ਪੰਜਾਬ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ 1.84 ਕਰੋੜ ਦਾ ਘਪਲਾ, ਵਿਜੀਲੈਂਸ ਜਾਂਚ ਦਾ ਖੁਲਾਸਾ
ਨਾਭਾ 'ਚ ਵਿਜੀਲੈਂਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ 1.84 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਤੋਂ ਬਾਅਦ ਵਿਜੀਲੈਂਸ ਨੇ ਉਕਤ ਅਧਿਕਾਰੀਆਂ ਅਤੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
By : Dr. Pardeep singh
ਪਟਿਆਲਾ: ਨਾਭਾ 'ਚ ਵਿਜੀਲੈਂਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ 1.84 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਤੋਂ ਬਾਅਦ ਵਿਜੀਲੈਂਸ ਨੇ ਉਕਤ ਅਧਿਕਾਰੀਆਂ ਅਤੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਜਾਂਚ ਵਿੱਚ ਵੱਡੇ ਖੁਲਾਸੇ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਗਰ ਕੌਂਸਲ ਨਾਭਾ ਨੂੰ ਸਾਲ 2018 ਵਿੱਚ ਹਾਊਸ ਫਾਰ ਆਲ ਸਕੀਮ (ਪੀ.ਐਮ.ਐਸ.ਏ.ਵਾਈ.) ਤਹਿਤ ਫੰਡ ਪ੍ਰਾਪਤ ਹੋਏ ਸਨ। 01.11.2018 ਤੋਂ 06.11.2018 ਤੱਕ 6 ਦਿਨਾਂ ਦੇ ਅੰਦਰ ਵਿਕਾਸ ਕਾਰਜਾਂ ਦੇ ਜਾਅਲੀ ਬਿੱਲ ਤਿਆਰ ਕਰਕੇ 1 ਕਰੋੜ 84 ਲੱਖ 45 ਹਜ਼ਾਰ 551 ਰੁਪਏ ਦਾ ਗਬਨ ਕੀਤਾ ਗਿਆ।
ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਰਾਸ਼ੀ ਨਾਲ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ, ਸਗੋਂ ਅਧਿਕਾਰੀਆਂ ਨੇ ਠੇਕੇਦਾਰ ਦੀ ਮਿਲੀਭੁਗਤ ਨਾਲ ਇਸ ਸਕੀਮ ਤਹਿਤ ਲੋੜਵੰਦਾਂ ਨੂੰ ਮਕਾਨ ਬਣਾਉਣ ਦੀ ਬਜਾਏ ਵਿਕਾਸ ਕਾਰਜ ਦੱਸ ਕੇ ਫੰਡਾਂ ਦਾ ਗਬਨ ਕੀਤਾ।
ਚੌਲਾਂ ਦਾ ਘੁਟਾਲਾ ਪਹਿਲਾਂ ਵੀ ਫੜਿਆ
ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਪੰਜਾਬ ਨੇ ਚੌਲ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਇਹ ਗੱਲ ਸਾਹਮਣੇ ਆਈ ਸੀ ਕਿ ਇਹ ਚੌਲ ਕੇਂਦਰ ਦੀਆਂ ਸਕੀਮਾਂ ਤਹਿਤ ਆ ਰਿਹਾ ਸੀ। ਇਸ ਤੋਂ ਠੇਕੇਦਾਰ ਅਤੇ ਚੌਲ ਮਿੱਲ ਮਾਲਕਾਂ ਨੂੰ ਭਾਰੀ ਆਮਦਨ ਹੋ ਰਹੀ ਸੀ। ਵਿਜੀਲੈਂਸ ਨੇ ਉਸ ਮਾਮਲੇ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਸੀ।