2023 ’ਚ ਬੀਤੀਆਂ ਘਟਨਾਵਾਂ ਤੋਂ ਸਬਕ ਲੈਣ ਦੀ ਲੋੜ
ਚੰਡੀਗੜ੍ਹ, 30 ਦਸੰਬਰ (ਸ਼ਾਹ) : ਸਾਲ 2023 ਬੀਤ ਚੁੱਕਿਆ ਏ ਅਤੇ ਨਵੇਂ ਸਾਲ 2024 ਦੀ ਸ਼ੁਰੂਆਤ ਹੋ ਚੁੱਕੀ ਐ। ਸਾਲ 2023 ਦੌਰਾਨ ਦੇਸ਼ ਵਿਚ ਕਈ ਅਜਿਹੇ ਵੱਡੇ ਦਰਦਨਾਕ ਹਾਦਸੇ ਹੋਏ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਇਨ੍ਹਾਂ ਹਾਦਸਿਆਂ ਦੌਰਾਨ ਸੈਂਕੜੇ ਲੋਕਾਂ ਦੀਆਂ ਜਾਨਾਂ ਗਈਆਂ। ਆਓ, ਪੁਰਾਣੇ ਸਾਲ ਨੂੰ ਵਿਦਾਈ ਦਿੰਦਿਆਂ ਤੁਹਾਨੂੰ ਅਜਿਹੀਆਂ ਕੁੱਝ ਘਟਨਾਵਾਂ […]
By : Makhan Shah
ਚੰਡੀਗੜ੍ਹ, 30 ਦਸੰਬਰ (ਸ਼ਾਹ) : ਸਾਲ 2023 ਬੀਤ ਚੁੱਕਿਆ ਏ ਅਤੇ ਨਵੇਂ ਸਾਲ 2024 ਦੀ ਸ਼ੁਰੂਆਤ ਹੋ ਚੁੱਕੀ ਐ। ਸਾਲ 2023 ਦੌਰਾਨ ਦੇਸ਼ ਵਿਚ ਕਈ ਅਜਿਹੇ ਵੱਡੇ ਦਰਦਨਾਕ ਹਾਦਸੇ ਹੋਏ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਇਨ੍ਹਾਂ ਹਾਦਸਿਆਂ ਦੌਰਾਨ ਸੈਂਕੜੇ ਲੋਕਾਂ ਦੀਆਂ ਜਾਨਾਂ ਗਈਆਂ। ਆਓ, ਪੁਰਾਣੇ ਸਾਲ ਨੂੰ ਵਿਦਾਈ ਦਿੰਦਿਆਂ ਤੁਹਾਨੂੰ ਅਜਿਹੀਆਂ ਕੁੱਝ ਘਟਨਾਵਾਂ ਬਾਰੇ ਦੱਸਦੇ ਆਂ, ਅੱਗੇ ਵਾਸਤੇ ਜਿਨ੍ਹਾਂ ਤੋਂ ਸਬਕ ਲੈਣ ਦੀ ਜ਼ਰੂਰਤ ਐ।
ਬਾਲਾਸੋਰ ਟ੍ਰੇਨ ਹਾਦਸਾ : ਇਹ ਭਿਆਨਕ ਰੇਲ ਹਾਦਸਾ 2 ਜੂਨ 2023 ਨੂੰ ਓਡੀਸ਼ਾ ਵਿਚ ਬਾਲਾਸੋਰ ਜ਼ਿਲ੍ਹੇ ਦੇ ਬਹਾਨਗਾ ਵਿਚ ਇਕ ਗ਼ਲਤ ਸਿਗਨਲ ਦੀ ਵਜ੍ਹਾ ਕਰਕੇ ਵਾਪਰਿਆ, ਜਿਸ ਕਰਕੇ ਤਿੰਨ ਟ੍ਰੇਨਾਂ ਆਪਸ ਵਿਚ ਟਕਰਾ ਗਈਆਂ ਅਤੇ 296 ਲੋਕਾਂ ਦੀ ਮੌਤ ਹੋਈ, ਜਦਕਿ 1200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਕੋਰੋਮੰਡਲ ਦੇ ਕੁੱਝ ਡੱਬੇ ਨਾਲ ਦੀ ਪੱਟੜੀ ’ਤੇ ਡਿੱਗ ਗਏ ਅਤੇ ਉਸੇ ਸਮੇਂ ਬੰਗਲੁਰੂ ਹਾਵੜਾ ਸੁਪਰਫਾਸਟ ਵੀ ਟ੍ਰੈਕ ’ਤੇ ਆ ਗਈ ਅਤੇ ਕੋਰੋਮੰਡਲ ਟ੍ਰੇਨ ਦੇ ਡੱਬਿਆਂ ਨਾਲ ਟਕਰਾ ਗਈ। ਭਾਰਤ ਵਿਚ ਪਿਛਲੇ ਕਰੀਬ 28 ਸਾਲਾਂ ਵਿਚ ਇਹ ਸਭ ਤੋਂ ਵੱਡਾ ਰੇਲ ਹਾਦਸਾ ਸੀ।
ਸੀਬੀਆਈ ਦੇ ਅਨੁਸਾਰ ਸੀਨੀਅਰ ਡਿਵੀਜ਼ਨਲ ਸਿਗਨਲ ਅਤੇ ਟੈਲੀਕਾਮ ਇੰਜੀਨਿਅਰ ਦੀ ਮਨਜ਼ੂਰੀ ਤੋਂ ਬਿਨਾਂ ਮੁਰੰਮਤ ਕਾਰਜ ਕੀਤੇ ਜਾ ਰਹੇ ਸੀ। ਮੁਰੰਮਤ ਦੇ ਸਮੇਂ ਤਾਰਾਂ ਦੀ ਗਲਤ Labeling ਨਾਲ ਆਟੋਮੈਟਿਕ Signaling ਸਿਸਟਮ ਵਿਚ ਗੜਬੜੀ ਹੋ ਈ ਅਤੇ ਟ੍ਰੇਨ ਗ਼ਲਤ ਟ੍ਰੈਕ ’ਤੇ ਚਲੀ ਗਈ। ਇਸ ਗ਼ਲਤੀ ਨੇ 296 ਲੋਕਾਂ ਦੀ ਜਾਨ ਲੈ ਲਈ। ਕਮਿਸ਼ਨਰ ਆਫ਼ ਰੇਲਵੇ ਸੇਫ਼ਟੀ ਨੇ ਮੰਨਿਆ ਕਿ ਕਵਚ ਸਿਸਟਮ ਅਤੇ ਵੱਡੇ ਅਧਿਕਾਰੀਆਂ ਦੇ ਵਿਚਕਾਰ ਸਹੀ ਕੋਆਰਡੀਨੇਸ਼ਨ ਨਾਲ ਅਜਿਹੀਆਂ ਘਟਨਾਵਾਂ ਨੂੰ ਟਾਲਿਆ ਜਾ ਸਕਦਾ ਏ। ਸੋ ਇਸ ਘਟਨਾ ਤੋਂ ਅੱਗੇ ਵਾਸਤੇ ਸਬਕ ਲੈਣ ਦੀ ਲੋੜ ਐ।
ਸੰਸਦ ’ਚ ਘੁਸਪੈਠ : ਇਹ ਘਟਨਾ ਸਾਲ 2023 ਦੇ ਆਖ਼ਰ ਵਿਚ 13 ਦਸੰਬਰ ਨੂੰ ਵਾਪਰੀ, ਜਦੋਂ ਸਾਗਰ ਅਤੇ ਮਨੋਰੰਜਨ ਨਾਂਅ ਦੇ ਦੋ ਨੌਜਵਾਨ ਸੰਸਦ ਦੀ ਵਿਜ਼ੀਟਰ ਗੈਲਰੀ ਤੋਂ ਸਾਂਸਦਾਂ ਦੇ ਬੈਠਣ ਵਾਲੇ ਡੈਸਕਾਂ ’ਤੇ ਕੁੱਦ ਗਏ। ਸਪੀਕਰ ਵੱਲ ਵਧਦੇ ਹੋਏ ਦੋਵਾਂ ਨੇ ਜੁੱਤੇ ਤੋਂ ਸਮੋਕ ਕੈਨ ਕੱਢ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਕੁੱਝ ਸਾਂਸਦਾਂ ਅਤੇ ਸੰਸਦ ਦੇ ਕਰਮਚਾਰੀਆਂ ਨੇ ਦੋਵੇਂ ਨੌਜਵਾਨਾਂ ਨੂੰ ਫੜ ਕੇ ਕੁਟਾਪਾ ਚਾੜਿਆ ਅਤੇ ਬਾਅਦ ਵਿਚ ਸੁਰੱਖਿਆ ਕਰਮੀਆਂ ਦੇ ਹਵਾਲੇ ਕਰ ਦਿੱਤਾ। ਸਭ ਤੋਂ ਖ਼ਾਸ ਗੱਲ ਇਹ ਸੀ ਕਿ ਇਹ ਘਟਨਾ ਸੰਸਦ ’ਤੇ ਅੱਤਵਾਦੀ ਹਮਲੇ ਦੀ ਬਰਸੀ ਵਾਲੇ ਦਿਨ ਵਾਪਰੀ।
ਹੈਰਾਨੀ ਦੀ ਗੱਲ ਇਹ ਐ ਕਿ ਅੱਤਵਾਦੀ ਹਮਲੇ ਦੀ ਬਰਸੀ ਹੋਣ ਦੇ ਬਾਵਜੂਦ ਵਾਧੂ ਚੌਕਸੀ ਨਹੀਂ ਵਰਤੀ ਗਈ। ਹੋਰ ਤਾਂ ਹੋਰ ਉਸ ਦਿਨ ਸੰਸਦ ਵਿਚ ਸਟਾਫ਼ ਵੀ ਪੂਰਾ ਨਹੀਂ ਸੀ। ਥ੍ਰੀ ਲੇਅਰ ਸਕਿਓਰਟੀ ਚੈੱਕ ਦੇ ਬਾਵਜੂਦ ਜੁੱਤੇ ਖੁੱਲ੍ਹਵਾ ਕੇ ਚੰਗੀ ਤਰ੍ਹਾਂ ਤਲਾਸ਼ੀ ਤੱਕ ਨਹੀਂ ਲਈ ਗਈ।
ਇਸ ਘਟਨਾ ਨੇ ਇਕ ਸਬਕ ਜ਼ਰੂਰ ਸਿਖਾ ਦਿੱਤਾ ਕਿ ਅਜੇ ਸਿਰਫ਼ ਮੈਟਲ ਹੋਣ ’ਤੇ ਹੀ ਸਕੈਨਰ ਬੀਪ ਕਰਦਾ ਏ, ਹੁਣ ਪਲਾਸਟਿਕ ਦੀ ਜਾਂਚ ਵੀ ਜ਼ਰੂਰੀ ਕਰ ਦਿੱਤੀ ਗਈ ਐ। ਪਾਸ ਜਾਰੀ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪੜਤਾਲ ਕਰਨੀ ਚਾਹੀਦੀ ਐ। ਇਸ ਘਟਨਾ ਤੋਂ ਸਬਕ ਲੈਂਦਿਆਂ ਹੁਣ ਸੰਸਦ ਦੀ ਸੁਰੱਖਿਆ ਸੀਆਈਐਸਐਫ ਨੂੰ ਸੌਂਪ ਦਿੱਤੀ ਗਈ ਐ।
ਜੋਸ਼ੀਮੱਠ ਦੇ 868 ਘਰਾਂ ’ਚ ਦਰਾੜਾਂ : ਇਹ ਘਟਨਾ 2 ਜਨਵਰੀ ਦੀ ਰਾਤ ਢਾਈ ਵਜੇ ਵਾਪਰੀ ਜਦੋਂ ਜੋਸ਼ੀ ਮੱਠ ਵਿਚ ਕੰਧਾਂ ਫਟਣ ਲੱਗੀਆਂ ਅਤੇ ਕੰਕਰੀਟ ਦੇ ਟੁਕੜੇ ਡਿੱਗਣ ਲੱਗੇ। ਠੰਡ ਦੇ ਮੌਸਮ ਵਿਚ ਲੋਕਾਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਹੋਣਾ ਪਿਆ। 8 ਜਨਵਰੀ ਤੱਕ 868 ਘਰਾਂ ਵਿਚ ਦਰਾੜਾਂ ਆ ਚੁੱਕੀਆਂ ਸੀ ਅਤੇ 600 ਪਰਿਵਾਰਾਂ ਨੂੰ ਪਲਾਇਨ ਕਰਕੇ ਕਿਸੇ ਹੋਰ ਥਾਂ ’ਤੇ ਜਾਣਾ ਪਿਆ ਸੀ।
