Begin typing your search above and press return to search.

ਕੇਜਰੀਵਾਲ ਦੀ ਗ੍ਰਿਫਤਾਰੀ ਦੇ ਰਾਜਨੀਤਕ ਪ੍ਰਭਾਵ

ਦਰਬਾਰਾ ਸਿੰਘ ਕਾਹਲੋਂ’ ਆਖਰ 21 ਮਾਰਚ, 2024 ਨੂੰ ਇਨਫੋਰਸਮੈਂਟ ਡਾਇਰੈਕਟਰੇਟ (ਈ.ਡੀ.) ਨੇ ਕਰੀਬ 600 ਕਰੋੜ ਦੇ ਕਥਿੱਤ ਸ਼ਰਾਬ ਘੋਟਾਲੇ ਵਿਚ ਦਿੱਲੀ ਦੇ ਤੀਸਰੀ ਵਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਾਜਧਾਨੀ ਸਥਿੱਤ ਸ਼ਾਹੀ ਸਰਕਾਰੀ ਨਿਵਾਸ ’ਤੇ ਦਬਸ਼ ਦਿੱਤੀ। ਘਰ ਖੰਘਾਲਿਆ। ਦੋ ਘੰਟੇ ਪੁੱਛਗਿੱਛ ਬਾਅਦ ਉਨ੍ਹਾਂ ਦਾ ਮੋਬਾਈਲ ਫੋਨ, ਇੰਟਰਨੈੱਟ ਡਾਟਾ, ਈ.ਡੀ. ਦੇ ਅਫਸਰਾਂ ਸਬੰਧੀ […]

ਕੇਜਰੀਵਾਲ ਦੀ ਗ੍ਰਿਫਤਾਰੀ ਦੇ ਰਾਜਨੀਤਕ ਪ੍ਰਭਾਵ
X

Editor (BS)By : Editor (BS)

  |  23 March 2024 1:51 PM IST

  • whatsapp
  • Telegram

ਦਰਬਾਰਾ ਸਿੰਘ ਕਾਹਲੋਂ’

ਆਖਰ 21 ਮਾਰਚ, 2024 ਨੂੰ ਇਨਫੋਰਸਮੈਂਟ ਡਾਇਰੈਕਟਰੇਟ (ਈ.ਡੀ.) ਨੇ ਕਰੀਬ 600 ਕਰੋੜ ਦੇ ਕਥਿੱਤ ਸ਼ਰਾਬ ਘੋਟਾਲੇ ਵਿਚ ਦਿੱਲੀ ਦੇ ਤੀਸਰੀ ਵਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਾਜਧਾਨੀ ਸਥਿੱਤ ਸ਼ਾਹੀ ਸਰਕਾਰੀ ਨਿਵਾਸ ’ਤੇ ਦਬਸ਼ ਦਿੱਤੀ। ਘਰ ਖੰਘਾਲਿਆ। ਦੋ ਘੰਟੇ ਪੁੱਛਗਿੱਛ ਬਾਅਦ ਉਨ੍ਹਾਂ ਦਾ ਮੋਬਾਈਲ ਫੋਨ, ਇੰਟਰਨੈੱਟ ਡਾਟਾ, ਈ.ਡੀ. ਦੇ ਅਫਸਰਾਂ ਸਬੰਧੀ 150 ਪੰਨਿਆਂ ਸਬੰਧੀ ਜਾਸੂਸੀ ਫਾਈਲ ਆਦਿ ਜ਼ਬਤ ਕਰਨ ਉਪਰੰਤ ਰਾਤ 9.14 ਵਜੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਈ .ਡੀ. ਦਫਤਰ ਲਿਜਾਇਆ ਗਿਆ। ਡਾਕਟਰੀ ਜਾਂਚ ਕਰਾਈ।

