਾਰ ਦਿੱਲੀ ਦੀ ਪਿਆਸ ਬੁਝਾਉਣ ਲਈ ਹਰਿਆਣੇਂ ਰਾਹੀਂ ਪੰਜਾਬ ਦਾ ਪਾਣੀ ਛੱਡ ਰਹੀ ਹੈ।
ਇਹ ਸਿੱਧਾ ਸਿੱਧਾ ਪੰਜਾਬ ਦੇ ਹੱਕਾਂ ਤੇ ਡਾਕਾ ਹੈ। ਉਹਨਾਂ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੀ ਸਿਰਫ਼ ਬਿਆਨਬਾਜ਼ੀ 'ਚ ਰੁੱਝੀ ਹੋਈ ਹੈ, ਨਾਂ ਕਿਸੇ ਨੇ ਅਦਾਲਤ ਚ ਰਿੱਟ ਪਾਈ, ਨਾ BBMB ਦੇ ਫੈਸਲੇ ਨੂੰ ਰੋਕਣ ਲਈ ਕੋਈ ਕਦਮ ਚੁੱਕਿਆ। ਜੇਕਰ BBMB ਦੇ ਪੰਜਾਬ ਦੇ ਮੰਡਲ ਅਧਿਕਾਰੀ ਮੀਟਿੰਗ ਵਿੱਚ ਸਿਰਫ਼ ਰਾਖਵਾਂ ਪੱਤਰ ਹੀ ਦੇਕੇ ਵਾਪਸ ਆ ਜਾਣ, ਕੋਈ ਤਿੱਖਾ ਵਿਰੋਧ ਨਾਂ ਕਰਨ ਤਾਂ ਇਹ ਵਿਰੋਧ ਨਹੀਂ ਹੁੰਦਾ ਸਗੋਂ ਮਨਜ਼ੂਰੀ ਹੀ ਹੁੰਦੀ ਹੈ ਜੋਕਿ ਗੌਰਤਲਬ ਹੈ। ਬਾਪੂ ਤਰਸੇਮ ਸਿੰਘ ਜੀ ਕਿਹਾ ਕਿ ਇਹ ਕੇਵਲ ਪਾਣੀ ਨਹੀਂ, ਸਾਡਾ ਅਧਿਕਾਰ, ਸਾਡਾ ਵਜੂਦ ਤੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਜ਼ਿੰਦਗੀ ਦਾ ਸਵਾਲ ਹੈ। ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਅਪੀਲ ਕਰਦੇ ਹਾਂ ਇਸ ਨਵੇਂ "ਪਾਣੀ ਘੁਟਾਲੇ" ਖਿਲਾਫ਼ ਇਕ ਜੁੱਟ ਹੋ ਕੇ ਖੜੋਵੋ ਤਾਂ ਜੋ ਪੰਜਾਬ ਦੇ ਵਿਰੁੱਧ ਲਏ ਜਾ ਰਹੇ ਇਸ ਤਰਾਂ ਦੇ ਘਾਤਕ ਫੈਸਲਿਆਂ ਤੇ ਰੋਕ ਲੱਗ ਸਕੇ।