ਦਰਅਸਲ 1974 ਵਿਚ ਗੜ੍ਹਵਾਲ ਕੁਲੈਕਟਰ ਐਮਸੀ ਮਿਸ਼ਰਾ ਦੀ ਕਮੇਟੀ ਨੇ ਕਿਹਾ ਸੀ ਕਿ ਜੋਸ਼ੀ ਮੱਠ ਸ਼ਹਿਰ ਚੱਟਾਨ ਨਹੀਂ ਬਲਕਿ ਰੇਤ ਅਤੇ ਪੱਥਰ ਦੇ ਉਪਰ ਵਸਿਆ ਹੋਇਆ ਏ। ਜੇਕਰ ਕੰਸਟਰੱਕਸ਼ਨ ਅਤੇ ਬਲਾਸਟਿੰਗ ਹੁੰਦੀ ਐ ਤਾਂ ਪਹਾੜ ਕਿਸੇ ਸਮੇਂ ਵੀ ਧੱਸ ਸਕਦਾ ਏ। ਐਨਟੀਪੀਸੀ ਦੇ ਹਾਈਡ੍ਰੋ ਪ੍ਰੋਜੈਕਟ ਅਤੇ ਚਾਰਧਾਮ ਆਲਵੈਦਰ ਰੋਡ ਦੀ ਵਜ੍ਹਾ ਨਾਲ ਕੰਸਟਰੱਕਸ਼ਨ ਚੱਲ ਰਿਹਾ ਸੀ, ਜਿਸ ਦੇ ਕਾਰਨ ਇਹ ਸਭ ਕੁੱਝ ਹੋਇਆ। ਵਾਡੀਆ ਇੰਸਟੀਚਿਊਟ ਆਫ਼ ਹਿਮਾਲਿਅਨ ਜਿਓਲੌਜੀ ਦੇ ਮੁਤਾਬਕ ਜੋਸ਼ੀ ਮੱਠ ਵਰਗੇ ਸ਼ਹਿਰ ਗਲੇਸ਼ੀਅਰ ਮਟੀਰੀਅਲ ’ਤੇ ਵੱਸੇ ਹੋਏ ਨੇ ਪਰ ਇਨ੍ਹਾਂ ਸ਼ਹਿਰਾਂ ਨੂੰ ਵੱਡੇ ਕੰਸਟਰੱਕਸ਼ਨ ਪ੍ਰੋਜੈਕਟਾਂ ਨੂੰ ਰੋਕ ਕੇ ਬਚਾਇਆ ਜਾ ਸਕਦਾ ਏ। ਸਾਨੂੰ ਜੋਸ਼ੀ ਮੱਠ ਵਾਲੀ ਘਟਨਾ ਤੋਂ ਸਬਕ ਲੈਣ ਦੀ ਲੋੜ ਐ, ਅਜਿਹੀ ਘਟਨਾ ਹੋਰ ਥਾਵਾਂ ’ਤੇ ਵੀ ਵਾਪਰ ਸਕਦੀ ਐ।
ਉਤਰਕਾਸ਼ੀ ਸੁਰੰਗ ’ਚ ਫਸੇ 41 ਮਜ਼ਦੂਰ : ਇਹ ਘਟਨਾ 12 ਨਵੰਬਰ 2023 ਨੂੰ ਸਵੇਰੇ ਸਾਢੇ 5 ਵਜੇ ਉਤਰਾਖੰਡ ਦੇ ਸਿਲਕਿਆਰਾ ਟਨਲ ਦਾ ਹਿੱਸਾ ਡਿੱਗਣ ਦੇ ਕਾਰਨ ਵਾਪਰੀ। ਇਸ ਘਟਨਾ ਤੋਂ ਬਾਅਦ 60 ਮੀਟਰ ਤੱਕ ਮਲਬਾ ਫੈਲ ਗਿਆ ਅਤੇ ਸੁਰੰਗ ਦੇ ਅੰਦਰ ਕੰਮ ਕਰ ਰਹੇ 41 ਮਜ਼ਦੂਰ ਬਾਕੀ ਦੁਨੀਆ ਨਾਲੋਂ ਕਟ ਗਏ। ਅਮਰੀਕੀ ਆਗਰ ਮਸ਼ੀਨ ਵੀ ਰੈਸਕਿਊ ਵਿਚ ਫ਼ੇਲ੍ਹ ਹੋ ਗਈ ਸੀ। ਆਖ਼ਰਕਾਰ 17 ਦਿਨਾਂ ਦੀ ਸਖ਼ਤ ਮਸ਼ੱਕਤ ਮਗਰੋਂ 28 ਨਵੰਬਰ ਨੂੰ ਰੈਟ ਮਾਈਨਰਸ ਨੇ 900 ਐਮਐਮ ਦੀ ਪਾਈਪ ਜ਼ਰੀਏ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਐਲ ਐਂਡ ਟੀ ਕੰਪਨੀ ਦੇ ਸਾਬਕਾ ਪ੍ਰੋਜੈਕਟ ਡਾਇਰੈਕਟਰ ਮਨੋਜ ਗਰਨਾਇਕ ਦੇ ਮੁਤਾਬਕ ਹੋ ਸਕਦੈ ਵਿਸਫ਼ੋਟ ਨਾਲ ਚੱਟਾਨ ਦੀ ਪਕੜ ਕਮਜ਼ੋਰ ਹੋਣ ਕਰਕੇ ਇਹ ਸੁਰੰਗ ਧੱਸ ਗਈ ਹੋਵੇ।
ਇਸ ਘਟਨਾ ਤੋਂ ਬਾਅਦ ਵੱਡਾ ਸਬਕ ਮਿਲਿਆ। ਜਿਓਲਾਜੀਕਲ ਸਰਵੇ ਵਿਚ ਹਾਰਡ ਰੌਕ ਮਿੱਟੀ ਦੀ ਗੱਲ ਆਖੀ ਗਈ ਸੀ ਪਰ ਜਦੋਂ ਅੰਦਰ ਤੱਕ ਪੁੱਟ ਕੇ ਦੇਖੀ ਗਈ ਤਾਂ ਭੁਰਭੁਰੀ ਮਿੱਟੀ ਨਿਕਲੀ। ਅਜਿਹੇ ਕਿਸੇ ਪ੍ਰੋਜੈਕਟ ਤੋਂ ਪਹਿਲਾਂ ਕਈ ਵਾਰ ਸਰਵੇ ਅਤੇ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਐ। ਟਨਲ ਦੀ ਖੁਦਾਈ ਦੇ ਸਮੇਂ ਅਜਿਹੇ ਹਾਦਸਿਆਂ ਦੇ ਲਈ ਇਕ ਅਸਕੇਪ ਟਨਲ ਦਾ ਹੋਣਾ ਬਹੁਤ ਜ਼ਰੂਰੀ ਐ।
ਨਾਂਦੇੜ ਦੇ ਹਸਪਤਾਲ ’ਚ 16 ਬੱਚਿਆਂ ਦੀ ਮੌਤ : ਮਹਾਰਾਸ਼ਟਰ ਦੇ ਨਾਂਦੇੜ ਵਿਚ ਡਾ. ਸ਼ੰਕਰਰਾਓ ਚੌਹਾਨ ਸਰਕਾਰੀ ਹਸਪਤਾਲ ਵਿਚ ਇਹ ਮੰਦਭਾਗੀ ਘਟਨਾ 2 ਅਕਤੂਬਰ 2023 ਨੂੰ ਵਾਪਰੀ। ਦਰਅਸਲ ਹਸਪਤਾਲ ਵਿਚ ਜੱਚਾ ਬੱਚਾ ਦੇ ਲਈ ਨਾ ਦਵਾਈਆਂ ਮੌਜੂਦ ਸਨ ਅਤੇ ਨਾ ਹੀ ਨਰਸ, ਜਿਸ ਕਾਰਨ ਮਹਿਜ਼ 48 ਘੰਟਿਆਂ ਦੇ ਅੰਦਰ ਹੀ 16 ਬੱਚਿਆਂ ਦੀ ਮੌਤ ਹੋ ਗਈ ਸੀ।
ਦਰਅਸਲ ਹਸਪਤਾਲ ਦੇ ਡੀਨ ਡਾ. ਵਾਕਾਡੇ ਮੁਤਾਬਕ 70-80 ਕਿਲੋਮੀਟਰ ਵਿਚ ਇਹ ਇਕਲੌਤਾ ਹਸਪਤਾਲ ਐ। ਕਈ ਵਾਰ ਮਰੀਜ਼ਾਂ ਦੀ ਗਿਣਤੀ ਇੰਨੀ ਹੋ ਜਾਂਦੀ ਐ ਕਿ ਪ੍ਰਬੰਧ ਕਰਨਾ ਮੁਸ਼ਕਲ ਹੋ ਜਾਂਦਾ ਏ। ਐਨਆਈਸੀਯੂ ਵਿਚ 65 ਬੱਚੇ ਐਡਮਿਟ ਸਨ, ਜਦਕਿ ਸਮਰੱਥਾ ਸਿਰਫ਼ 24 ਬੱਚਿਆਂ ਦੀ ਐ। ਹਸਪਤਾਲ ਵਿਚ 500 ਬੈੱਡ ਦਾ ਪ੍ਰਬੰਧ ਐ ਪਰ ਉਥੇ 1200 ਮਰੀਜ਼ ਭਰਤੀ ਸਨ।