22 ਮਾਰਚ ਨੂੰ ਰਾਊਜ਼ ਐਵੇਨਿਯੂ ਕੋਰਟ, ਦਿੱਲੀ ਵਿਚ ਪੇਸ਼ ਕੀਤਾ ਗਿਆ। ਜਿੱਥੇ ਢਾਈ ਘੰਟੇ ਗਹਿਗੱਚ ਬਹਿਸ ਤੋਂ ਬਾਅਦ ਅਦਾਲਤ ਨੇ ਸੋਚ-ਵਿਚਾਰ ਲਈ ਕੁੱਝ ਸਮਾਂ ਫੈਸਲਾ ਸੁਰਖਿਅਤ ਰਖਣ ਬਾਅਦ ਨਿਰਣਾ ਦਿਤਾ। ਈ.ਡੀ. ਨੇ ਪੁੱਛਗਿਛ ਲਈ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ 28 ਮਾਰਚ ਤੱਕ 6 ਰੋਜਾ ਰਿਮਾਂਡ ਦੇ ਦਿਤਾ। ਪ੍ਰਸਿੱਧ ਕਾਂਗਰਸ ਪਾਰਟੀ ਸਬੰਧਿਤ ਵਕੀਲ ਅਭੀਸ਼ੇਕ ਮਨੂੰ ਸਿੰਘਵੀ ਅਤੇ ਦੋ ਹੋਰਨਾਂ ਦੀਆਂ ਦਲੀਲਾਂ ਕੰਮ ਨਾ ਆਈਆ।

ਈ.ਡੀ. ਨੇ ਦਸਤਾਵੇਜ਼ਾ ਅਧਾਰਿਤ ਅਦਾਲਤ ਨੂੰ ਦੱਸਿਆ ਕਿ ਕੇਜਰੀਵਾਲ ਕਰੀਬ 600 ਕਰੋੜੀ ਸ਼ਰਾਬ ਘੋਟਾਲੇ ਦੇ ਸਰਗਨਾ ਹਨ। ਉਹ ਸ਼ਰਾਬ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਦੀ ਸਾਜਿਸ਼ ਵਿਚ ਸ਼ਾਮਲ ਸਨ। ਉਨ੍ਹਾਂ ਨੂੰ ਲਾਭ ਪਹੁੰਚਾਉਣ ਦੇ ਇਵਜ਼ ਵਿਚ ਰਿਸ਼ਵਤ ਪ੍ਰਾਪਤ ਕੀਤੀ। ਉਹ ਨੀਤੀ ਘੜਨ ਦੀ ਪ੍ਰਕਿਰੀਆ ਵਿਚ ਸਿੱਧੇ ਤੌਰ ’ਤੇ ਸ਼ਾਮਲ ਸਨ ਜਿਸ ਨੇ ‘ਸਾਊਥ ਗਰੁੱਪ’ ਨੂੰ ਲਾਭ ਦੇਣ ਦੀ ਆਗਿਆ ਦਿਤੀ।

ਇਸ ਵਿਚ ਜੇਲ੍ਹ ਅੰਦਰ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਅਤੇ ਸਾਬਕਾ ਮੁੱਖ ਤੇਂਲਗਾਨਾ ਕੇ. ਚੰਦਰਸ਼ੇਖਰ ਰਾਉ ਦੀ ਪੁੱਤਰੀ ਐਮ.ਐਲ.ਸੀ.ਕੇ. ਕਵਿਤਾ ਵੀ ਸ਼ਾਮਿਲ ਸਨ। ਮੁੱਖ ਵਿਚੋਲਿਆ ਕੇਜਰੀਵਾਲ ਦੇ ਅਤਿ ਭਰੋਸੇਯੋਗ ਵਿਅਕਤੀ ਵਿਜੈ ਨਾਇਰ ਸਨ। ਇਸ ਘੋਟਾਲੇ ਵਿਚੋਂ ਪੰਜਾਬ ਅਤੇ ਗੋਆ ਆਦਿ ਵਿਖੇ ਅਸੈਂਬਲੀ ਚੋਣਾਂ ਲੜਨ ਲਈ ਕਰੀਬ 100 ਕਰੋੜ ਦਾ ਕਿੱਕਬੈਕ ਧਨ ਪ੍ਰਾਪਤ ਹੋਇਆ।

ਇਹ ਘੋਟਾਲੇ ਅਤਿ ਸ਼ਾਤਰਾਨਾ ਅਤੇ ਸਬੂਤ ਨਸ਼ਟ ਕੀਤੇ ਜਾਣ ਵਾਲੇ ਜਾਦੂਈ ਢੰਗ ਨਾਲ ਕੀਤਾ ਗਿਆ। ਇਸ ਵਿਚ ਕਰੀਬ 140 ਮੋਬਾਈਲ ਫੋਨਾਂ ਦਾ ਇਸਤੇਮਾਲ ਕੀਤਾ ਗਿਆ। ਜਿਨ੍ਹਾਂ ਦੀ ਵਰਤੋਂ ਕਰੀਬ 34 ਵੀ.ਆਈ.ਪੀ. ਲੋਕਾਂ ਨੇ ਕੀਤੀ। ਇਕੱਲੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਨੇ 18 ਮੋਬਾਈਲ ਫੋਨਾਂ ਦੀ ਵਰਤੋਂ ਕੀਤੀ। ਇੱਕ ਸਮਾਂ ਤਾਂ ਉਨ੍ਹਾਂ ਇੱਕੋ ਦਿਨ ਵਿਚ ਤਿੰਨ ਮੋਬਾਈਲ ਫੋਨ ਬਦਲੇ।

ਲੁੱਕਣ ਮੀਟੀ:

ਈ.ਡੀ. ਨਾਲ ਇਸ ਘੋਟਾਲੇ ਸਬੰਧੀ ਕੱਟੜ ਇਮਾਨਦਾਰ ਪਾਰਟੀ ਦੇ ਕੱਟੜ ਇਮਾਨਦਾਰ ਸੁਪਰੀਮੋ ਕੇਜਰੀਵਾਲ ਦੀ ਲੁੱਕਣ-ਮੀਟੀ ਉਦੋਂ ਸ਼ੁਰੂ ਹੋਈ ਜਦੋਂ 2 ਨਵੰਬਰ, 2023 ਨੂੰ ਉਨ੍ਹਾਂ ਨੂੰ ਇਸ ਸੰਸਥਾ ਨੇ ਪੁੱਛਗਿਛ ਲਈ ਪਹਿਲਾ ਸੰਮਨ ਜਾਰੀ ਕੀਤਾ। ਉਨ੍ਹਾਂ ਦੀ ਗ੍ਰਿਫਤਾਰੀ ਆਖਰ ਨੌਵੇਂ ਸੰਮਨ ਬਾਅਦ ਹੋਈ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਬਚਾਅ ਲਈ ਅਦਾਲਤਾਂ ਅਤੇ ਕਾਨੂੰਨਾਂ ਦੀ ਵਰਤੋਂ ਕਰਨ ਦੀ ਪੂਰੀ ਖੁੱਲ੍ਹ ਦਿਤੀ ਗਈ।

ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਜੇ ਉਹ ਪਾਕਿ-ਸਾਫ ਸਨ ਤਾਂ ਈ.ਡੀ. ਸੰਮਨਾਂ ਤੋਂ ਲੁੱਕਦੇ ਕਿਉਂ ਰਹੇ? ਈ.ਡੀ. ਦੇ ਸੰਮਨਾਂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ਼੍ਰੀਮਤੀ ਸੋਨੀਆ ਗਾਂਧੀ ਬੀਮਾਰ ਹੋਣ ਦੇ ਬਾਵਜੂਦ, ਰਾਹੁਲ ਗਾਂਧੀ, ਸਾਬਕਾ ਕਾਨੂੰਨ ਅਤੇ ਵਿੱਤ ਮੰਤਰੀ ਪੀ. ਚਿਦੰਬਰਮ ਅਤੇ ਉਸਦਾ ਪੁੱਤਰ, ਪੰਜਾਬ ਦਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਆਮ ਆਦਮੀ ਪਾਰਟੀ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਅਤੇ ਸਤੇਂਦਰ ਜੈਨ ਆਦਿ ਪੇਸ਼ ਹੁੰਦੇ ਰਹੇ। ਪਰ ਉਹ ਲਗਾਤਾਰ ‘ਸ਼ੇਰ ਆਇਆ, ਸ਼ੇਰ ਆਇਆ’ ਡਰ, ਸੰਮਨਾ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤਕ ਬਦਲਾਖੋਰੀ ਦੀ ਦੁਹਾਈ ਦਿੰਦੇ ਬਚਣ ਦਾ ਯਤਨ ਕਰਦੇ ਰਹੇ।

ਪਹਿਲੇ ਸੀ.ਐੱਮ. ਗ੍ਰਿਫਤਾਰ :

ਈ.ਡੀ. ਜਾਂ ਸੀ.ਬੀ.ਆਈ. ਵੱਲੋਂ ਕਥਿੱਤ ਘੋਟਾਲਿਆਂ ਦੇ ਸ਼ਿਕਾਰ ਰਹੇ ਮੁੱਖ ਮੰਤਰੀ, ਇਨ੍ਹਾਂ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਆਪਣੇ ਪਦ ਤੋਂ ਅਸਤੀਫਾ ਦੇ ਦਿੰਦੇ ਰਹੇ ਹਨ ਤਾਂ ਕਿ ਇਸ ਦਾ ਮਾਣ-ਸਨਮਾਨ ਕਾਇਮ ਰਹੇ। ਪਰ ਕੇਜਰੀਵਾਲ ਕਿਸੇ ਹੋਰ ਹੀ ਢੀਠ ਮਿੱਟੀ ਦੇ ਵਿਅਕਤੀ ਹਨ। ਮਰਹੂਮ ਮੁੱਖ ਮੰਤਰੀ ਕੁਮਾਰੀ ਜੈਲਲਿਤਾ (ਤਾਮਿਲਨਾਡੂ), ਲਾਲੂ ਪ੍ਰਸ਼ਾਦ ਯਾਦਵ (ਬਿਹਾਰ) ਓਮ ਪ੍ਰਕਾਸ਼ ਚੌਟਾਲਾ (ਹਰਿਆਣਾ) ਹੇਮੰਤ ਸੋਰੇਨ (ਝਾਰਖੰਡ) ਆਦਿ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਅਸਤੀਫੇ ਦਾਗ ਦਿਤੇ ਸਨ।ਪਰ ਕੇਜਰੀਵਾਲ ਜਿਨ੍ਹੇ ਕਦੇ ਕੋਈ ਮਹਿਕਮਾ ਆਪਨੇ ਕੋਲ ਨਹੀਂ ਰਖਿਆ, ਨੇ ਅਸਤੀਫਾ ਨਹੀਂ ਦਿਤਾ। ਇੰਝ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਉਹ ਪਹਿਲੇ ਐਸੇ ਮੁੱਖ ਮੰਤਰੀ ਦਰਜ ਹੋ ਗਏ ਹਨ ਜਿਨ੍ਹਾਂ ਆਪਣੀ ਗ੍ਰਿਫਤਾਰੀ ਦੇ ਬਾਵਜੂਦ ਅਸਤੀਫਾ ਨਹੀਂ ਦਿਤਾ।

ਧਾਰਾ 163-164 ਦਾ ਉਲੰਘਣ:

ਇਸੇ ਦੌਰਾਨ ਦਿੱਲੀ ਹਾਈਕੋਰਟ ਵਿਚ ਦਿੱਲੀ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ, ਸਿੱਖਿਆ ਮੰਤਰੀ ਬੀਬੀ ਆਤਿਸ਼ੀ ਦੇ ਬਿਆਨਾਂ ਮੱਦੇਨਜ਼ਰ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪਦ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਜ਼ੇਲ੍ਹ ਵਿਚੋਂ ਸਰਕਾਰ ਚਲਾਉਣਗੇ, ਦੇ ਸੰਦਰਭ ਵਿਚ ਰਿੱਟ ਪਟੀਸ਼ਨ ਦਾਇਰ ਕਰਕੇ ਤਰਕ ਦਿਤੀ ਗਈ ਹੈ ਕਿ ਇਵੇਂ ਕਾਨੂੰਨੀ ਉਚਿੱਤ ਪ੍ਰਕ੍ਰਿਆ ਅਤੇ ਨਿਆਂ ਵਿਵਸਥਾ ’ਤੇ ਬੁਰਾ ਅਸਰ ਪਵੇਗਾ। ਸੰਵਿਧਾਨਿਕ ਉਲੰਘਣਾਵਾਂ ਹੋਣਗੀਆਂ। ਧਾਰਾ 163-164 ਦੀ ਉਲੰਘਣਾ ਹੋਵੇਗੀ। ਸੰਵਿਧਾਨ ਦੀ ਤੀਸਰੀ ਸੂਚੀ ਤਹਿਤ ਸਰਕਾਰੀ ਭੇਦ ਗੁੱਪਤ ਰਖਣ ਦੀ ਸਹੁੰ ਦਾ ਉਲੰਘਣ ਹੋਵੇਗਾ। ਜ਼ੇਲ੍ਹ ਨਿਯਮਾਂ ਅਨੁਸਾਰ ਜ਼ੇਲ੍ਹ ਅਧਿਕਾਰੀ ਹਰ ਤਰ੍ਹਾਂ ਦੇ ਦਸਤਾਵੇਜ਼ ਸਕੈਨ ਕਰਦੇ ਹਨ।

