Begin typing your search above and press return to search.

ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਕਿਸਾਨਾਂ ’ਤੇ ਦਾਅ!

ਚੰਡੀਗੜ੍ਹ, 13 ਫਰਵਰੀ (ਸ਼ਾਹ) : ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਵੱਲ ਕੂਚ ਕਰ ਦਿੱਤਾ ਗਿਆ ਏ ਕਿਉਂਕਿ ਕੇਂਦਰ ਸਰਕਾਰ ਨੇ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦੇਣ ਦੇ ਦੋ ਸਾਲ ਬਾਅਦ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਕਿਸਾਨਾਂ ਨੂੰ ਫਿਰ ਤੋਂ ਅੰਦੋਲਨ ਸ਼ੁਰੂ ਕਰਨਾ ਪਿਆ ਏ। ਕਿਸਾਨਾਂ ਦੇ ਇਸ ਅੰਦੋਲਨ ਦੌਰਾਨ ਜਿੱਥੇ […]

Punjab political parties and farmers!
X

Makhan ShahBy : Makhan Shah

  |  13 Feb 2024 11:57 AM IST

  • whatsapp
  • Telegram

ਚੰਡੀਗੜ੍ਹ, 13 ਫਰਵਰੀ (ਸ਼ਾਹ) : ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਵੱਲ ਕੂਚ ਕਰ ਦਿੱਤਾ ਗਿਆ ਏ ਕਿਉਂਕਿ ਕੇਂਦਰ ਸਰਕਾਰ ਨੇ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦੇਣ ਦੇ ਦੋ ਸਾਲ ਬਾਅਦ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਕਿਸਾਨਾਂ ਨੂੰ ਫਿਰ ਤੋਂ ਅੰਦੋਲਨ ਸ਼ੁਰੂ ਕਰਨਾ ਪਿਆ ਏ। ਕਿਸਾਨਾਂ ਦੇ ਇਸ ਅੰਦੋਲਨ ਦੌਰਾਨ ਜਿੱਥੇ ਪੰਜਾਬ ਦੀਆਂ ਤਿੰਨ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਐ, ਉਥੇ ਹੀ ਹਰਿਆਣੇ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ ਦੇ ਪੈਰਾਂ ’ਚ ਕੰਡੇ ਵਿਛਾਏ ਜਾ ਰਹੇ ਨੇ।

ਪੰਜਾਬ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਏ ਪਰ ਹਰਿਆਣੇ ਦੀ ਭਾਜਪਾ ਸਰਕਾਰ ਵੱਲੋਂ ਸ਼ੰਭੂ ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਲਈ ਜ਼ਬਰਦਸਤ ਪ੍ਰਬੰਧ ਕੀਤੇ ਗਏ ਨੇ, ਜਿਸ ਦੇ ਚਲਦਿਆਂ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਪੁੱਜੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ, ਜਿਸ ਤੋਂ ਬਾਅਦ ਸ਼ੰਭੂ ਬਾਰਡਰ ’ਤੇ ਇਕ ਵਾਰ ਭਗਦੜ ਦੀ ਸਥਿਤੀ ਪੈਦਾ ਹੋ ਗਈ। ਪਿਛਲੀ ਵਾਰ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਉਸ ਸਮੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ, ਜਿਸ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ, ਪੰਜਾਬ ਸਰਕਾਰ ਵੱਲੋਂ ਕਿਤੇ ਵੀ ਕਿਸਾਨਾਂ ਨੂੰ ਰੋਕਿਆ ਨਹੀਂ ਗਿਆ।

ਹੁਣ ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਅਜਿਹਾ ਹੀ ਕੀਤਾ ਜਾ ਰਿਹਾ ਏ, ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਐ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਿਸਾਨਾਂ ਦੀ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਈ ਗਈ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਦਾ ਇੱਥੇ ਹੀ ਹੱਲ ਹੋ ਸਕੇ ਅਤੇ ਕਿਸਾਨਾਂ ਨੂੰ ਅੰਦੋਲਨ ਕਰਨ ਦੀ ਜ਼ਰੂਰਤ ਨਾ ਪਵੇ ਪਰ ਹੁਣ ਤੱਕ ਕੇਂਦਰ ਦੀ ਕਿਸਾਨਾਂ ਨਾਲ ਦੋ ਵਾਰ ਮੀਟਿੰਗ ਹੋ ਚੁੱਕੀ ਐ, ਦੋਵੇਂ ਮੀਟਿੰਗਾਂ ਵਿਚ ਗੱਲਬਾਤ ਨਹੀਂ ਬਣ ਸਕੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਹੱਕ ਵਿਚ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਐ। ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ’ਤੇ ਕੇਂਦਰ ਸਰਕਾਰ ਨੂੰ ਵੀ ਜਮ ਕੇ ਲਾਹਣਤਾਂ ਪਾਈਆਂ ਅਤੇ ਆਖਿਆ ਕਿ ਕਿਸਾਨਾਂ ਨੂੰ ਰੋਕਣ ਲਈ ਜਿਸ ਤਰੀਕੇ ਦੀ ਤਿਆਰੀ ਹਰਿਆਣਾ ਦੇ ਬਾਰਡਰ ’ਤੇ ਕੀਤੀ ਗਈ ਗਈ ਐ, ਓਨੀ ਤਾਂ ਪਾਕਿਸਤਾਨ ਦੇ ਬਾਰਡਰ ’ਤੇ ਵੀ ਨਹੀਂ ਕੀਤੀ ਗਈ। ਉਨ੍ਹਾਂ ਵੱਲੋਂ ਕੇਂਦਰ ਨੂੰ ਅਪੀਲ ਕੀਤੀ ਗਈ ਐ ਕਿ ਉਹ ਹਿੰਦੋਸਤਾਨ ਪੰਜਾਬ ਦਾ ਬਾਰਡਰ ਨਾ ਬਣਾਏ ਬਲਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਚੰਗਾ ਹੋਵੇਗਾ।

