ਪਰਵਾਸੀ ਭਾਰਤੀ ਨੂੰ ਕਪੂਰਥਲਾ ਪੁਲਿਸ ਲਾਈਨ ਕੋਲ ਲੁੱਟਿਆ
ਕਪੂਰਥਲਾ, 3 ਅਕਤੂਬਰ , ਹ.ਬ. : ਪੰਜਾਬ ਦੇ ਕਪੂਰਥਲਾ ’ਚ ਬਾਈਕ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਸਵੇਰ ਦੀ ਸੈਰ ਲਈ ਨਿਕਲੇ ਪਰਵਾਸੀ ਭਾਰਤੀ ਕੋਲੋਂ ਲੱਖਾਂ ਰੁਪਏ ਦਾ ਸਾਮਾਨ ਲੁੱਟ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਪੁਲਿਸ ਲਾਈਨ ਤੋਂ ਥੋੜ੍ਹੀ ਦੂਰੀ ’ਤੇ ਵਾਪਰੀ ਹੈ। ਪੀੜਤ ਐਨਆਰਆਈ ਅਨੁਸਾਰ ਲੁਟੇਰਿਆਂ ਨੇ ਉਸ ਨੂੰ ਡਰਾ ਧਮਕਾ […]
By : Hamdard Tv Admin
ਕਪੂਰਥਲਾ, 3 ਅਕਤੂਬਰ , ਹ.ਬ. : ਪੰਜਾਬ ਦੇ ਕਪੂਰਥਲਾ ’ਚ ਬਾਈਕ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਸਵੇਰ ਦੀ ਸੈਰ ਲਈ ਨਿਕਲੇ ਪਰਵਾਸੀ ਭਾਰਤੀ ਕੋਲੋਂ ਲੱਖਾਂ ਰੁਪਏ ਦਾ ਸਾਮਾਨ ਲੁੱਟ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਪੁਲਿਸ ਲਾਈਨ ਤੋਂ ਥੋੜ੍ਹੀ ਦੂਰੀ ’ਤੇ ਵਾਪਰੀ ਹੈ। ਪੀੜਤ ਐਨਆਰਆਈ ਅਨੁਸਾਰ ਲੁਟੇਰਿਆਂ ਨੇ ਉਸ ਨੂੰ ਡਰਾ ਧਮਕਾ ਕੇ ਉਸ ਦਾ ਆਈਫੋਨ 14 ਪ੍ਰੋ ਮੋਬਾਈਲ, ਰਾਡੋ ਘੜੀ ਅਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ।
ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਟੀ ਅਰਬਨ ਸਟੇਟ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਤਫ਼ਤੀਸ਼ੀ ਅਫ਼ਸਰ ਏਐਸਆਈ ਸ਼ਿੰਦਰਪਾਲ ਨੇ ਕੀਤੀ ਹੈ।
ਨਾਰਵੇ ਤੋਂ ਆਏ ਐਨਆਰਆਈ ਸੁਰੇਸ਼ ਪਾਲ ਸ਼ਰਮਾ ਪੁੱਤਰ ਕਿਸ਼ਨਪਾਲ ਹਾਲ ਵਾਸੀ ਪਿੰਡ ਪੱਤੜ ਕਲਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਾਢੇ ਪੰਜ ਵਜੇ ਕਾਂਜਲੀ ਰੋਡ ’ਤੇ ਸੈਰ ਕਰ ਰਿਹਾ ਸੀ। ਜਦੋਂ ਉਹ ਪੁਲਸ ਲਾਈਨ ਨੇੜੇ ਗੈਸ ਏਜੰਸੀ ਦੇ ਗੋਦਾਮ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਆਏ। ਉਨ੍ਹਾਂ ਨੇ ਉਸ ਨੂੰ ਰੋਕਿਆ ਅਤੇ ਧਮਕੀਆਂ ਦਿੱਤੀਆਂ।
ਉਸ ਕੋਲੋਂ ਆਈਫੋਨ 14 ਪ੍ਰੋ ਮੋਬਾਈਲ, ਇਕ ਤੋਲੇ ਦੀਆਂ ਦੋ ਮੁੰਦਰੀਆਂ, 8 ਤੋਲੇ ਦੀ ਸੋਨੇ ਦੀ ਚੇਨ, 5 ਤੋਲੇ ਦੇ ਬਰੈਸਲੇਟ ਅਤੇ ਰਾਡੋ ਦੀ ਘੜੀ ਖੋਹ ਲਈ ਗਈ। ਲੁਟੇਰੇ ਕਾਂਜਲੀ ਵੱਲ ਭੱਜ ਗਏ। ਸਿਟੀ ਪੁਲਸ ਸਟੇਸ਼ਨ ਦੇ ਜਾਂਚ ਅਧਿਕਾਰੀ ਏਐਸਆਈ ਸ਼ਿੰਦਰਪਾਲ ਨੇ ਦੱਸਿਆ ਕਿ ਪੀੜਤ ਐਨਆਰਆਈ ਸੁਰੇਸ਼ ਪਾਲ ਸ਼ਰਮਾ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।