ਭਾਰਤ ਰਾਸ਼ਟਰ ਸੰਮਤੀ ਆਗੂ ਕੇ ਕਵਿਤਾ ਨੇ ਆਪਣੀ ਗ੍ਰਿਫਤਾਰੀ ਸਬੰਧੀ ਜ਼ਮਾਨਤ ਲੈਣ ਲਈ ਸੁਪਰੀਮ ਕੋਰਟ ਬੈਂਚ ਵਲੋਂ ਫਰਾਇਲ ਕੋਰਟ ਪਾਸ ਜਾਣ ਦੇ ਨਿਰਦੇਸ਼ ਵੇਖਦਿਆਂ ਕੇਜਰੀਵਾਲ ਸੁਪਰੀਮ ਕੋਰਟ ਵਿਚ ਆਪਣੀ ਗ੍ਰਿਫਤਾਰੀ ਸਬੰਧੀ ਪਟੀਸ਼ਨ ਵਾਪਸ ਲੈ ਲਈ ਹੈ।

ਜਲਵਾ ਗਾਇਬ:

ਡਾ. ਸੈਮੂਅਲ ਜਾਹਨ ਅਨੁਸਾਰ ‘ਦੇਸ਼ ਭਗਤੀ ਬਦਮਾਸ਼ ਲੋਕਾਂ ਲਈ ਆਖਰੀ ਪਨਾਹਗਾਹ ਹੁੰਦੀ ਹੈ’ ਜਦ ਕਿ ਜਾਰਜ ਬਰਨਾਰਡ ਸ਼ਾਅ ਅਨੁਸਾਰ ਰਾਜਨੀਤੀ ਬਦਮਾਸ਼ ਲੋਕਾਂ ਲਈ ਆਖਰੀ ਪਨਾਹਗਾਹ ਹੁੰਦੀ ਹੈ। ਹਿਟਲਰ, ਮੁਸੋਲਿਨੀ, ਨਿਕਸਨ, ਬਿੱਲ ਕਲਿੰਟਨ, ਬੋਰਿਸ ਜਾਹਨਸਨ, ਰੈਸਿਪ ਆਰਡੋਗਨ, ਜ਼ੁਲਫਕਾਰ ਅਲੀ ਭੂਟੋ, ਡੋਨਾਲਡ ਟਰੰਪ, ਨਵਾਜ਼ ਸਰੀਫ, ਵਲਾਦੀਮੀਰ ਪੂਤਿਨ ਵਰਗੇ ਤੇਜ਼ ਤਰਾਰ ਵਿਵਾਦਤ ਅਨੇਕ ਲੋਕ ਰਾਜਨੀਤੀ ਦੇ ਸਿਖਰ ’ਤੇ ਪਹੁੰਚ ਕੇ ਕਿਵੇਂ ਬਦਨਾਮੀ ਦਾ ਸ਼ਿਕਾਰ ਹੁੰਦੇ ਹਨ, ਜੱਗ-ਜ਼ਾਹਿਰ ਹੈ। ਅਰਵਿੰਦ ਕੇਜਰੀਵਾਲ ਖੜਗਪੁਰ ਆਈ.ਆਈ.ਟੀ. ਤੋਂ ਪੜ੍ਹਿਆ ਰੈਵੇਨਿਯੂ ਅਫਸਰ ਰਿਹਾ (ਕਦੇ ਕਮਿਸ਼ਨਰ ਨਹੀਂ ਰਿਹਾ) ਨੇ ਝੁੱਗੀ-ਝੌਂਪੜੀਆਂ ਵਿਚ ਰਹਿ ਕੇ, ਉਨ੍ਹਾਂ ਲੋਕਾਂ ਦੇ ਜੀਵਨ ਦਾ ਅਧਿਆਨ ਕਰਦੇ ਸੰਨ 2006 ਵਿਚ ਰਾਮੋਨ ਮੈਗਾ ਸੇਸੇ ਐਵਾਰਡ ਪ੍ਰਾਪਤ ਕੀਤਾ। ਅੰਨਾ ਹਜ਼ਾਰੇ ਦੇ ਲੋਕਪਾਲ ਅੰਦੋਲਨ ਸੰਨ 2011 ਵਿਚੋਂ ਵੱਖ ਹੋ ਕੇ 26 ਨਵੰਬਰ, 2012 ਨੂੰ ਆਮ ਆਦਮੀ ਪਾਰਟੀ ਦਾ ਗਠਨ ਕਰਕੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਇਸ ਨੂੰ ਆਪਣੇ ‘ਸਵਰਾਜ’ ਫਲਸਫੇ ਅਨੁਸਾਰ ਚਲਾਉਣ ਦਾ ਪ੍ਰਚਾਰ ਕੀਤਾ। ਪਰ ਇਸ ਅੰਦਰ ਬੈਠੇ ਏਕਾਧਿਕਾਰਵਾਦੀ ਤਾਨਾਸ਼ਾਹ ਨੇ ਪੈਂਦਿਆਂ ਇਸ ਦੇ ਰਾਹ ਵਿਚ ਆਉਂਦੇ ਫਾਊਂਡਰ ਮੈਂਬਰ ਝਟਕਾ ਸੁੱਟੇ ਜਿਵੇਂ ਪ੍ਰਸ਼ਾਤ ਭੂਸ਼ਨ, ਯੋਗੇਂਦਰ ਯਾਦਵ, ਅਨੰਦ ਕੁਮਾਰ, ਅਜੀਤ ਝਾਅ, ਕੁਮਾਰ ਵਿਸ਼ਵਾਸ਼, ਅੰਜਲੀ ਦਾਮਨੀਆ, ਮਅੰਕ ਗਾਂਧੀ ਆਦਿ। ਬੱਚਿਆਂ ਦੀ ਸਹੁੰ ਖਾ ਕੇ ਕਾਂਗਰਸ ਨਾਲ ਮਿਲ ਕੇ ਨਾ ਸਰਕਾਰ ਬਣਾਉਣ ਨੂੰ 28 ਦਸੰਬਰ, 2013 ਨੂੰ 14 ਫਰਵਰੀ, 2014 ਤੱਕ ਚਲਣ ਵਾਲੀ 49 ਰੋਜ਼ਾ ਸਰਕਾਰ ਦੇ ਗਠਨ ਖਾਤਰ ਤੋੜ ਦਿਤਾ। ‘ਸਵਰਾਜ’ ਫਲਸਫਾ ਦਫਨ ਕਰਕੇ ਲੋਕ ਲੁਭਾਊ ਨਾਅਰਿਆਂ ਬਲਬੂਤੇ ਦਿੱਲੀ ਵਿਧਾਨ ਸਭਾ ਚੋਣਾਂ ਸੰਨ 2015 ਵਿਚ 70 ਵਿਚੋਂ 67, ਸੰਨ 2020 ਚੋਣਾਂ ਵਿਚ 70 ਵਿਚੋਂ 62ਸੀਟਾਂ ’ਤੇ ਜਿੱਤ ਹਾਸਿਲ ਕਰਕੇ ਸਰਕਾਰਾਂ ਗਠਤ ਕੀਤੀਆਂ। ਪੰਜਾਬ ਵਿਚ ਸੰਨ 2017 ਵਿਚ 20 ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 117 ਵਿਚੋਂ 92 ਸੀਟਾਂ ਜਿੱਤ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਗਠਤ ਕੀਤੀ। ਦੋਵੇਂ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਚਲਾਉਣ ਦੀ ਲੱਲਕ, ਆਮ ਆਦਮੀ ਤੋਂ ਖਾਸ ਆਦਮੀ ਅਤੇ ਏਕਾਧਿਕਾਰਵਾਦੀ ਆਗੂ ਉਭਰਨ, ਵੱਡੀਆਂ ਗੱਡੀਆਂ, ਹੈਲੀਕਾਪਟਰਾਂ, ਪੰਜਤਾਰਾ ਹੋਟਲਾਂ ਵਿਚ ਠਹਿਰ, ਦਿੱਲੀ ਵਿਚ ਸਰਕਾਰੀ ਮਹੱਲ ਉਸਾਰ ਕੇ ਰਹਿਣ, ਕਿਸੇ ਪਾਰਟੀ ਆਗੂ ਜਾਂ ਮੰਤਰੀ ਨੂੰ ਨਾ ਬੋਲਣ ਦੇਣ, ਪੰਜਾਬ ਵਿਚ ਭਗਵੰਤ ਮਾਨ ਵੱਲੋਂ ਉਸ ਵਾਂਗ ਏਕਾਧਿਕਾਰ ਸਥਾਪਿਤ ਕਰਨ, ਮੀਡੀਆ ਨੂੰ ਖਰੀਦਣ, ਸਰਕਾਰਾਂ ਵਿਗਿਆਪਨਾਂ ਰਾਹੀਂ ਚਲਾਉਣ, ਪੰਜਾਬ ਅੰਦਰ ਏਕਾਧਿਕਾਰ ਕਰਕੇ ਦੋ ਸਾਲ ਵਿਚ 60 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਨਾਲ ਆਰਥਿਕ ਦੀਵਾਲੀਪਣ ਵਲੋਂ ਧਕੇਲਣ ਨਾਲ ਸ਼ਵੀ ਇੰਨੀ ਖਰਾਬ ਹੋਈ ਕਿ ਅਸੈਂਬਲੀ ਚੋਣਾਂ ਵਿਚ ਨੋਟਾਂ ਨਾਲੋਂ ਵੀ ਸ਼ਰਮਨਾਕ ਘੱਟ ਵੋਟਾਂ ਮਿਲੀਆਂ।

