1984 ਘੱਲੂਘਾਰੇ ਮਗਰੋਂ ਸਫਾਈ ਮੁਲਾਜ਼ਮ ਕੇਵਲ ਸਿੰਘ ਨੇ ਚੁੱਕੀਆਂ ਸੀ ਲਾਸ਼ਾਂ
ਜੂਨ ਮਹੀਨਾ ਆਉਂਦਿਆਂ ਹੀ ਸਿੱਖਾਂ ਦੇ ਅੱਲੇ ਜ਼ਖ਼ਮ ਫਿਰ ਤੋਂ ਕੁਰੇਦੇ ਜਾਂਦੇ ਨੇ ਕਿਉਂਕਿ 41 ਸਾਲ ਪਹਿਲਾਂ ਜੋ ਕੁੱਝ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ, ਉਹ ਕਦੇ ਭੁਲਾਇਆ ਨਹੀਂ ਜਾ ਸਕਦਾ। ਸਾਕਾ ਨੀਲਾ ਤਾਰਾ ਦੀ ਫ਼ੌਜੀ ਕਾਰਵਾਈ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਲਾਸ਼ਾਂ ਹੀ ਲਾਸ਼ਾਂ ਬਿਖ਼ਰੀਆਂ ਹੋਈਆਂ ਸਨ, ਉਸ ਖ਼ੌਫ਼ਨਾਕ ਮੰਜ਼ਰ ਨੂੰ ਯਾਦ ਕਰਕੇ ਅੱਜ ਵੀ ਹਰ ਕਿਸੇ ਦੀ ਰੂਹ ਕੰਬ ਉਠਦੀ ਐ।

ਅੰਮ੍ਰਿਤਸਰ : ਜੂਨ ਮਹੀਨਾ ਆਉਂਦਿਆਂ ਹੀ ਸਿੱਖਾਂ ਦੇ ਅੱਲੇ ਜ਼ਖ਼ਮ ਫਿਰ ਤੋਂ ਕੁਰੇਦੇ ਜਾਂਦੇ ਨੇ ਕਿਉਂਕਿ 41 ਸਾਲ ਪਹਿਲਾਂ ਜੋ ਕੁੱਝ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ, ਉਹ ਕਦੇ ਭੁਲਾਇਆ ਨਹੀਂ ਜਾ ਸਕਦਾ। ਸਾਕਾ ਨੀਲਾ ਤਾਰਾ ਦੀ ਫ਼ੌਜੀ ਕਾਰਵਾਈ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਲਾਸ਼ਾਂ ਹੀ ਲਾਸ਼ਾਂ ਬਿਖ਼ਰੀਆਂ ਹੋਈਆਂ ਸਨ, ਉਸ ਖ਼ੌਫ਼ਨਾਕ ਮੰਜ਼ਰ ਨੂੰ ਯਾਦ ਕਰਕੇ ਅੱਜ ਵੀ ਹਰ ਕਿਸੇ ਦੀ ਰੂਹ ਕੰਬ ਉਠਦੀ ਐ। ਅਜਿਹਾ ਹੀ ਇਕ ਸਖ਼ਸ਼ ਐ ਕੇਵਲ ਸਿੰਘ,, ਜਿਸ ਨੇ ਧੁੱਪ ’ਚ ਸੜਦੀਆਂ ਲਾਸ਼ਾਂ ਨੂੰ ਦੇਖਿਆ ਹੀ ਨਹੀਂ ਬਲਕਿ ਆਪਣੇ ਹੱਥੀਂ ਸਮੇਟਿਆ। ਸਾਕਾ ਨੀਲਾ ਦੀ 41ਵੀਂ ਬਰਸੀ ’ਤੇ ਦੇਖੋ ਸਾਡੀ ਇਹ ਖ਼ਾਸ ਰਿਪੋਰਟ।
