Begin typing your search above and press return to search.

ਜੋ ਮਰਜ਼ੀ ਕਹੋ, ਗਠਜੋੜ ਹੋ ਕੇ ਰਹੇਗਾ!

ਚੰਡੀਗੜ੍ਹ, 27 ਜਨਵਰੀ (ਸ਼ਾਹ) : ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਪੰਜਾਬ ਵਿਚ ਵੱਖਰਾ ਸਿਆਸੀ ਮਾਹੌਲ ਬਣਦਾ ਜਾ ਰਿਹਾ ਏ। ਜਿੱਥੇ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ, ਉਥੇ ਹੀ ਹੁਣ ਭਾਜਪਾ ਨੇ ਵੀ ਇਕੱਲੇ ਹੀ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕਰ ਦਿੱਤਾ ਏ, […]

punjab political parties alliance
X

Makhan ShahBy : Makhan Shah

  |  27 Jan 2024 7:54 AM IST

  • whatsapp
  • Telegram

ਚੰਡੀਗੜ੍ਹ, 27 ਜਨਵਰੀ (ਸ਼ਾਹ) : ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਪੰਜਾਬ ਵਿਚ ਵੱਖਰਾ ਸਿਆਸੀ ਮਾਹੌਲ ਬਣਦਾ ਜਾ ਰਿਹਾ ਏ। ਜਿੱਥੇ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ, ਉਥੇ ਹੀ ਹੁਣ ਭਾਜਪਾ ਨੇ ਵੀ ਇਕੱਲੇ ਹੀ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕਰ ਦਿੱਤਾ ਏ,

ਯਾਨੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਨਹੀਂ ਕਰੇਗੀ ਪਰ ਕੁੱਝ ਸਿਆਸੀ ਮਾਹਿਰਾਂ ਦਾ ਮੰਨਣਾ ਏ ਕਿ ਸਿਆਸੀ ਪਾਰਟੀਆਂ ਭਾਵੇਂ ਜੋ ਮਰਜ਼ੀ ਆਖੀ ਜਾਣ ਪਰ ਭਵਿੱਖ ਵਿਚ ਪਾਰਟੀਆਂ ਦੇ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕੁੱਝ ਵੀ ਹੋ ਸਕਦਾ ਏ। ਮੌਜੂਦਾ ਬਿਆਨਬਾਜ਼ੀਆਂ ਸਿਰਫ਼ ਹਵਾ ਦਾ ਰੁਖ਼ ਪਰਖਣ ਲਈ ਕੀਤੀਆਂ ਜਾ ਰਹੀਆਂ ਨੇ। ਦੇਖੋ ਇਹ ਰਿਪੋਰਟ।

2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚਲੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਐ। ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਮੌਕੇ ਮੁਤਾਬਕ ਬਿਆਨ ਜਾਰੀ ਕੀਤੇ ਜਾ ਰਹੇ ਨੇ, ਜਿੱਥੇ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਨਾ ਕਰਨ ਦਾ ਐਲਾਨ ਕੀਤਾ ਸੀ, ਉਥੇ ਹੀ ਹੁਣ ਭਾਜਪਾ ਨੇ ਵੀ ਸਾਫ਼ ਕਰ ਦਿੱਤਾ ਏ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ, ਬਲਕਿ ਇਕੱਲੇ ਹੀ ਲੋਕ ਸਭਾ ਚੋਣ ਲੜੇਗੀ।

ਹੁਣ ਜੇਕਰ ਆਪ ਅਤੇ ਕਾਂਗਰਸ ਦੇ ਗਠਜੋੜ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਪਾਰਟੀਆਂ ਦੇ ਕੁੱਝ ਵੱਡੇ ਆਗੂ ਇਕ ਦੂਜੇ ’ਤੇ ਇੰਝ ਦੂਸ਼ਣਬਾਜ਼ੀ ਕਰ ਰਹੇ ਨੇ ਕਿ ਜਿਵੇਂ ਉਹ ਇਕ ਦੂਜੇ ਦੇ ਬਹੁਤ ਕੱਟਣ ਦੁਸ਼ਮਣ ਹੋਣ, ਜਦਕਿ ਹਕੀਕਤ ਕੀ ਐ, ਉਹ ਜਨਤਾ ਨੂੰ ਸਾਫ਼ ਦਿਖਾਈ ਦੇ ਰਹੀ ਐ। ਜੇਕਰ ਕਾਂਗਰਸ ਨੂੰ ਆਪ ਅਤੇ ਆਪ ਨੂੰ ਕਾਂਗਰਸ, ਇੰਨੀ ਹੀ ਮਾੜੀ ਲਗਦੀ ਐ ਤਾਂ ਫਿਰ ਚੰਡੀਗੜ੍ਹ ਵਿਚ ਵੀ ਇਕੱਠੇ ਹੋਣ ਦੀ ਕੀ ਲੋੜ ਸੀ।

ਲੋਕਾਂ ਦਾ ਕਹਿਣਾ ਏ ਕਿ ਸਿਆਸੀ ਆਗੂ ਤਾਂ ਕੁਰਸੀ ਲਈ ‘ਗਧੇ ਨੂੰ ਬਾਪ’ ਬਣਾ ਲੈਂਦੇ ਨੇ, ਫਿਰ ਕਿਸੇ ਪਾਰਟੀ ਨਾਲ ਗਠਜੋੜ ਕਰਨਾ ਜਾਂ ਨਾ ਕਰਨਾ, ਇਨ੍ਹਾਂ ਲਈ ਕੀ ਵੱਡੀ ਗੱਲ ਐ। ਅਖ਼ੀਰ ਜਦੋਂ ਕਿਤੇ ਗਠਜੋੜ ਹੋ ਗਿਆ ਤਾਂ ਇਹੀ ਨੇਤਾ ਫਿਰ ਇਹ ਬਿਆਨ ਦਿੰਦੇ ਹੋਏ ਦਿਖਾਈ ਦੇਣਗੇ,,, ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਐ, ਇਸ ਦੇ ਲਈ ਅਸੀਂ ਕੁੱਝ ਵੀ ਕਰਨ ਲਈ ਤਿਆਰ ਹਾਂ। ਬਸ,,,, ਭੋਲੀ ਭਾਲੀ ਜਨਤਾ ਲਈ ਇਨ੍ਹਾਂ ਨੇਤਾਵਾਂ ਦਾ ਸਿਰਫ਼ ਇੰਨਾ ਬਿਆਨ ਹੀ ਕਾਫ਼ੀ ਐ।

ਹੁਣ ਜੇਕਰ ਅਕਾਲੀ-ਭਾਜਪਾ ਵਿਚਾਲੇ ਗਠਜੋੜ ਦੀਆਂ ਸੰਭਾਵਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਅੱਜ ਦੋਵੇਂ ਪਾਰਟੀਆਂ ਵੱਖੋ ਵੱਖ ਨੇ ਪਰ ਇਨ੍ਹਾਂ ਦੋਵੇਂ ਪਾਰਟੀਆਂ ਵਿਚਾਲੇ 25 ਸਾਲ ਦੇ ਲੰਬੇ ਸਮੇਂ ਤੱਕ ਗਠਜੋੜ ਰਿਹਾ ਏ ਅਤੇ ਜਦੋਂ ਤੱਕ ਇਨ੍ਹਾਂ ਵਿਚਾਲੇ ਗਠਜੋੜ ਰਿਹਾ, ਦੋਵੇਂ ਸੱਤਾ ਦਾ ਸੁੱਖ ਵੀ ਮਾਣਦੀਆਂ ਰਹੀਆਂ ਨੇ। ਕਿਸਾਨੀ ਅੰਦੋਲਨ ਸਮੇਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਆਪਣਾ 25 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ ਸੀ।