ਦਿੱਲੀ ਤੇ ਪੰਜਾਬ ’ਤੇ ਦੋਹਰੀ ਹਕੂਮਤ ਕਰਨ ਵਾਲੇ ਆਗੂ, ਅਖੇ ‘ਕੇਜਰੀਵਾਲ ਕੇਜਰੀਵਾਲ-ਸਾਰਾ ਪੰਜਾਬ ਤੇਰੇ ਨਾਲ’ ਜਦੋਂ ਈ.ਡੀ. ਨੇ ਗ੍ਰਿਫਤਾਰ ਕੀਤਾ ਤਾਂ ਕਿਧਰੇ ਐਸੇ ਮਹਿਬੂਬ ਆਗੂ ਲਈ ਨਾ ਦਿੱਲੀ, ਨਾ ਪੰਜਾਬ ਜਾਮ ਨਜ਼ਰ ਆਇਆ। ਭਗਵੰਤ ਮਾਨ ਤਾਂ ਗੀਤ-ਟੱਪੇ ਗਾਉਂਦੇ ਵਿਖਾਈ ਦਿਤੇ ਜਦੋਂ ਪੰਜਾਬ ਵਿਚ ਜ਼ਹਿਰਲੀ ਸ਼ਰਾਬ ਨਾਲ ਮੌਤਾਂ ਦੇ ਸੱਥਰ ਵਿੱਛ ਰਹੇ ਸਨ ਅਤੇ ਸੁਪਰੀਮੋ ਦੀ ਗ੍ਰਿਫਤਾਰੀ ਲਈ ਈ.ਡੀ. ਤਿਆਰੀ ਕਰ ਰਹੀ ਸੀ। ਹੈਰਾਨਗੀ ਇਹ ਹੈ ਕਿ ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਭਾਨੇ ਸਿੱਧੂ ਜਿੰਨਾ ਇਕੱਠ ਨਜ਼ਰ ਨਾ ਆਇਆ।

ਬੇਗਾਨੀ ਸ਼ਾਦੀ ’ਚ ਅਬਦੁੱਲਾ ਦੀਵਾਨਾ:

ਜਿਸ ਕਾਂਗਰਸ ਦੇ ਸਾਬਕਾ ਭ੍ਰਿਸ਼ਟ ਆਗੂਆਂ ਨੂੰ ਪੰਜਾਬ ਅਤੇ ਦਿੱਲੀ ਆਮ ਆਦਮੀ ਪਾਰਟੀ ਸਰਕਾਰਾਂ ਧੱਕ-ਧੱਕ ਜੇਲ੍ਹੀਂ ਸੁੱਟਿਆ, ਭੱਦੀ ਸ਼ਬਦਾਵਲੀਂ ਅਸੈਂਬਲੀਆਂ ਵਿਚ ਅਤੇ ਬਾਹਰ ਵਰਤੀਂ ਉਨ੍ਹਾਂ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵੱਧ ਹੇਜ਼ ਜਾਗਿਆ ਪਿਆ ਹੈ। ਪੰਜਾਬ ਇਸ ਵਰਤਾਰੇ ਤੋਂ ਹੈਰਾਨ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਏਕਾਧਿਕਾਰ ਅਤੇ ਤਾਨਾਸ਼ਾਹ ਪ੍ਰਵਿਰਤੀ ਵਾਲੀਆਂ ਇਕੋ ਜਿਹੀਆਂ ਪਾਰਟੀਆਂ ਹਨ ਇਸ ਲਈ ਵੱਡੇ ਮਗਰਮੱਛ ਨੇ ਇਸ ਨੂੰ ਤਾਕਤ ਫੜਨ ਤੋਂ ਪਹਿਲਾਂ ਹੀ ਚੱਬਣ ਦਾ ਤਹਈਆ ਕਰ ਰਖਿਆ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਸਭ ਤੋਂ ਸਟੀਕ ਪ੍ਰਤੀਕ੍ਰਿਆ ਦਿੰਦੇ ਇਸ ਦੇ ਰਾਜਨੀਤਕ ਗੁਰੂ ਅੰਨਾ ਹਜ਼ਾਰੇ ਨੇ ਬੇਬਾਕ ਕਿਹਾ ਕਿ ਉਸ ਨੂੰ ਉਸਦੇ ਕਰਮਾਂ ਕਰਕੇ ਈ.ਡੀ. ਨੇ ਗ੍ਰਿਫਤਾਰ ਕੀਤਾ। ਮੈਂ ਦੁੱਖੀ ਹਾਂ ਕਿ ਜਿਸਨੇ ਮੇਰੇ ਨਾਲ ਮਿਲ ਕੇ ਕੰਮ ਕੀਤਾ ,ਸ਼ਰਾਬ ਵਿਰੁੱਧ ਅਵਾਜ਼ ਬੁਲੰਦ ਕੀਤੀ। ਉਹੀ ਹੁਣ ਸ਼ਰਾਬ ਨੀਤੀਆਂ ਬਣਾ ਰਿਹਾ ਸੀ।