ਇਸ ਵੱਡੀ ਘਟਨਾ ਤੋਂ ਇਹ ਸਬਕ ਮਿਲਿਆ ਕਿ ਬਜਟ ਅਤੇ ਮੁਢਲੀਆਂ ਸੁਵਿਧਾਵਾਂ ਦੀ ਕਮੀ ਕਾਰਨ ਇੰਨੀ ਵੱਡੀ ਘਟਨਾ ਵਾਪਰੀ। ਹਸਪਤਾਲ ਦੀ ਸਮਰੱਥਾ ਵਧਾਉਣ ਦੀ ਲੋੜ ਐ। ਇਸ ਗੱਲ ’ਤੇ ਵੀ ਬੇਹੱਦ ਧਿਆਨ ਦੇਣ ਦੀ ਲੋੜ ਐ ਕਿ ਹਸਪਤਾਲ ਵਿਚ ਜੇਕਰ ਬੱਚਿਆਂ ਨੂੰ ਸਾਹ ਲੈਣ ਵਿਚ ਮਦਦ ਕਰਨ ਵਾਲੀਆਂ ਮਸ਼ੀਨਾਂ ਉਪਲਬਧ ਨੇ ਤਾਂ ਉਨ੍ਹਾਂ ਨੂੰ ਚਲਾਉਣ ਵਾਲੇ ਟ੍ਰੇਂਡ ਕਰਮਚਾਰੀ ਵੀ ਹੋਣੇ ਚਾਹੀਦੇ ਨੇ।
ਸਿੱਕਿਮ ’ਚ ਹੜ੍ਹ ਕਾਰਨ 75 ਮੌਤਾਂ : ਕੁਦਰਤੀ ਤਬਾਹੀ ਦੀ ਇਹ ਵੱਡੀ ਘਟਨਾ 4 ਅਕਤੂਬਰ 2023 ਨੂੰ ਸਿੱਕਿਮ ਦੇ ਦੱਖਣ ਲੋਨਾਕ ਝੀਲ ਦੇ ਟੁੱਟਣ ਨਾਲ ਵਾਪਰੀ ਜਦੋਂ ਇਸ ਨਾਲ ਤੀਸਤਾ ਨਦੀ ਦਾ ਬੰਨ੍ਹ ਟੁੱਟ ਗਿਆ। ਪਾਣੀ ਦਾ ਵਹਾਅ 15 ਮੀਟਰ ਪ੍ਰਤੀ ਸਕਿੰਟ ਯਾਨੀ 54 ਕਿਲੋਮੀਟਰ ਪ੍ਰਤੀ ਘੰਟਾ ਸੀ। ਇਸ ਦੌਰਾਨ 75 ਲੋਕਾਂ ਦੀ ਮੌਤ ਹੋ ਗਈ ਸੀ। ਫ਼ੌਜ ਦੇ 22 ਜਵਾਨਾਂ ਸਮੇਤ 105 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਉਜਾੜੇ ਦਾ ਦਰਦ ਝੱਲਣਾ ਪਿਆ।
ਵਿਗਿਆਨੀਆਂ ਦੇ ਮੁਤਾਬਕ ਸਾਊਥ ਲੋਨਾਕ ਲੇਕ ’ਤੇ ਗਲੇਸ਼ੀਅਰ ਲੇਕ ਆਊਟਬ੍ਰਸਟ ਫਲੱਡ ਯਾਨੀ ਜੀਐਲਓਐਫ ਦਾ ਸ਼ੱਕ ਬਹੁਤ ਪਹਿਲਾਂ ਤੋਂ ਹੀ ਜਤਾਇਆ ਜਾ ਰਿਹਾ ਸੀ। ਗਲੋਬਲ ਵਾਰਮਿੰਗ ਦੇ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਨੇ, ਜਿਸ ਨਾਲ ਕਈ ਹਿਮਾਲਿਅਨ ਝੀਲਾਂ ਦੇ ਪਾਣੀ ਪੱਧਰ ਵਿਚ ਤੇਜ਼ੀ ਨਾਲ ਵਾਧਾ ਹੋਇਆ ਪਰ ਅਫ਼ਸੋਸ ਪ੍ਰਸਾਸ਼ਨ ਵੱਲੋਂ ਇਨ੍ਹਾਂ ਗੱਲਾਂ ’ਤੇ ਗੌਰ ਨਹੀਂ ਕੀਤਾ ਗਿਆ।
