ਜਨਵਰੀ ਮਹੀਨੇ ਹੋਣਗੀਆਂ ਪੰਚਾਇਤੀ ਚੋਣਾਂ!
ਚੰਡੀਗੜ੍ਹ, 11 ਦਸੰਬਰ (ਸ਼ਾਹ) : ਪੰਜਾਬ ਵਿਚ ਚੋਣ ਕਮਿਸ਼ਨ ਦੀਆ ਸਰਗਰਮੀਆਂ ਨੂੰ ਦੇਖ ਕੇ ਲਗਦਾ ਏ ਕਿ ਪੰਚਾਇਤੀ ਚੋਣਾਂ ਅਗਲੇ ਮਹੀਨੇ ਯਾਨੀ ਜਨਵਰੀ ਵਿਚ ਹੋ ਸਕਦੀਆਂ ਨੇ ਕਿਉਂਕਿ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ 7 ਜਨਵਰੀ ਤੱਕ ਫਾਈਨਲ ਵੋਟਰ ਸੂਚੀ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਇਸ ਤੋਂ ਪਹਿਲਾਂ ਸੂਬੇ […]
By : Hamdard Tv Admin
ਚੰਡੀਗੜ੍ਹ, 11 ਦਸੰਬਰ (ਸ਼ਾਹ) : ਪੰਜਾਬ ਵਿਚ ਚੋਣ ਕਮਿਸ਼ਨ ਦੀਆ ਸਰਗਰਮੀਆਂ ਨੂੰ ਦੇਖ ਕੇ ਲਗਦਾ ਏ ਕਿ ਪੰਚਾਇਤੀ ਚੋਣਾਂ ਅਗਲੇ ਮਹੀਨੇ ਯਾਨੀ ਜਨਵਰੀ ਵਿਚ ਹੋ ਸਕਦੀਆਂ ਨੇ ਕਿਉਂਕਿ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ 7 ਜਨਵਰੀ ਤੱਕ ਫਾਈਨਲ ਵੋਟਰ ਸੂਚੀ ਤਿਆਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਇਸ ਤੋਂ ਪਹਿਲਾਂ ਸੂਬੇ ਵਿਚ ਗ੍ਰਾਮ ਪੰਚਾਇਤ ਚੋਣਾਂ ਕਰਵਾਉਣ ਲਈ ਵੋਟਰ ਸੂਚੀਆਂ 11 ਦਸੰਬਰ ਤੋਂ 18 ਦਸੰਬਰ ਤੱਕ ਬਣਾਉਣ ਲਈ ਕਿਹਾ ਗਿਆ ਸੀ।
ਪੰਜਾਬ ਚੋਣ ਕਮਿਸ਼ਨ ਵੱਲੋਂ ਡੀਸੀ ਦਫ਼ਤਰਾਂ ਨੂੰ ਭੇਜੇ ਗਏ ਨੋਟੀਫਿਕੇਸ਼ਨ ਮੁਤਾਬਕ ਫਾਈਨਲ ਵੋਟਰ ਸੂਚੀ 7 ਜਨਵਰੀ ਤੱਕ ਪ੍ਰਕਾਸ਼ਤ ਕੀਤੀ ਜਾਣੀ ਐ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਏ ਕਿ 7 ਜਨਵਰੀ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਕਦੇ ਵੀ ਚੋਣਾਂ ਦੀ ਤਾਰੀਕ ਦਾ ਐਲਾਨ ਕੀਤਾ ਜਾ ਸਕਦਾ ਏ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿਚ ਗ੍ਰਾਮ ਪੰਚਾਇਤ ਚੋਣਾਂ ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਵਿਚ ਸਰਕਾਰ ਨੇ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ। ਮਾਮਲਾ ਹਾਈਕੋਰਟ ਤੱਕ ਪਹੁੰਚ ਗਿਆ ਸੀ, ਜਿੱਥੇ ਸਰਕਾਰ ਨੂੰ ਇਸ ਮਾਮਲੇ ’ਤੇ ਯੂ ਟਰਨ ਲੈਣਾ ਪਿਆ ਸੀ।