ਵਿਰੋਧੀ ਏਕਤਾ:

ਲੋਕ ਸਭਾ ਚੋਣਾਂ ਦੇ ਦੰਗਲ ਦੌਰਾਨ ਕੇਜਰੀਵਾਲ ਦੀ ਗ੍ਰਿਫਤਾਰੀ ਨਿਸ਼ਚਤ ਤੌਰ ’ਤੇ ਇੰਡੀਆ ਗਠਜੋੜ ਨੂੰ ਇਕਜੁੱਟ ਹੋਣ, ਹਮਦਰਦੀ ਦੀ ਵੋਟ ਬਟੋਰਨ, ਸਟਰੀਟ ਫਾਇਟ ਮਜ਼ਬੂਤ ਕਰਨ ਵਿਚ ਸਹਾਈ ਹੋਵੇਗੀ। ਭਾਜਪਾ ਅਤੇ ਐਨ.ਡੀ.ਏ. ਇਸ ਪ੍ਰਭਾਵ ਨੂੰ ਕਿਵੇਂ ਟੱਕਰ ਦਿੰਦੀ ਹੈ ਇਹ ਅਗਲੇ ਦਿਨਾਂ ਵਿਚ ਸਪੱਸ਼ਟ ਹੋ ਜਾਏਗਾ। ਭਾਜਪਾ ਦਿੱਲੀ ਅਤੇ ਪੰਜਾਬ ਵਿਚ ਜ਼ਰੂਰ ਜੋੜ-ਤੋੜ ਦਾ ਯਤਨ ਕਰੇਗੀ।

ਭਗਵੰਤ ਮਾਨ ’ਤੇ ਭਾਰੂ:

ਰਾਜਨੀਤਕ ਸੰਗਠਨ ਰਹਿਤ ਏਕਾਧਿਕਾਰਵਾਦੀ ਕੇਜਰੀਵਾਲ ਨੇ ਸਿਵਾਏ ਭਗਵੰਤ ਮਾਨ ਤੋਂ ਕਿਸੇ ਨੂੰ ਉਭਰਨ ਨਹੀਂ ਦਿਤਾ। ਅੱਗੋਂ ਮਾਨ ਨੇ ਪੰਜਾਬ ਵਿਚ ਕਿਸੇ ਨੂੰ ਉਭਰਨ ਨਹੀਂ ਦਿਤਾ। ਸੋ ਭਗਵੰਤ ਮਾਨ ਨੂੰ 6ਰਾਜਨੀਤਕ ਮੁਹਾਜਾਂ ਤੇ ਲੋਕ ਸਭਾ ਚੋਣਾਂ ਵਿਚ ਜੂਝਨਾ ਪਵੇਗਾ। 1 ਪੰਜਾਬ-ਚੰਡੀਗੜ੍ਹ, 2 ਦਿੱਲੀ, 3 ਦਿੱਲੀ ਤੋਂ ਬਾਹਰੀ ਰਾਜ, 4 ਇੰਡੀਆ ਗਠਜੋੜ ਨਾਲ ਤਾਲਮੇਲ, 5 ਕੇਜਰੀਵਾਲ ਕੇਸ, 6 ਪਾਰਟੀ ਦੀ ਅਗਵਾਈ। ਸਚਮੁੱਚ ਇਹ ਭਗਵੰਤ ਮਾਨ ਅਤੇ ਪਾਰਟੀ ਲਈ ਅਤਿ ਚੁਣੌਤੀ ਭਰਿਆ ਸਮਾਂ ਹੈ।

ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ

ਕਿੰਗਸਟਨ-ਕੈਨੇਡਾ

+12898292929

Next Story
ਤਾਜ਼ਾ ਖਬਰਾਂ
Share it