ਉਧਰ ਪੰਜਾਬ ਕਾਂਗਰਸ ਵੱਲੋਂ ਵੀ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਏ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਸਾਨਾਂ ਦੀ ਹਮਾਇਤ ਵਿਚ ਕੇਂਦਰ ਸਰਕਾਰ ਦੀ ਕਾਰਵਾਈ ’ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਆਖਿਆ ਕਿ ਦੇਸ਼ ਦੇ ਅੰਨਦਾਤਾ ਨੂੰ ਰੋਕਣ ਲਈ ਹਰਿਆਣੇ ਦੇ ਬਾਰਡਰ ਨੂੰ ਇੰਝ ਬਣਾ ਦਿੱਤਾ ਏ ਕਿ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ, ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਰਸਤੇ ਵਿਚ ਲੰਬੀਆਂ ਲੰਬੀਆਂ ਕਿੱਲਾਂ ਵਿਛਾਈਆਂ ਜਾ ਰਹੀਆਂ ਨੇ।

ਇਸ ਦੇ ਨਾਲ ਕਾਂਗਰਸ ਦੀ ਲੀਗਲ ਟੀਮ ਦੇ ਮੁਖੀ ਵਿਪਨ ਘਈ ਵੱਲੋਂ ਐਲਾਨ ਕੀਤਾ ਗਿਆ ਏ ਕਿ ਉਹ ਕਿਸਾਨਾਂ ਦੇ ਨਾਲ ਨੇ ਅਤੇ ਕਿਸਾਨਾਂ ਨੂੰ ਮੁਫ਼ਤ ਵਿਚ 24 ਘੰਟੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਵੱਲੋਂ ਕਿਸਾਨਾਂ ਦੇ ਲਈ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ, ਜਿਸ ’ਤੇ ਕਾਲ ਕਰਨ ਮਗਰੋਂ ਪੀੜਤ ਕਿਸਾਨ ਨੂੰ ਤੁਰੰਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿਸਾਨਾਂ ਦੇ ਮੁੱਦਿਆਂ ਨੂੰ ਲਗਾਤਾਰ ਸੰਸਦ ਵਿਚ ਉਠਾਇਆ ਗਿਆ ਅਤੇ ਕੇਂਦਰ ਨੂੰ ਅਪੀਲਾਂ ਕੀਤੀਆਂ ਗਈਆਂ ਕਿ ਉਹ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਸੰਸਦ ਵਿਚ ਬੋਲਦਿਆਂ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਕਿਸਾਨੀ ਅੰਦੋਲਨ ਵਿਚ 800 ਕਿਸਾਨ ਸ਼ਹੀਦ ਹੋ ਗਏ ਪਰ ਕੇਂਦਰ ਸਰਕਾਰ ਨੇ ਕੀਤਾ ਹੋਇਆ ਵਾਅਦਾ ਦੋ ਸਾਲ ਮਗਰੋਂ ਵੀ ਪੂਰਾ ਨਹੀਂ ਕੀਤਾ। ਹੋਰ ਤਾਂ ਹੋਰ ਜਦੋਂ ਵੀ ਕਿਤੇ ਕਿਸਾਨਾਂ ਨੂੰ ਫ਼ਾਇਦਾ ਪੁੱਜਣਾ ਹੁੰਦਾ ਏ ਤਾਂ ਕੇਂਦਰ ਸਰਕਾਰ ਕੋਈ ਨਾ ਕੋਈ ਰੋੜਾ ਅਟਕਾ ਦਿੰਦੀ ਐ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀਆਂ ਖ਼ਬਰਾਂ ਵੀ ਆ ਰਹੀਆਂ ਸੀ ਪਰ ਦੋਵੇਂ ਪਾਰਟੀਆਂ ਵਿਚਾਲੇ ਇਹ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਸਿਰੇ ਤੋਂ ਨਾਕਾਰ ਕਰ ਦਿੱਤਾ, ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਭਾਜਪਾ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ, ਉਹ ਪਿਛਲੇ 15 ਦਿਨਾਂ ਤੋਂ ਪੰਜਾਬ ਵਿਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਵਿਚ ਘੁੰਮ ਰਹੇ ਨੇ। ਉਨ੍ਹਾਂ ਦਾ ਗਠਜੋੜ ਸਿਰਫ਼ ਬਸਪਾ ਦੇ ਨਾਲ ਐ।

ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਏ ਕਿ ਅਜਿਹੇ ਮੌਕੇ ਭਾਜਪਾ ਨਾਲ ਗਠਜੋੜ ਉਸ ਦੇ ਲਈ ਫਿਰ ਤੋਂ ਨੁਕਸਾਨਦਾਇਕ ਹੋ ਸਕਦਾ ਏ ਕਿਉਂਕਿ ਜਦੋਂ ਤੱਕ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਨਹੀਂ ਬਣਦੀ, ਉਦੋਂ ਤੱਕ ਅਕਾਲੀ ਭਾਜਪਾ ਵਿਚਾਲੇ ਕਿਸੇ ਵੀ ਹਾਲਤ ਵਿਚ ਗਠਜੋੜ ਨਹੀਂ ਹੋ ਸਕਦਾ। ਜੇਕਰ ਗਠਜੋੜ ਹੋਇਆ ਤਾਂ ਉਸ ਦਾ ਦੋਵੇਂ ਪਾਰਟੀਆਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਠਜੋੜ ਦੀ ਸ਼ਰਤ ਵਿਚ ਕੇਂਦਰ ਸਰਕਾਰ ਨੂੰ ਇਹ ਗੱਲ ਵੀ ਆਖੀ ਗਈ ਸੀ ਕਿ ਪਹਿਲਾਂ ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ, ਫਿਰ ਹੀ ਦੋਵੇਂ ਪਾਰਟੀਆਂ ਨੂੰ ਗਠਜੋੜ ਦਾ ਫ਼ਾਇਦਾ ਹੋ ਸਕਦਾ ਏ।

ਕੁੱਝ ਅਕਾਲੀ ਆਗੂਆਂ ਦਾ ਕਹਿਣਾ ਏ ਕਿ ਜਦੋਂ ਕਿਸਾਨਾਂ ਦਾ ਕੇਂਦਰ ਦੀ ਭਾਜਪਾ ਸਰਕਾਰ ਨਾਲ ਪੇਚਾ ਪਿਆ ਹੋਇਆ ਏ ਤਾਂ ਅਜਿਹੇ ਸਮੇਂ ਉਹ ਭਾਜਪਾ ਨਾਲ ਗਠਜੋੜ ਕਰਕੇ ਕਿਸਾਨਾਂ ਦੀ ਫਿਰ ਤੋਂ ਨਾਰਾਜ਼ਗੀ ਨਹੀਂ ਸਹੇੜਨਾ ਚਾਹੁੰਦੇ, ਉਨ੍ਹਾਂ ਦੇ ਲਈ ਕਿਸਾਨ ਪ੍ਰਮੁੱਖ ਨੇ। ਅਕਾਲੀ ਆਗੂਆਂ ਦਾ ਕਹਿਣਾ ਏ ਕਿ ਅਕਾਲੀ ਦਲ ਨੂੰ ਆਪਣੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣ ਦੀ ਲੋੜ ਨਹੀਂ ਕਿਉਂਕਿ ਜੋ ਕੁੱਝ ਅਕਾਲੀ ਦਲ ਨੇ ਕਿਸਾਨਾਂ ਲਈ ਕੀਤਾ ਏ, ਉਹ ਹਾਲੇ ਤੱਕ ਕੋਈ ਵੀ ਸਰਕਾਰ ਨਹੀਂ ਕਰ ਸਕੀ। ਖੇਤੀ ਕਾਨੂੰਨਾਂ ਨੂੰ ਲੈਕੇ ਵੀ ਅਕਾਲੀ ਦਲ ਨੇ ਜਿੱਥੇ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਸੀ, ਉਥੇ ਹੀ ਕੇਂਦਰ ਦੀ ਵਜ਼ੀਰੀ ਨੂੰ ਵੀ ਕਿਸਾਨਾਂ ਦੇ ਲਈ ਠੋਕਰ ਮਾਰ ਦਿੱਤੀ ਸੀ। ਅੱਜ ਵੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜ੍ਹਾ ਹੋਇਆ ਏ।

ਫਿਲਹਾਲ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਨੇ ਕਿਉਂਕਿ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਉਨ੍ਹਾਂ ਦਾ ਡਟ ਕੇ ਸਾਥ ਦੇ ਰਹੀਆਂ ਨੇ, ਲੋਕ ਸਭਾ ਚੋਣਾਂ ਦੌਰਾਨ ਕਿਸਾਨ ਕਿਸ ਪਾਰਟੀ ਦਾ ਸਾਥ ਦੇਣਗੇ,, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Next Story
ਤਾਜ਼ਾ ਖਬਰਾਂ
Share it