400 ਸਾਲ ਪੁਰਾਣੇ ਰੂਪ ਵਿੱਚ ਬਣਾਇਆ ਸ੍ਰੀ ਦਰਬਾਰ ਸਾਹਿਬ ਦਾ ਬਿਨਾਂ ਸੋਨੇ ਦਾ ਮਾਡਲ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਸਿੱਖ ਜਗਤ ਨੂੰ ਵਿਲੱਖਣ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਲਗਭਗ 400 ਸਾਲ ਪੁਰਾਣੇ ਰੂਪ ਅਨੁਸਾਰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ, ਜਿਸ ਵਿੱਚ ਕੱਚੀ ਪ੍ਰਿਕਰਮਾ ਹੈ ਅਤੇ ਸੋਨੇ ਦਾ ਕੰਮ ਨਹੀਂ ਕੀਤਾ ਗਿਆ।

By : Makhan shah
ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਸਿੱਖ ਜਗਤ ਨੂੰ ਵਿਲੱਖਣ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਲਗਭਗ 400 ਸਾਲ ਪੁਰਾਣੇ ਰੂਪ ਅਨੁਸਾਰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ, ਜਿਸ ਵਿੱਚ ਕੱਚੀ ਪ੍ਰਿਕਰਮਾ ਹੈ ਅਤੇ ਸੋਨੇ ਦਾ ਕੰਮ ਨਹੀਂ ਕੀਤਾ ਗਿਆ। ਇਹ ਵਿਲੱਖਣ ਮਾਡਲ ਸਾਰੀ ਸਿੱਖ ਕੌਮ ਲਈ ਮਾਣ ਦੀ ਗੱਲ ਹੈ, ਕਿਉਂਕਿ ਇਹ ਦੁਨੀਆਂ ਦਾ ਪਹਿਲਾ ਬਿਨਾਂ ਸੋਨੇ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹੈ ਜੋ ਵਰਲਡ ਰਿਕਾਰਡ ਵਿੱਚ ਵੀ ਦਰਜ ਹੋਇਆ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ ਲਈ ਲਗਭਗ ਢਾਈ ਤੋਂ ਤਿੰਨ ਮਹੀਨੇ ਦਾ ਸਮਾਂ ਲੱਗਿਆ। ਹਰ ਰੋਜ਼ ਅੱਠ ਤੋਂ ਦਸ ਘੰਟੇ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਇਹ ਰਚਨਾ ਪੂਰੀ ਹੋਈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਕਲਾ ਨਹੀਂ, ਸਗੋਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸਾਧਨ ਹੈ।
ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਜਨਮ ਸਥਾਨਾਂ, ਪੰਜ ਤਖ਼ਤ ਸਾਹਿਬਾਨਾਂ ਅਤੇ ਪਾਕਿਸਤਾਨ ਵਿਚਲੇ ਇਤਿਹਾਸਿਕ ਗੁਰਧਾਮਾਂ ਦੇ ਮਾਡਲ ਤਿਆਰ ਕੀਤੇ ਗਏ ਹਨ। 1984 ਦੇ ਅਕਾਲ ਤਖ਼ਤ ਸਾਹਿਬ ਦੇ ਢੈ-ਢੇਰੀ ਰੂਪ ਦਾ ਮਾਡਲ ਵੀ ਉਨ੍ਹਾਂ ਨੇ ਬਣਾਇਆ, ਜਿਸਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਅੱਗੇ ਕਈ ਵਾਰ ਪੇਸ਼ ਕੀਤਾ ਗਿਆ।
ਉਨ੍ਹਾਂ ਨੇ ਅਪੀਲ ਕੀਤੀ ਕਿ ਸਿੱਖ ਯੂਥ ਨੂੰ ਗੁਰਬਾਣੀ ਨਾਲ ਜੁੜ ਕੇ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਅਪਣਾਉਣਾ ਚਾਹੀਦਾ ਹੈ। ਇਹੋ ਜਿਹੇ ਇਤਿਹਾਸਿਕ ਮੌਕੇ ਉਸੇ ਵੇਲੇ ਸਫਲ ਹੋ ਸਕਦੇ ਹਨ ਜਦੋਂ ਅਸੀਂ ਗੁਰੂ ਨਾਲ ਅਸਲ ਜੋੜ ਬਣਾਈਏ। ਕਨੇਡਾ ਵਿੱਚ ਪਰਿਵਾਰ ਸਮੇਤ ਰਹਿੰਦੇ ਹੋਏ ਵੀ ਗੁਰਪ੍ਰੀਤ ਸਿੰਘ ਦੀ ਦਿਲੀ ਇੱਛਾ ਹੈ ਕਿ ਕਲਾ ਰਾਹੀਂ ਸਿੱਖ ਪੰਥ ਦੀ ਸੇਵਾ ਜ਼ਿੰਦਗੀ ਭਰ ਕਰਦੇ ਰਹਿਣ।