ਹੁਣ ਅਕਾਲੀ ਦਲ ਆਪਣੀ ਦੂਜੀ ਭਾਈਵਾਲ ਪਾਰਟੀ ਬਸਪਾ ਦੇ ਨਾਲ ਮਿਲ ਕੇ ਲੋਕ ਸਭਾ ਦੀਆਂ ਚੋਣਾਂ ਲੜੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਪਾਰਟੀਆਂ ਵੱਲੋਂ ਵੱਖੋ ਵੱਖ ਚੋਣ ਲੜੀ ਗਈ ਪਰ ਦੋਵੇਂ ਪਾਰਟੀਆਂ ਦੇ ਪੱਲੇ ਕੁੱਝ ਨਹੀਂ ਪੈ ਸਕਿਆ। ਭਾਜਪਾ ਨੇ 117 ਵਿਚੋਂ ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦਕਿ ਅਕਾਲੀ ਦਲ ਨੇ 3 ਸੀਟਾਂ ’ਤੇ,,,, ਪਰ ਇਸ ਦੌਰਾਨ ਕੁੱਝ ਸੀਟਾਂ ਅਜਿਹੀਆਂ ਦੇਖਣ ਨੂੰ ਮਿਲੀਆਂ ਸੀ, ਜਿੱਥੇ ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਲੜਦੀਆਂ ਤਾਂ ਖ਼ੈਰ ਪੱਲੇ ਪੈ ਸਕਦੀ ਸੀ।

ਉਂਝ ਦੋਵੇਂ ਪਾਰਟੀਆਂ ਵਿਚਾਲੇ ਕੋਈ ਜ਼ਿਆਦਾ ਵੈਰ ਵਿਰੋਧ ਨਹੀਂ, ਕਿ ਇਹ ਇਕੱਠੀਆਂ ਹੀ ਨਾ ਹੋ ਸਕਦੀਆਂ ਹੋਣ,,,, ਇਸ ਲਈ ਫਿਲਹਾਲ ਭਾਵੇਂ ਦੋਵੇਂ ਪਾਰਟੀਆਂ ਦੇ ਆਗੂ ਇਕ ਦੂਜੇ ਨਾਲ ਗਠਜੋੜ ਨਾ ਕਰਨ ਦੀ ਗੱਲ ਆਖ ਰਹੇ ਨੇ ਪਰ ਭਵਿੱਖ ਵਿਚ ਕਦੋਂ ਦੋਵੇਂ ਪਾਰਟੀਆਂ ਦੀ ਗਲਵੱਕੜੀ ਪੈ ਜਾਵੇ,,,, ਇਹ ਕੁੱਝ ਕਿਹਾ ਨਹੀਂ ਜਾ ਸਕਦਾ।

ਕਾਂਗਰਸ ਅਤੇ ਆਪ ਨੇ ਭਾਵੇਂ ਸੂਬੇ ਦੀਆਂ 13 ਸੀਟਾਂ ’ਤੇ ਇਕੱਲੇ ਇਕੱਲੇ ਚੋਣ ਲੜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ, ਇੱਥੋਂ ਤੱਕ ਕਿ ਸੀਐਮ ਭਗਵੰਤ ਮਾਨ ਨੇ ਵੀ ਆਖ ਦਿੱਤਾ ਏ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਇਕੱਲੇ ਹੀ ਚੋਣ ਲੜੇਗੀ ਪਰ ਅਜੇ ਵੀ ਖ਼ਬਰਾਂ ਇਹ ਮਿਲ ਰਹੀਆਂ ਨੇ ਕਿ ਦੋਵੇਂ ਪਾਰਟੀਆਂ ਵਿਚ ਅੰਦਰੂਨੀ ਤੌਰ ’ਤੇ ਗਠਜੋੜ ਦੀ ਸੰਭਾਵਨਾ ਨੂੰ ਲੈ ਕੇ ਹਾਲੇ ਵੀ ਮੀਟਿੰਗਾਂ ਚੱਲ ਰਹੀਆਂ ਨੇ। ਆਪ ਦੇ ਰਾਜਸਭਾ ਸਾਂਸਦ ਸੰਦੀਪ ਪਾਠਕ ਦਾ ਇਹ ਬਿਆਨ ਇਸ ਗੱਲ ਦੀ ਸ਼ਾਹਦੀ ਭਰਦਾ ਏ, ਜਿਸ ਵਿਚ ਉਨ੍ਹਾਂ ਕਿਹਾ ਏ ਕਿ ਕਾਂਗਰਸ ਦੇ ਨਾਲ ਗਠਜੋੜ ’ਤੇ ਆਖ਼ਰੀ ਫ਼ੈਸਲਾ ਪਾਰਟੀ ਹਾਈਕਮਾਨ ਲਵੇਗੀ।