ਕਹਿੰਦੇ ਨੇ ਹਰ ਕੋਈ ਘਟਨਾ ਜਾਂ ਵੱਡਾ ਹਾਦਸਾ ਕੋਈ ਨਾ ਕੋਈ ਸਬਕ ਸਿਖਾ ਕੇ ਜਾਂਦਾ ਏ। ਇਸ ਘਟਨਾ ਤੋਂ ਵੀ ਸਬਕ ਲੈਣ ਦੀ ਲੋੜ ਐ। ਭਾਰਤ ਵਿਚ ਜ਼ਿਆਦਾ ਖ਼ਤਰੇ ਵਾਲੀਆਂ 56 ਹਿਮਾਲਿਅਨ ਝੀਲਾਂ ਵਿਚ ਸਮਾਂ ਰਹਿੰਦੇ ਉੱਨਤ ਚਿਤਾਵਨੀ ਪ੍ਰਣਾਲੀ ਸਥਾਪਿਤ ਕਰਨ ਦੀ ਲੋੜ ਐ, ਜਿਸ ਨਾਲ ਆਫ਼ਤ ਦੀ ਚਿਤਾਵਨੀ ਸਮਾਂ ਰਹਿੰਦੇ ਜਾਰੀ ਕੀਤੀ ਜਾ ਸਕੇ। ਹੈਰਾਨੀ ਦੀ ਗੱਲ ਇਹ ਐ ਕਿ ਲੋਨਾਕ ਦੇ ਲਈ ਵੀ ਸੂਚਨਾ ਪਹਿਲਾਂ ਦਿੱਤੀ ਗਈ ਸੀ ਪਰ ਅਲਰਟ ਸਿਸਟਮ ਮੌਜੂਦ ਨਹੀਂ ਸੀ, ਜਿਸ ਕਰਕੇ ਇੰਨਾ ਵੱਡਾ ਨੁਕਸਾਨ ਝੱਲਣਾ ਪਿਆ।
ਇੰਦੌਰ ’ਚ ਬਾਉਲੀ ਧੱਸਣ ਨਾਲ 36 ਮੌਤਾਂ : ਇਹ ਮੰਦਭਾਗੀ ਘਟਨਾ 30 ਮਾਰਚ 2023 ਨੂੰ ਇੰਦੌਰ ਦੇ ਬਾਲੇਸ਼ਵਰ ਝੂਲੇਲਾਲ ਮੰਦਰ ਵਿਚ ਪੂਜਾ ਦੌਰਾਨ ਵਾਪਰੀ ਜਦੋਂ ਪੂਜਾ ਪਾਠ ਵਿਚ ਸ਼ਾਮਲ ਹੋਏ ਲੋਕ ਅਚਾਨਕ 40 ਫੁੱਟ ਡੂੰਘੀ ਬਾਉਲੀ ਵਿਚ ਡਿੱਗ ਗਏ। ਬਾਉਲੀ ਵਿਚ 10 ਫੁੱਟ ਤੱਕ ਪਾਣੀ ਭਰਿਆ ਹੋਇਆ ਸੀ, ਜਿਸ ਵਿਚ ਡਿੱਗੇ 40 ਵਿਚੋਂ 33 ਲੋਕਾਂ ਦੀ ਰੈਸਕਿਊ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਤਿੰਨ ਲੋਕਾਂ ਨੇ ਬਾਅਦ ਵਿਚ ਦਮ ਤੋੜ ਦਿੱਤਾ। ਇਹ ਮੰਦਰ 60 ਸਾਲ ਪੁਰਾਣਾ ਸੀ ਅਤੇ ਵੱਡੀ ਗਿਣਤੀ ਵਿਚ ਲੋਕ ਬਾਉਲੀ ਦੇ ਉਪਰ ਪਾਈ ਸਲੈਬ ’ਤੇ ਚੜ੍ਹ ਗਏ, ਜਿਸ ਕਾਰਨ ਸਲੈਬ ਟੁੱਟ ਗਈ ਅਤੇ ਸਾਰੇ ਲੋਕ ਖੂਹ ਵਿਚ ਡਿੱਗ ਗਏ।