ਤਸਵੀਰਾਂ ਵਿਚ ਨਜ਼ਰ ਆ ਰਿਹਾ ਵਿਅਕਤੀ ਕੇਵਲ ਸਿੰਘ ਐ, ਜੋ ਅੰਮ੍ਰਿਤਸਰ ਨਗਰ ਨਿਗਮ ਦਾ ਸਾਬਕਾ ਸਫ਼ਾਈ ਕਰਮਚਾਰੀ ਐ। ਸਾਕਾ ਨੀਲਾ ਤਾਰਾ ਦੀ ਬਰਸੀ ਸਮੇਂ ਇਸ ਸਖ਼ਸ਼ ਦਾ ਜ਼ਿਕਰ ਇਸ ਕਰਕੇ ਹੋ ਰਿਹਾ ਏ ਕਿਉਂਕਿ ਉਹ ਕੇਵਲ ਸਿੰਘ ਹੀ ਸੀ, ਜਿਸ ਨੇ ਫ਼ੌਜੀ ਓਪਰੇਸ਼ਨ ਖ਼ਤਮ ਹੋਣ ਮਗਰੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਲਾਸ਼ਾਂ ਚੁੱਕਣ ਦਾ ਕੰਮ ਕੀਤਾ ਸੀ। 73 ਸਾਲਾ ਕੇਵਲ ਸਿੰਘ ਦੇ ਦਿਲੋ ਦਿਮਾਗ਼ ਤੋਂ ਅੱਜ ਵੀ ਉਹ ਖ਼ੌਫ਼ਨਾਕ ਮੰਜ਼ਰ ਮਨਫ਼ੀ ਨਹੀਂ ਹੋ ਸਕਿਆ। ਉਸ ਦਾ ਕਹਿਣਾ ਏ ਕਿ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਚ ਸਫ਼ਾਈ ਕਰਨ ਦੇ ਲਈ ਗਿਆ ਤਾਂ ਉਥੇ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਵਿਛੀਆਂ ਹੋਈਆਂ ਸਨ, ਬਦਬੂ ਇੰਨੀ ਜ਼ਿਆਦਾ ਆ ਰਹੀ ਸੀ ਕਿ ਖੜ੍ਹਿਆ ਨਹੀਂ ਸੀ ਜਾ ਰਿਹਾ।
ਕੇਵਲ ਸਿੰਘ ਦੇ ਮੁਤਾਬਕ ਉਸ ਨੂੰ ਸੂਚਨਾ ਮਿਲੀ ਕਿ ਤੁਹਾਡੀ ਡਿਊਟੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸਫ਼ਾਈ ਦੇ ਲਈ ਲਗਾਈ ਗਈ ਐ। ਉਨ੍ਹਾਂ ਕਿਹਾ ਕਿ ਉਸ ਸਮੇਂ ਪ੍ਰਸਾਸ਼ਨ ਦੇ ਨਾਲ ਨਾਲ ਉਸ ਦਾ ਫ਼ੌਜੀ ਪਾਸ ਵੀ ਬਣਾਇਆ ਗਿਆ ਕਿਉਂਕਿ ਕਰਫਿਊ ਲੱਗੇ ਹੋਣ ਕਾਰਨ ਪੈਦਲ ਤੱਕ ਨਹੀਂ ਸੀ ਜਾਣ ਦਿੱਤਾ ਜਾਂਦਾ।
ਕੇਵਲ ਸਿੰਘ ਦਾ ਕਹਿਣਾ ਏ ਕਿ ਲਾਸ਼ਾਂ ਦੇ ਹਾਲਾਤ ਬਹੁਤ ਜ਼ਿਆਦਾ ਸੀ ਖ਼ਰਾਬ ਸੀ,, ਅਸੀਂ ਲਾਸ਼ਾਂ ਚੁੱਕ ਚੁੱਕ ਕੇ ਟਰਾਲੀਆਂ ਵਿਚ ਰੱਖ ਰਹੇ ਸੀ, ਪਰ ਧੰਨ ਨੇ ਉਹ ਡਾਕਟਰ ਜਿਹੜੇ ਉਸ ਸਮੇਂ ਲਾਸ਼ਾਂ ਦਾ ਪੋਸਟਮਾਰਟਮ ਕਰ ਰਹੇ ਸੀ।
ਜਾਣਕਾਰੀ ਅਨੁਸਾਰ ਉਸ ਸਮੇਂ ਕਈ ਸਫ਼ਾਈ ਕਰਮਚਾਰੀਆਂ ਨੇ ਲਾਸ਼ਾਂ ਨੂੰ ਚੁੱਕਣ ਦੀ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ’ਤੇ ਕੇਵਲ ਸਿੰਘ ਨੇ ਆਖਿਆ ਕਿ ਜੇਕਰ ਹੋਰਨਾਂ ਮੁਲਾਜ਼ਮਾਂ ਦੀ ਤਰ੍ਹਾਂ ਉਹ ਵੀ ਭੱਜ ਜਾਂਦਾ ਜਾਂ ਇਨਕਾਰ ਕਰ ਦਿੰਦਾ ਤਾਂ ਲਾਸ਼ਾਂ ਦਾ ਕੀ ਹੁੰਦਾ,, ਸ਼ਹਿਰ ਵਿਚ ਬਿਮਾਰੀ ਫੈਲ ਜਾਣੀ ਸੀ, ਉਸ ਨੇ ਸੇਵਾ ਸਮਝ ਕੇ ਇਹ ਡਿਊਟੀ ਨਿਭਾਈ,, ਪਰ ਅਫ਼ਸੋਸ ਕਿ ਕਿਸੇ ਵੀ ਸਰਕਾਰ ਨੇ ਉਸ ਨੂੰ ਇਨ੍ਹਾਂ 41 ਸਾਲਾਂ ਦੌਰਾਨ ਸਨਮਾਨਿਤ ਤੱਕ ਨਹੀਂ ਕੀਤਾ।
73 ਸਾਲਾ ਕੇਵਲ ਸਿੰਘ ਨੇ ਇਹ ਵੀ ਦੱਸਿਆ ਕਿ ਲਾਸ਼ਾਂ ਨੂੰ ਚੁੱਕਣ ਅਤੇ ਸਫ਼ਾਈ ਕਰਨ ਸਮੇਂ ਇੰਨੀ ਬਦਬੂ ਆਉਂਦੀ ਸੀ ਕਿ ਰੋਟੀ ਖਾਣ ਨੂੰ ਜੀਅ ਨਹੀਂ ਸੀ ਕਰਦਾ ਅਤੇ ਸੌਣ ਵੇਲੇ ਵੀ ਅੱਖਾਂ ਮੂਹਰੇ ਲਾਸ਼ਾਂ ਹੀ ਲਾਸ਼ਾਂ ਦਿਖਾਈ ਦਿੰਦੀਆਂ ਸੀ।
ਦੱਸ ਦਈਏ ਕਿ ਉਸ ਸਮੇਂ ਲਾਸ਼ਾਂ ਦੇ ਸਸਕਾਰ ਅਤੇ ਮ੍ਰਿਤਕਾਂ ਨੂੰ ਲਿਜਾਣ ਲਈ ਸਫ਼ਾਈ ਕਰਮਚਾਰੀ ਅਤੇ ਮਿਉਂਸਪਲ ਟਰੱਕਾਂ ਦੀ ਵਰਤੋਂ ਕਰਨ ’ਤੇ ਪ੍ਰਸਾਸ਼ਨ ਦੀ ਜਮ ਕੇ ਨਿੰਦਾ ਕੀਤੀ ਗਈ ਸੀ ਕਿਉਂਕਿ ਜਾਣਕਾਰੀ ਅਨੁਸਾਰ ਮ੍ਰਿਤਕਾਂ ਨੂੰ ਕੂੜੇ ਦੇ ਟਰੱਕਾਂ ਵਿਚ ਢੋਇਆ ਗਿਆ ਅਤੇ ਉਨ੍ਹਾਂਦਾ ਸਮੂਹਿਕ ਸਸਕਾਰ ਕੀਤਾ ਗਿਆ। ਵਾਕਈ ਇਹ ਬਹੁਤ ਭਿਆਨਕ ਮੰਜ਼ਰ ਸੀ।
ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