ਸਭ ਤੋਂ ਖ਼ਾਸ ਗੱਲ ਇਹ ਐ ਕਿ ਪਾਠਕ ਦਾ ਇਹ ਬਿਆਨ ਸੀਐਮ ਮਾਨ ਦੇ ਉਸ ਬਿਆਨ ਤੋਂ ਬਾਅਦ ਆਇਆ ਏ, ਜਿਸ ਵਿਚ ਉਨ੍ਹਾਂ ਵੱਲੋਂ ਕਾਂਗਰਸ ਨਾਲ ਗਠਜੋੜ ਨਾ ਕਰਨ ਦੀ ਗੱਲ ਆਖੀ ਗਈ ਐ। ਇਸ ਲਈ ਸਿਆਸਤ ਵਿਚ ਬਿਆਨ ਮਾਇਨੇ ਨਹੀਂ ਰੱਖਦੇ,,, ਇੱਥੇ ਸਿਰਫ਼ ਮੌਕਾ ਜਾਂ ਸਿਆਸੀ ਹਵਾ ਦਾ ਰੁਖ਼ ਦੇਖਿਆ ਜਾਂਦੈ,,, ਰਾਜਨੇਤਾਵਾਂ ਨੂੰ ਜਿੱਥੇ ਫ਼ਾਇਦਾ ਹੁੰਦਾ ਦਿਖਾਈ ਦੇਵੇ, ਉਥੇ ਸਭ ਪਿਛਲੀਆਂ ਬਿਆਨਬਾਜ਼ੀਆਂ ਮਿੰਟਾਂ ’ਚ ਬਦਲ ਜਾਂਦੀਆਂ ਨੇ।

ਭਾਰਤੀ ਸਿਆਸਤ ਵਿਚ ਅਜਿਹਾ ਇਕ ਵਾਰ ਨਹੀਂ, ਪਤਾ ਨਹੀਂ ਕਿੰਨੀ ਵਾਰ ਹੋ ਚੁੱਕਿਆ ਏ। ਹੋਰ ਤਾਂ ਹੋਰ ਬਿਹਾਰ ਵਰਗੇ ਸੂਬਿਆਂ ਵਿਚ ਲੰਬੇ ਸਮੇਂ ਤੋਂ ਇਕ ਦੂਜੇ ਦੀਆਂ ਕੱਟੜ ਵਿਰੋਧੀ ਪਾਰਟੀਆਂ ਜੇਡੀਯੂ ਅਤੇ ਰਾਜਦ ਵਿਚਾਲੇ ਗਠਜੋੜ ਵੀ ਦੇਸ਼ ਦੀ ਜਨਤਾ ਦੇਖ ਚੁੱਕੀ ਐ, ਜਿਸ ਦੀ ਕਦੇ ਉਮੀਦ ਨਹੀਂ ਸੀ ਕੀਤੀ ਜਾਂਦੀ।

ਇੱਧਰ ਭਾਜਪਾ ਵੀ ਪੰਜਾਬ ਵਿਚ ਆਪਣੇ ਪੱਧਰ ’ਤੇ ਖ਼ੁਦ ਨੂੰ ਚੋਣਾਂ ਲਈ ਮਜ਼ਬੂਤ ਕਰਨ ਵਿਚ ਲੱਗੀ ਹੋਈ ਐ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਨੂੰ ਆਪੋ ਆਪਣੇ ਹਲਕਿਆਂ ਵਿਚ ਭਾਜਪਾ ਕਾਡਰ ਨੂੰ ਚੋਣਾਂ ਲਈ ਤਿਆਰ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਤੇ ਸੀਨੀਅਰ ਨੇਤਾਵਾਂ ਦੇ ਨਾਲ ਚੋਣ ਰਣਨੀਤੀ ’ਤੇ ਚਰਚਾ ਵੀ ਕੀਤੀ ਗਈ ਐ।

