ਬਰਨਾਲਾ ਤੋਂ ਹਰਿੰਦਰ ਧਾਲੀਵਾਲ ਬਣਾਏ ਆਪ ਉਮੀਦਵਾਰ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਪਾਰਟੀ ਵਰਕਰ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰ ਦਿੱਤਾ ਏ। ਹਰਿੰਦਰ ਸਿੰਘ ਸੰਗਰੂਰ ਤੋਂ ਸਾਂਸਦ ਅਤੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਨੇ
By : Makhan shah
ਬਰਨਾਲਾ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਪਾਰਟੀ ਵਰਕਰ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰ ਦਿੱਤਾ ਏ। ਹਰਿੰਦਰ ਸਿੰਘ ਸੰਗਰੂਰ ਤੋਂ ਸਾਂਸਦ ਅਤੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਨੇ ਪਰ ਹਰਿੰਦਰ ਧਾਲੀਵਾਲ ਲਈ ਜਿੱਤ ਇੰਨੀ ਆਸਾਨ ਨਹੀਂ ਹੋਵੇਗੀ ਕਿਉਂਕਿ ਪਾਰਟੀ ਦੇ ਅੰਦਰ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਏ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਏ ਅਤੇ ਖ਼ੁਦ ਨੂੰ ਇਸ ਟਿਕਟ ਦਾ ਦਾਅਵੇਦਾਰ ਦੱਸਿਆ ਜਾ ਰਿਹਾ ਏ।
ਆਮ ਆਦਮੀ ਪਾਰਟੀ ਨੇ ਭਾਵੇਂ ਕਿ ਬਰਨਾਲਾ ਸੀਟ ਤੋਂ ਪਾਰਟੀ ਵਰਕਰ ਅਤੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇ ਦਿੱਤੀ ਐ। ਜਾਣਕਾਰੀ ਅਨੁਸਾਰ ਮੀਤ ਹੇਅਰ ਵੱਲੋਂ ਬਰਨਾਲਾ ਵਿਧਾਨ ਸਭਾ ਸੀਟ ’ਤੇ ਆਪਣਾ ਪ੍ਰਭਾਵ ਬਰਕਰਾਰ ਰੱਖਣ ਲਈ ਆਪਣੇ ਦੋਸਤ ਨੂੰ ਉਮੀਦਵਾਰ ਬਣਾਏ ਜਾਣ ਦੀ ਸਿਫ਼ਾਰਸ਼ ਕੀਤੀ ਗਈ ਸੀ
ਹਰਿੰਦਰ ਸਿੰਘ ਨੂੰ ਟਿਕਟ ਦਿੱਤੇ ਜਾਣ ਨਾਲ ਪਾਰਟੀ ਵਿਚ ਗੁੱਟਬਾਜ਼ੀ ਦਾ ਖ਼ਤਰਾ ਵਧ ਗਿਆ ਏ ਕਿਉਂਕਿ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੂੰ ਇਸ ਟਿਕਟ ਦਾ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਗੁਰਦੀਪ ਸਿੰਘ ਬਾਠ ਨੇ ਇਕ ਵੀਡੀਓ ਜਾਰੀ ਕਰਕੇ ਆਖਿਆ ਕਿ ਆਮ ਆਦਮੀ ਪਾਰਟੀ ਵਿਚ ਪਰਿਵਾਰਵਾਦ ਵਧਣਾ ਸ਼ੁਰੂ ਹੋ ਗਿਆ ਏ ਪਰ ਅਸੀਂ ਇਸ ਫ਼ੈਸਲੇ ’ਤੇ ਚੁੱਪ ਕਰਕੇ ਨਹੀਂ ਬੈਠਾਂਗੇ, ਇਸ ਦਾ ਵਿਰੋਧ ਕਰਾਂਗੇ।
ਦੱਸ ਦਈਏ ਕਿ ਆਪ ਵੱਲੋਂ ਐਲਾਨੇ ਗਏ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਪਿੰਡ ਛੀਨੀਵਾਲ ਦੇ ਵਾਸੀ ਨੇ ਅਤੇ ਉਹ ਇਕ ਕਿਸਾਨ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ। ਧਾਲੀਵਾਲ ਦੇ ਪਿਤਾ ਪਸ਼ੂ ਪਾਲਣ ਵਿਭਾਗ ਤੋਂ ਸੇਵਾਮੁਕਤ ਕਰਮਚਾਰੀ ਨੇ। ਇਸ ਤੋਂ ਇਲਾਵਾ ਹਰਿੰਦਰ ਧਾਲੀਵਾਲ ਮੀਤ ਹੇਅਰ ਦੇ ਸਕੂਲ ਟਾਈਮ ਤੋਂ ਦੋਸਤ ਨੇ।
ਦੋਵਾਂ ਨੇ ਪਹਿਲਾਂ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਸਕੂਲ ਤੋਂ ਬਾਰਵੀਂ ਕੀਤੀ ਅਤੇ ਫਿਰ ਇਕੱਠੇ ਬਨੂੜ ਕਾਲਜ ਤੋਂ ਬੀਟੈਕ ਦੀ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਦੋਵੇਂ ਇਕੱਠੇ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੀ। ਹਰਿੰਦਰ ਧਾਲੀਵਾਲ ਨੂੰ ਮੀਤ ਹੇਅਰ ਦੀ ਸੱਜੀ ਬਾਂਹ ਵੀ ਮੰਨਿਆ ਜਾਂਦਾ ਏ।