ਦਰਅਸਲ ਗ਼ਲਤੀ ਇੱਥੇ ਹੋਈ ਕਿ ਜਦੋਂ ਮੰਦਰ ਦਾ ਨਿਰਮਾਣ ਕੀਤਾ ਗਿਆ ਤਾਂ ਬਾਉਲੀ ਨੂੰ ਭਰਿਆ ਨਹੀਂ ਗਿਆ ਬਲਕਿ ਇਸ ਨੂੰ ਲੋਹੇ ਦੀ ਜਾਲੀ ਨਾਲ ਪੱਕਾ ਕਰ ਦਿੱਤਾ ਗਿਆ ਸੀ, ਜਿਸ ਨਾਲ 100 ਤੋਂ ਜ਼ਿਆਦਾ ਲੋਕਾਂ ਦਾ ਵਜ਼ਨ ਸਹਿਣਾ ਮੁਸ਼ਕਲ ਸੀ ਪਰ ਕਈ ਸਾਲ ਬੀਤ ਜਾਣ ਕਾਰਨ ਇਹ ਸਲੈਬ ਕਮਜ਼ੋਰ ਪੈ ਚੁੱਕੀ ਸੀ, ਕਿਸੇ ਨੇ ਧਿਆਨ ਨਹੀਂ ਦਿੱਤਾ। ਹੈਰਾਨੀ ਦੀ ਗੱਲ ਇਹ ਐ ਕਿ ਇੰਦੌਰ ਨਗਰ ਨਿਗਮ ਨੇ ਅਪ੍ਰੈਲ 2022 ਵਿਚ ਮੰਦਰ ਨੂੰ ਗੈਰਕਾਨੂੰਨੀ ਨਿਰਮਾਣ ਦੇ ਕਾਰਨ ਨੋਟਿਸ ਵੀ ਦਿੱਤਾ ਸੀ, ਜਿਸ ਦੇ ਜਵਾਬ ਵਿਚ ਮੰਦਰ ਕਮੇਟੀ ਨੇ ਇਹ ਆਖਿਆ ਕਿ ਇੱਥੇ ਕੋਈ ਗ਼ੈਰਕਾਨੂੰਨੀ ਨਿਰਮਾਣ ਨਹੀਂ ਹੋਇਆ। ਇੰਨੀ ਵੱਡੀ ਗਲ਼ਤੀ ਛੁਪਾਉਣੀ ਮੰਦਰ ਕਮੇਟੀ ਨੂੰ ਮਹਿੰਗੀ ਪੈ ਗਈ।
ਹੁਣ ਇਸ ਘਟਨਾ ਤੋਂ ਸਬਕ ਲੈਂਦਿਆਂ ਪੁਰਾਣੀਆਂ ਅਤੇ ਖ਼ਸਤਾ ਹਾਲ ਹੋਈਆਂ ਇਮਾਰਤਾਂ ਅਤੇ ਇਸ ਤਰ੍ਹਾਂ ਦੀਆਂ ਬਾਊਲੀਆਂ ਦਾ ਸਰਵੇ ਕਰਕੇ ਇਨ੍ਹਾਂ ਨੂੰ ਹਟਾਉਣਾ ਚਾਹੀਦਾ ਏ ਜਾਂ ਫਿਰ ਇਨ੍ਹਾਂ ਦੀ ਮੁਰੰਮਤ ਕਰਨੀ ਚਾਹੀਦੀ ਐ।
ਸੋ ਸਾਨੂੰ ਨਵੇਂ ਸਾਲ ਵਿਚ ਪੁਰਾਣੀਆਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਏ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਅਸੀਂ ਦੁਆ ਕਰਦੇ ਆਂ ਕਿ ਪ੍ਰਮਾਤਮਾ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਾਵੇ ਅਤੇ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਲਈ ਢੇਰ ਸਾਰੀਆਂ ਖ਼ੁਸ਼ੀਆਂ ਲੈ ਕੇ ਆਵੇ। ਅਜਿਹੀਆਂ ਹੀ ਹੋਰ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