ਮੌਜੂਦਾ ਸਮੇਂ ਅਯੁੱਧਿਆ ਸਥਿਤ ਰਾਮ ਮੰਦਰ ਵਿਚ ਸ੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕਰਵਾਏ ਜਾਣ ਮਗਰੋਂ ਭਾਜਪਾ ਦੇ ਹੱਕ ਵਿਚ ਭਾਵੇਂ ਇਕ ਵੱਡੀ ਲਹਿਰ ਦੇਸ਼ ਵਿਚ ਦੇਖਣ ਨੂੰ ਜ਼ਰੂਰ ਮਿਲ ਰਹੀ ਐ ਪਰ ਪੰਜਾਬ ਵਿਚ ਹਿੰਦੂ ਵੋਟ ਸ਼ਹਿਰਾਂ ਵਿਚ ਹੀ ਜ਼ਿਆਦਾ ਏ, ਇਹ ਬੰਨ੍ਹਵੀਂ ਵੋਟ ਨਹੀਂ, ਬਲਕਿ ਵੱਖ ਵੱਖ ਹਲਕਿਆਂ ਵਿਚ ਖਿੰਡਰੀ ਪੁੰਡਰੀ ਹੋਈ ਐ, ਜਿਸ ਦਾ ਭਾਜਪਾ ਨੂੰ ਫ਼ਾਇਦਾ ਤਾਂ ਜ਼ਰੂਰ ਮਿਲੇਗਾ, ਇਹ ਫ਼ਾਇਦਾ ਉਸ ਨੂੰ ਜਿੱਤ ਨਹੀਂ ਦਿਵਾ ਸਕਦਾ।

ਪਿਛਲੇ ਦਿਨੀਂ ਸੁਖਬੀਰ ਬਾਦਲ ਵੱਲੋਂ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੀ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਪੀਐਮ ਮੋਦੀ ਦੇ ਕਰੀਬੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਰਗੇ ਨੇਤਾਵਾਂ ਵੱਲੋਂ ਜਿਸ ਤਰੀਕੇ ਨਾਲ ਪਾਜ਼ਿਟੀਵਿਟੀ ਦਿਖਾਈ ਗਈ, ਉਸ ਤੋਂ ਅਕਾਲੀ-ਭਾਜਪਾ ਵਿਚਾਲੇ ਗਠਜੋੜ ਦੀਆਂ ਸੰਭਾਵਨਾਵਾਂ ਕਾਫ਼ੀ ਵਧ ਗਈਆਂ ਸੀ,,, ਪਰ ਉਸ ਤੋਂ ਬਾਅਦ ਗੱਲ ਕਿੱਥੋਂ ਤੱਕ ਪੁੱਜੀ,,, ਇਸ ਬਾਰੇ ਅਜੇ ਕੋਈ ਗੱਲ ਸਾਹਮਣੇ ਨਹੀਂ ਆ ਸਕੀ।

ਉਂਝ ਜਿਸ ਤਰੀਕੇ ਨਾਲ ਭਾਜਪਾ ਨੇ ਪੰਜਾਬ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਏ,, ਉਸ ਤੋਂ ਇੰਝ ਜਾਪਦਾ ਏ ਕਿ ਖ਼ਾਸ ਮਾਹੌਲ ਤਿਆਰ ਕਰਕੇ ਕਿਸੇ ਸਮੇਂ ਵੀ ਦੋਵੇਂ ਪਾਰਟੀਆਂ ਵਿਚਾਲੇ ਫਿਰ ਤੋਂ ਜੱਫ਼ੀਆਂ ਪੈ ਸਕਦੀਆਂ ਨੇ।

ਇਸੇ ਦੌਰਾਨ ਕਿਸਾਨੀ ਅੰਦੋਲਨ ਵੀ ਭਾਜਪਾ ਦੇ ਗਲੇ ਦੀ ਹੱਡੀ ਬਣਨ ਜਾ ਰਿਹਾ ਏ, ਜਿਸ ਦੀ ਤਿਆਰੀ ਫਿਰ ਤੋਂ ਕਿਸਾਨਾਂ ਨੇ ਸ਼ੁਰੂ ਕਰ ਦਿੱਤੀ ਐ,,,, ਕਿਉਂਕਿ ਭਾਜਪਾ ਸਰਕਾਰ ਵੱਲੋਂ ਮੰਗਾਂ ਮੰਨਣ ਦੇ ਲਿਖਤੀ ਭਰੋਸੇ ਤੋਂ ਬਾਅਦ ਹੀ ਕਿਸਾਨੀ ਅੰਦੋਲਨ ਖ਼ਤਮ ਕੀਤਾ ਗਿਆ ਸੀ ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ,, ਯਾਨੀ ਕੇਂਦਰ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਹੋਈ ਦਿਖਾਈ ਦੇ ਰਹੀ ਐ,,, ਜਿਸ ਕਰਕੇ ਕਿਸਾਨਾਂ ਵੱਲੋਂ ਫਿਰ ਤੋਂ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਐ।