ਦਰਅਸਲ ਸਰਕਾਰ ਨੇ 10 ਅਗਸਤ ਨੂੰ ਪੰਚਾਇਤਾਂ ਨੂੰ ਭੰਗ ਕਰਨ ਦਾ ਫ਼ੈਸਲਾ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29ਏ ਦੇ ਤਹਿਤ ਰਾਜਪਾਲ ਦੀ ਇਜਾਜ਼ਤ ਨਾਲ ਲਿਆ ਸੀ, ਜਦਕਿ ਉਨ੍ਹਾਂ ਦਾ ਕਾਰਜਕਾਲ ਜਨਵਰੀ 2024 ਤੱਕ ਸੀ। ਇਸ ਮਗਰੋਂ ਕੁੱਝ ਗ੍ਰਾਮ ਪੰਚਾਇਤਾਂ ਦੇ ਅਹੁਦੇਦਾਰਾ ਨੇ ਹਾਈਕੋਰਟ ਵਿਚ ਕੇਸ ਦਾਇਰ ਕਰ ਦਿੱਤਾ ਸੀ। ਸਰਪੰਚਾਂ ਵੱਲੋਂ ਤਰਕ ਦਿੱਤਾ ਗਿਆ ਸੀ ਕਿ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਚੁਣੇ ਗਏ ਨੁਮਾਇੰਦਿਆਂ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਹੀ ਗ਼ਲਤ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਭੰਗ ਕਰ ਦਿੱਤਾ ਗਿਆ ਏ, ਜਿਸ ਤੋਂ ਬਾਅਦ ਹਾਈਕੋਰਟ ਨੇ ਪੰਚਾਇਤਾਂ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਸੀ।
ਹੁਣ ਨਵੇਂ ਨੋਟੀਫਿਕੇਸ਼ਨ ਮੁਤਾਬਕ 20 ਦਸੰਬਰ ਤੱਕ ਵੋਟਰ ਸੂਚੀਆਂ ਦਾ ਡ੍ਰਾਫਟ ਨੋਟੀਫਿਕੇਸ਼ਨ ਵਿਚ ਕਲੇਮ ਅਤੇ ਆਬਜੈਕਟ 5 ਜਨਵਰੀ ਤੱਕ ਕਲੀਅਰ ਕੀਤੇ ਜਾਣ ਲਈ ਆਖਿਆ ਗਿਆ ਏ। ਸੱਤ ਜਨਵਰੀ ਨੂੰ ਫਾਈਨਲ ਵੋਟਰ ਸੂਚੀ ਪ੍ਰਕਾਸ਼ਤ ਹੋਵੇਗੀ, ਜਿਸ ਤੋਂ ਸਾਫ਼ ਐ ਕਿ ਜਨਵਰੀ ਮਹੀਨੇ ਵਿਚ ਹੀ ਪੰਜਾਬ ਅੰਦਰ ਗ੍ਰਾਮ ਪੰਚਾਇਤ ਚੋਣਾਂ ਕਰਵਾਈਆਂ ਜਾ ਸਕਦੀਆ ਨੇ।
ਦੱਸ ਦਈਏ ਕਿ ਪੰਜਾਬ ਵਿਚ ਪੰਚਾਇਤਾਂ ਦੀ ਕੁੱਲ ਗਿਣਤੀ 13268 ਐ, ਜਿਨ੍ਹਾਂ ਵਿਚ ਚੋਣਾਂ ਕਰਵਾਈਆਂ ਜਾਣੀਆਂ ਨੇ। ਪਿਛਲੀ ਵਾਰ ਜਨਵਰੀ 2019 ਵਿਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸਨ, ਇਸ ਕਰਕੇ ਸਰਪੰਚਾਂ ਅਤੇ ਪੰਚਾਂ ਦਾ ਕਾਰਜਕਾਲ ਜਨਵਰੀ 2024 ਵਿਚ ਖ਼ਤਮ ਹੋ ਰਿਹਾ ਏ। ਉਧਰ ਪੰਜਾਬ ਸਰਕਾਰ ਵੀ ਇਨ੍ਹਾਂ ਚੋਣਾਂ ਵਿਚ ਦੇਰੀ ਨਹੀਂ ਕਰਨਾ ਚਾਹੁੰਦੀ, ਜਿਸ ਕਰਕੇ ਜਨਵਰੀ ਮਹੀਨੇ ਵਿਚ ਇਹ ਚੋਣਾਂ ਹੋਣੀਆਂ ਲਗਭਗ ਤੈਅ ਮੰਨੀਆਂ ਜਾ ਰਹੀਆਂ ਨੇ। ਫਿਲਹਾਲ ਚੋਣ ਕਮਿਸ਼ਨ ਦੇ ਰਸਮੀ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਏ।