ਨਿੱਕੀ ਹੈਲੀ ਦਾ ਰਾਸ਼ਟਰਪਤੀ ਜੋਅ ਬਾਇਡਨ ’ਤੇ ਵੱਡਾ ਦੋਸ਼
ਵਾਸ਼ਿੰਗਟਨ, 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਿਪਬਲੀਕਨ ਪਾਰਟੀ ਦੀ ਉਮੀਦਵਾਰ ਨਿੱਕੀ ਹੈਲੀ ਨੇ ਰਾਸ਼ਟਰਪਤੀ ਜੋਅ ਬਾਇਡਨ ’ਤੇ ਵੱਡਾ ਦੋਸ਼ ਲਾਉਂਦਿਆ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨੂੰ ਕਮਿਊਨਿਸਟ ਚੀਨ ’ਤੇ ਕਿਤੇ ਜ਼ਿਆਦਾ ਨਿਰਭਰ ਬਣਾ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਇਹ ਵੀ ਸਹੁੰ ਖਾਧੀ ਕਿ ਉਹ ਦੇਸ਼ ਦੇ […]
By : Hamdard Tv Admin
ਵਾਸ਼ਿੰਗਟਨ, 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਰਿਪਬਲੀਕਨ ਪਾਰਟੀ ਦੀ ਉਮੀਦਵਾਰ ਨਿੱਕੀ ਹੈਲੀ ਨੇ ਰਾਸ਼ਟਰਪਤੀ ਜੋਅ ਬਾਇਡਨ ’ਤੇ ਵੱਡਾ ਦੋਸ਼ ਲਾਉਂਦਿਆ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨੂੰ ਕਮਿਊਨਿਸਟ ਚੀਨ ’ਤੇ ਕਿਤੇ ਜ਼ਿਆਦਾ ਨਿਰਭਰ ਬਣਾ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਇਹ ਵੀ ਸਹੁੰ ਖਾਧੀ ਕਿ ਉਹ ਦੇਸ਼ ਦੇ ਹਰ ਦੁਸ਼ਮਣ ਦਾ ਡਟ ਕੇ ਮੁਕਾਬਲਾ ਕਰਨਗੇ।
ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਇੱਕ ਭਾਸ਼ਣ ਦੌਰਾਨ ਕਿਹਾ ਕਿ ਅਮਰੀਕਾ ਨੂੰ ਕਮਿਊਨਿਸਟ ਚੀਨ ’ਤੇ ਆਰਥਿਕ ਨਿਰਭਰ ਬਣਾ ਦਿੱਤਾ ਹੈ। ਫਿਰ ਵੀ ਮਹਾਂਮਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਸਾਨੂੰ ਮਹੱਤਵਪੂਰਨ ਸਪਲਾਈ ਲਈ ਕਦੇ ਵੀ ਦੁਸ਼ਮਣ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਨਿੱਕੀ ਹੈਲੀ ਨੇ ਕਿਹਾ ਕਿ ਚੀਨ ਉਹ ਇਕੱਲਾ ਦੇਸ਼ ਹੈ, ਜਿਸ ਨੂੰ ਉਹ ਜਵਾਬਦੇਹ ਠਹਿਰਾਏਗੀ। ਉਹ ਹਰ ਉਸ ਦੁਸ਼ਮਣ ਖਿਲਾਫ਼ ਖੜ੍ਹੀ ਰਹੇਗੀ, ਜੋ ਅਮਰੀਕਾ ਵਿਰੁੱਧ ਤਾਕਤ ਦੀ ਵਰਤੋਂ ਕਰਦਾ ਹੈ। ਨਿੱਕੀ ਨੇ ਅੱਗੇ ਕਿਹਾ ਕਿ ਇਤਿਹਾਸ ਸਾਬਤ ਕਰਦਾ ਹੈ ਕਿ ਅਮਰੀਕੀ ਲੋਕਾਂ ਤੋਂ ਵੱਧ ਪ੍ਰਤਿਭਾਸ਼ਾਲੀ ਕੋਈ ਨਹੀਂ ਹੈ। ਦੁਨੀਆ ਅੱਜ ਜ਼ਿਆਦਾ ਸਵੱਛ, ਖੁਸ਼ਹਾਲ ਅਤੇ ਸੁਰੱਖਿਅਤ ਹੈ, ਕਿਉਂਕਿ ਅਮਰੀਕੀ ਲੋਕਾਂ ਨੇ ਉਹੀ ਕੀਤਾ, ਜੋ ਉਹ ਸਭ ਤੋਂ ਵਧੀਆ ਕਰ ਸਕਦੇ ਹਨ।
ਨਿੱਕੀ ਹੈਲੀ ਦਾ ਕਹਿਣਾ ਹੈ ਕਿ ਚੀਨ ਆਪਣੀ ਹੋਂਦ ਲਈ ਖਤਰਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਨੇ ਅਮਰੀਕੀ ਨੌਕਰੀਆਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਇੱਕ ਵੱਡੀ ਫ਼ੌਜ ਬਣਾਉਣ ਲਈ ਅਮਰੀਕੀ ਰਹੱਸ ਚੋਰੀ ਕਰ ਲਏ। ਹੈਲੀ ਨੇ ਕਿਹਾ ਕਿ ਜੰਗ ਨੂੰ ਰੋਕਣ ਅਤੇ ਸ਼ਾਂਤੀ ਬਣਾਏ ਰੱਖਣ ਲਈ ਸਾਨੂੰ ਵੱਡੇ ਕਦਮ ਚੁੱਕਣੇ ਪੈਣਗੇ।
ਦੱਸ ਦੇਈਏ ਕਿ ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਅਤੇ ਨਿੱਕੀ ਹੈਲੀ ਦੂਜੇ ਅਤੇ ਤੀਜੇ ਨੰਬਰ ’ਤੇ ਚੱਲ ਰਹੇ ਹਨ। ਪਹਿਲੇ ਨੰਬਰ ’ਤੇ ਚੱਲ ਰਹੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਮਗਰੋਂ ਇਨ੍ਹਾਂ ਦੋਵਾਂ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਉੱਧਰ ਡੈਮੋਕਰੇਟਿਕ ਪਾਰਟੀ ਵੱਲੋਂ ਇਸ ਵਾਰ ਵੀ ਜੋਅ ਬਾਇਡਨ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਤਿਆਰ ਬੈਠੇ ਹਨ।
ਅਮਰੀਕਾ ’ਚ ਅਗਲੇ ਸਾਲ 2024 ’ਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਇਸ ਵਾਰ ਸਖਤ ਮੁਕਾਬਲਾ ਦੇਖਣ ਨੂੰ ਮਿਲੇਗਾ, ਕਿਉਂਕਿ ਜਿੱਥੇ ਇੱਕ ਪਾਸੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਨ ਲਈ ਪੂਰੀ ਤਿਆਰੀ ਕਰੀ ਬੈਠੇ ਨੇ, ਉੱਥੇ ਦੂਜੇ ਪਾਸੇ ਜੋਅ ਬਾਇਡਨ ਦੀ ਅਗਵਾਈ ਵਾਲੀ ਡੈਮੋਕਰੇਟਿਕ ਪਾਰਟੀ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਹਾਲਾਂਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ ਕਿਸ ਪਾਰਟੀ ਦੇ ਉਮੀਦਵਾਰ ਦੇ ਸਿਰ ਉੱਤੇ ਸਜੇਗਾ।