13 ਫਰਵਰੀ ਨੂੰ ਕਿਸਾਨਾਂ ਨੇ ਫਿਰ ਤੋਂ ਦਿੱਲੀ ਨੂੰ ਘੇਰਨ ਦਾ ਐਲਾਨ ਕੀਤਾ ਏ। ਇਕ ਕਹਾਵਤ ਐ ਕਿ ‘‘ਜਿੰਨੇ ਮੂੰਹ ਓਨੀਆਂ ਗੱਲਾਂ’’,, ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਕੁੱਝ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਕੇਂਦਰ ਦੀ ਭਾਜਪਾ ਸਰਕਾਰ ਖ਼ੁਦ ਕਿਸਾਨਾਂ ਦਾ ਵੱਡਾ ਇਕੱਠ ਕਰਨਾ ਚਾਹੁੰਦੀ ਐ ਅਤੇ ਫਿਰ ਉਨ੍ਹਾਂ ਦੀਆਂ ਮੰਗਾਂ ਮੰਨੇਗੀ,,,, ਪਰ ਇਸ ਵਾਰ ਕਿਸਾਨਾਂ ਨੂੰ ਲੰਬਾ ਇੰਤਜ਼ਾਰ ਸ਼ਾਇਦ ਨਾ ਕਰਨਾ ਪਵੇ ਕਿਉਂਕਿ ਭਾਜਪਾ ਕਦੇ ਵੀ ਪੰਜਾਬ ਵਿਚਲੀ ਹਵਾ ਨੂੰ ਅਜਿਹੇ ਸਮੇਂ ਆਪਣੇ ਵਿਰੋਧ ਵਿਚ ਨਹੀਂ ਕਰੇਗੀ,,, ਜਦੋਂ ਲੋਕ ਸਭਾ ਚੋਣਾਂ ਦਾ ਸਮਾਂ ਬਿਲਕੁਲ ਨੇੜੇ ਪਹੁੰਚ ਚੁੱਕਿਆ ਹੋਵੇ। ਭਾਜਪਾ ਅਜਿਹੇ ਸਮੇਂ ਕਿਸਾਨਾਂ ਨੂੰ ਨਰਾਜ਼ ਨਹੀਂ ਕਰ ਸਕਦੀ,,, ਹਾਂ,,, ਕਿਸੇ ਨਾ ਕਿਸੇ ਤਰੀਕੇ ਇਸ ਦਾ ਫ਼ਾਇਦਾ ਜ਼ਰੂਰ ਲੈ ਸਕਦੀ ਐ।

ਸੋ,,, ਇਕ ਗੱਲ ਤਾਂ ਸਾਫ਼ ਐ ਕਿ ਮੌਜੂਦਾ ਸਮੇਂ ਸਾਰੀਆਂ ਪਾਰਟੀਆਂ ਦੇ ਆਗੂ ਭਾਵੇਂ ਜੋ ਮਰਜ਼ੀ ਬਿਆਨ ਦੇਈ ਜਾਣ,,, ਪਰ ਭਵਿੱਖ ਵਿਚ ਅਜੇ ਵੀ ਕਾਂਗਰਸ ਅਤੇ ਆਪ ਵਿਚਾਲੇ ਅਤੇ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਠਜੋੜ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,,,, ਕਿਉਂਕਿ ਭਵਿੱਖ ਵਿਚ ਪੰਜਾਬ ਦੀ ਸਿਆਸਤ ਦਾ ਊਠ ਕਿਸ ਕਰਵਟ ਬੈਠੇਗਾ, ਇਹ ਮੌਜੂਦਾ ਬਿਆਨਬਾਜ਼ੀਆਂ ਤੋਂ ਤੈਅ ਨਹੀਂ ਹੋਵੇਗਾ ਬਲਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it